ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖ਼ਰਕਾਰ ਭਾਜਪਾ 'ਤੇ ਵੀ ਹੱਥ ਪਾ ਲਿਆ ਹੈ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਦੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਤਾਂ ਉਨ੍ਹਾਂ ਨੇ ਆਉਂਦਿਆਂ ਹੀ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ। ਪਹਿਲਾਂ ਉਨ੍ਹਾਂ ਭ੍ਰਿਸ਼ਟਾਚਾਰ ਲਈ ਹੈਲਪਲਾਈਨ ਬਣਾਈ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਸਾਬਕਾ ਕਾਂਗਰਸੀ ਮੰਤਰੀਆਂ ਦੇ ਕੇਸ ਖੋਲ੍ਹਣੇ ਸ਼ੁਰੂ ਕਰ ਦਿੱਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਸਭ ਤੋਂ ਪਹਿਲਾਂ ਸਾਬਕਾ ਕਾਂਗਰਸੀ ਮੰਤਰੀ ਡਾ. ਸਾਧੂ ਸਿੰਘ ਧਰਮਸੌਤ ’ਤੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਐਕਸ਼ਨ ਲਿਆ ਤਾਂ ਸਾਬਕਾ ਕਾਂਗਰਸੀ ਮੰਤਰੀਆਂ ਅਤੇ ਆਗੂਆਂ ’ਚ ਖ਼ੌਫ਼ ਪੈਦਾ ਹੋ ਗਿਆ। ਸਾਬਕਾ ਕਾਂਗਰਸੀ ਮੰਤਰੀਆਂ ਨੂੰ ਇਹ ਅਹਿਸਾਸ ਹੋਇਆ ਕਿ ਜੇਕਰ ਉਹ ਕਾਂਗਰਸ ’ਚ ਬਣੇ ਰਹੇ ਤਾਂ ਭਗਵੰਤ ਮਾਨ ਵੱਲੋਂ ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਫਿਰ ਖੁੱਲ੍ਹਣਗੀਆਂ ਸੈਂਕੜੇ ਕਰੋੜਾਂ ਦੇ ਸਿੰਚਾਈ ਘਪਲੇ ਦੀਆਂ ਪਰਤਾਂ, CM ਮਾਨ ਨੇ ਦਿੱਤੀ ਜਾਂਚ ਨੂੰ ਮਨਜ਼ੂਰੀ
ਇਸ ਤੋਂ ਘਬਰਾ ਕੇ ਸਾਬਕਾ ਕਾਂਗਰਸੀ ਮੰਤਰੀਆਂ ਨੇ ਭਾਜਪਾ ਦੀ ਸ਼ਰਨ ਲੈਣੀ ਸ਼ੁਰੂ ਕਰ ਦਿੱਤੀ। ਕਈ ਸਾਬਕਾ ਮੰਤਰੀਆਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਭਾਜਪਾ ’ਚ ਸ਼ਾਮਲ ਕਰਵਾਇਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਆਪਣੀ ਪਾਰਟੀ ਦੀ ਸ਼ਮੂਲੀਅਤ ਭਾਜਪਾ ’ਚ ਕਰਵਾ ਲਈ। ਭਾਜਪਾ ’ਚ ਸ਼ਾਮਲ ਹੋਣ ਵਾਲੇ ਸਾਬਕਾ ਕਾਂਗਰਸੀ ਮੰਤਰੀਆਂ ਨੂੰ ਇਹ ਉਮੀਦ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ’ਤੇ ਹੱਥ ਨਹੀਂ ਪਾਉਣਗੇ ਕਿਉਂਕਿ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬੈਠੇ ਹੋਏ ਹਨ ਪਰ ਸਾਬਕਾ ਕਾਂਗਰਸੀ ਮੰਤਰੀਆਂ ਦਾ ਇਹ ਅੰਦਾਜ਼ਾ ਵੀ ਗਲਤ ਸਾਬਿਤ ਹੋਇਆ।
ਇਹ ਵੀ ਪੜ੍ਹੋ : USA ਡਾਲਰ ਦੇ ਚੱਕਰਾਂ 'ਚ ਪਏ ਨੌਜਵਾਨ ਨਾਲ ਫਿਲਮੀ ਸਟਾਈਲ 'ਚ ਜੋ ਕਹਾਣੀ ਵਾਪਰੀ, ਪੈਰਾਂ ਹੇਠੋਂ ਖ਼ਿਸਕਾ ਛੱਡੀ ਜ਼ਮੀਨ
