ਪਟਿਆਲਾ(ਮਨਦੀਪ ਜੋਸਨ,ਰਾਣਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਕਾਂਗਰਸ ਦੀ ਕਠਪੁਤਲੀ ਹੈ, ਜਿਸ ਨੂੰ ਸੂਬੇ ਦੇ ਹਿੱਤਾਂ ਲਈ ਕੋਈ ਵੀ ਫੈਸਲੇ ਲੈਣ ਦਾ ਅਧਿਕਾਰ ਨਹੀਂ ਦਿੱਤਾ। ਬਾਦਲ ਅੱਜ ਇਥੇ ਸਾਬਕਾ ਮੰਤਰੀ ਪੰਜਾਬ ਸੁਰਜੀਤ ਸਿੰਘ ਰੱਖੜਾ ਅਤੇ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਰੱਖੜਾ ਵੱਲੋਂ ਰੱਖਵਾਏ ਇਕ ਨਿੱਜੀ ਸਮਾਗਮ ਮੌਕੇ ਗੱਲਬਾਤ ਕਰ ਰਹੇ ਸਨ। ਬਾਦਲ ਨੇ ਕਿਹਾ ਕਿ ਕਾਂਗਰਸ ਦਾ ਮੁੱਖ ਮੰਤਰੀ ਤੇ ਪ੍ਰਧਾਨ ਪੰਜਾਬ ਦੇ ਹਿੱਤਾਂ ਨੂੰ ਭੁਲ ਕੇ ਇਕ-ਦੂਜੇ ਦੀਆਂ ਲੱਤਾਂ ਖਿੱਚਣ ਲੱਗੇ ਹੋਏ ਹਨ। ਬਾਦਲ ਨੇ ਆਖਿਆ ਕਿ ਕਾਂਗਰਸ ਦੀ ਖਾਨਾਜੰਗੀ ਨੇ ਪੰਜਾਬ ਨੂੰ ਬਹੁਤ ਪਿੱਛੇ ਧਕੇਲ ਦਿੱਤਾ ਹੈ। ਇਹ ਲੋਕ ਕੁਰਸੀਆਂ ਲਈ ਬਿੱਲੀਆਂ ਵਾਂਗ ਲੜ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ’ਚ ਅੱਜ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਮੌਜੂਦਾ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ।
ਇਹ ਵੀ ਪੜ੍ਹੋ- ਨਰਮਾ ਉਤਪਾਦਕਾਂ ਲਈ ਨਿਗੂਣੇ ਮੁਆਵਜ਼ੇ ਦੀ ਮੁੜ ਸਮੀਖਿਆ ਕਰਨ ਮੁੱਖ ਮੰਤਰੀ : ਸੁਖਬੀਰ ਬਾਦਲ
ਬਾਦਲ ਨੇ ਆਖਿਆ ਕਿ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ 10 ਸਾਲ ਅਕਾਲੀ ਦਲ ਦੀ ਸਰਕਾਰ ਨੇ ਜੋ ਕੰਮ ਪੰਜਾਬ ਲਈ ਕੀਤੇ, ਉਹ ਕੋਈ ਵੀ ਸਰਕਾਰ ਨਹੀਂ ਕਰ ਸਕਦੀ। ਹਮੇਸ਼ਾ ਪੰਜਾਬ ਤੇ ਪੰਜਾਬੀਅਤ ਲਈ ਲੜਾਈ ਲੜੀ ਹੈ ਅਤੇ ਆਖਿਰੀ ਸਾਹਾਂ ਤੱਕ ਇਹ ਲੜਾਈ ਜਾਰੀ ਰਹੇਗੀ। ਇਸ ਮੌਕੇ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਰੱਖੜਾ, ਲਕਸ਼ਮੀ ਬਾਈ ਡੈਂਟਲ ਕਾਲਜ ਦੇ ਐੱਮ. ਡੀ. ਭਗਵਾਨ ਦਾਸ ਗੁਪਤਾ, ਐਡਵੋਕੇਟ ਮਨਬੀਰ ਵਿਰਕ ਅਬਲੋਵਾਲ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਜਸਪਾਲ ਸਿੰਘ ਬਿੱਟੂ ਚੱਠਾ ਸਾਬਕਾ ਕੌਂਸਲਰ, ਪ੍ਰੋ. ਬਲਦੇਵ ਸਿੰਘ ਬਲੂਆਣਾ, ਅਸ਼ੋਕ ਬਾਂਸਲ ਸੂਬਾ ਮੀਤ ਪ੍ਰਧਾਨ, ਜਥੇਦਾਰ ਹਰਜਿੰਦਰ ਸਿੰਘ ਬਲ, ਭੁਪਿੰਦਰ ਸਿੰਘ ਡਕਾਲਾ, ਮਲਕੀਤ ਸਿੰਘ ਡਕਾਲਾ ਸਾਬਕਾ ਚੇਅਰਮੈਨ, ਸਾਹਿਲ ਗੋਇਲ ਕੌਮੀ ਜੁਆਇੰਟ ਸਕੱਤਰ, ਰਘਬੀਰ ਸਿੰਘ ਕਲਿਆਣ ਜਨਰਲ ਸਕੱਤਰ, ਅਜਮੇਰ ਸਿੰਘ ਪਸਿਆਣਾ ਜਨਰਲ ਸਕੱਤਰ, ਜਸਪਾਲ ਸਿੰਘ ਜੱਜੂ ਜਨਰਲ ਸਕੱਤਰ ਐੱਸ. ਸੀ. ਵਿੰਗ, ਜਗਜੀਤ ਸਿੰਘ ਸੋਨੀ ਅਤੇ ਗੁਰਜੰਟ ਸਿੰਘ ਪੀ. ਏ. ਹਾਜ਼ਰ ਸਨ।
ਇਹ ਵੀ ਪੜ੍ਹੋ- ਕਿਸਾਨਾਂ ਤੇ ਖੇਤ ਮਜਦੂਰਾਂ ਨਾਲ ਮਜਾਕ ਹੈ ਚੰਨੀ ਸਰਕਾਰ ਵਲੋਂ ਐਲਾਨਿਆ ਮੁਆਵਜਾ : ਆਪ
ਬਾਦਲ ਨੇ ਦਿੱਤੀ ਕੈਪਟਨ ਨੂੰ ਨਸੀਹਤ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈ. ਅਮਰਿੰਦਰ ਸਿੰਘ ਨੂੰ ਪੂਰੀ ਤਰ੍ਹਾਂ ਫੇਲ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਮਹਾਰਾਜੇ ਵਾਂਗ ਸਾਢੇ 4 ਸਾਲ ਬਿਤਾਉਣ ਵਾਲਾ ਅਮਰਿੰਦਰ ਪੰਜਾਬੀਆਂ ਦੀਆਂ ਦੁੱਖ-ਤਕਲੀਫਾਂ ਨੂੰ ਭੁੱਲ ਗਿਆ। ਹੁਣ ਪੰਜਾਬ ਦੇ ਲੋਕ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਨਸੀਹਤ ਦਿੱਤੀ ਕਿ ਕੈਪਟਨ ਨੂੰ ਪਾਰਟੀ ਤੋਂ ਬਾਗੀ ਨਹੀਂ ਸੀ ਹੋਣਾ ਚਾਹੀਦਾ।
ਦਰਸ਼ਨ ਸਿੰਘ ਧਾਲੀਵਾਲ ਨੂੰ ਵਾਪਸ ਮੋੜਨਾ ਲੋਕਤੰਤਰ ਦਾ ਕਤਲ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਉੱਘੇ ਪ੍ਰਵਾਸੀ ਭਾਰਤੀ ਦਰਸ਼ਨ ਸਿੰਘ ਧਾਲੀਵਾਲ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਮੋੜਨਾ ਲੋਕਤੰਤਰ ਦਾ ਕਤਲ ਹੈ। ਉਨ੍ਹਾਂ ਆਖਿਆ ਕਿ ਕੇਂਦਰ ਦੀ ਸਰਕਾਰ ਪੰਜਾਬ ਤੇ ਕਿਸਾਨਾਂ ਦੇ ਪਿੱਛੇ ਪੈ ਗਈ ਹੈ ਅਤੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਸਾਰਾ ਰੱਖੜਾ ਪਰਿਵਾਰ ਸਮਾਜ-ਸੇਵਾ ਕਾਰਨ ਜਾਣਿਆ ਜਾਂਦਾ ਹੈ। ਬਾਦਲ ਨੇ ਆਖਿਆ ਕਿ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਅਤੇ ਕਿਸਾਨਾਂ ਨਾਲ ਖੜ੍ਹੀ ਹੈ।
ਨੁਕਸਾਨੇ ਨਰਮੇ ਦਾ ਮੁਆਵਜ਼ਾ ਨਾ ਮਿਲਣ ’ਤੇ ਭੜਕੇ ਕਿਸਾਨ, ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ
NEXT STORY