ਅਜੇ ਤੱਕ ਤਾਂ ਕਾਂਗਰਸ ’ਚ ਰਹਿਣ ਵਾਲੇ ਸਾਬਕਾ ਮੰਤਰੀਆਂ, ਜਿਨ੍ਹਾਂ ’ਚ ਭਾਰਤ ਭੂਸ਼ਣ ਆਸ਼ੂ ਵੀ ਸ਼ਾਮਲ ਸੀ, ਦੀਆਂ ਗ੍ਰਿਫ਼ਤਾਰੀਆਂ ਹੋ ਰਹੀਆਂ ਸਨ ਪਰ ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ’ਚ ਸ਼ਾਮਲ ਹੋਏ ਸਾਬਕਾ ਕਾਂਗਰਸੀ ਮੰਤਰੀਆਂ ਦੀਆਂ ਵੀ ਗ੍ਰਿਫ਼ਤਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਨਾਲ ਭਾਜਪਾ ’ਚ ਸ਼ਾਮਲ ਕਈ ਹੋਰ ਸਾਬਕਾ ਕਾਂਗਰਸੀ ਮੰਤਰੀ ਵੀ ਡਰੇ ਹੋਏ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਲਈ ਚਿੰਤਾ ਭਰੀ ਖ਼ਬਰ, ਐਤਵਾਰ ਦੇ ਦਿਨ ਸਭ ਤੋਂ ਜ਼ਿਆਦਾ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ
‘ਆਪ’ ਸਰਕਾਰ ਦੇ ਮੰਤਰੀ ਵੀ ਸਹਿਮੇ
ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਜ਼ੋਰ-ਸ਼ੋਰ ਨਾਲ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਨੂੰ ਸ਼ੁਰੂ ਕੀਤਾ ਹੈ, ਉਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਵੀ ਸਹਿਮੇ-ਸਹਿਮੇ ਨਜ਼ਰ ਆ ਰਹੇ ਹਨ। ਮੌਜੂਦਾ ‘ਆਪ’ ਸਰਕਾਰ ਦੇ ਮੰਤਰੀਆਂ ਨੇ ਵੀ ਸੰਭਲ ਕੇ ਚੱਲਣਾ ਸ਼ੁਰੂ ਕੀਤਾ ਹੈ। ਉਨ੍ਹਾਂ ’ਚ ਵੀ ਇਹ ਚਰਚਾ ਚੱਲ ਰਹੀ ਹੈ ਕਿ ਕੇਂਦਰ ’ਚ ਬੈਠੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਜੋੜੀ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕਿਸੇ ’ਤੇ ਵੀ ਰਹਿਮ ਕਰਨ ਵਾਲੀ ਨਹੀਂ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਵਿਜੀਲੈਂਸ ਦੀਆਂ ਕਾਰਵਾਈਆਂ ਤੋਂ ਬਾਅਦ ਸਹਿਮੇ ਵਿਖਾਈ ਦੇ ਰਹੇ ਹਨ। ਸੱਤਾਧਾਰੀ ਪਾਰਟੀ ’ਚ ਇਹ ਪ੍ਰਭਾਵ ਚੱਲ ਰਿਹਾ ਹੈ ਕਿ ਪਤਾ ਨਹੀਂ ਕਦੋਂ ਮੁੱਖ ਮੰਤਰੀ ਉਨ੍ਹਾਂ ਵੱਲ ਮੁੜ ਜਾਣ ਅਤੇ ਉਨ੍ਹਾਂ ਦਾ ਨੰਬਰ ਲੱਗ ਜਾਵੇ। ਇਸ ਲਈ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਹੁਣ ਸਾਰਿਆਂ ਨੂੰ ਸਾਵਧਾਨੀ ਨਾਲ ਕਦਮ ਅੱਗੇ ਵਧਾਉਣੇ ਪੈਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਲਈ ਚਿੰਤਾ ਭਰੀ ਖ਼ਬਰ, ਐਤਵਾਰ ਦੇ ਦਿਨ ਸਭ ਤੋਂ ਜ਼ਿਆਦਾ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ
NEXT STORY