ਨਵਾਂਸ਼ਹਿਰ (ਤ੍ਰਿਪਾਠੀ)— ਠੰਡ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਜਿੱਥੇ ਧੁੰਦ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਵਧਦੇ ਪ੍ਰਦੂਸ਼ਣ ਕਾਰਨ ਸਮੋਗ ਦਾ ਮੁੱਦਾ ਵੀ ਪੰਜਾਬ ਹੀ ਨਹੀਂ, ਸਗੋਂ ਐੱਨ. ਸੀ. ਆਰ. ਸਮੇਤ ਪੂਰੇ ਉੱਤਰ ਭਾਰਤ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਮੋਗ ਕਾਰਨ ਵਧ ਰਹੇ ਸੜਕ ਹਾਦਸਿਆਂ ਕਾਰਨ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਦੇਸ਼ ਦੀ ਸਰਵ ਉੱਚ ਅਦਾਲਤ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਸ 'ਤੇ ਕਾਬੂ ਪਾਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਪੈ ਰਹੇ ਹਨ। ਸਮੋਗ ਨੇ ਜਿੱਥੇ ਵਾਹਨਾਂ ਦੀ ਰਫਤਾਰ ਨੂੰ ਘੱਟ ਕਰ ਦਿੱਤਾ ਹੈ, ਉਥੇ ਹੀ ਕੰਮ ਦੇ ਸਿਲਸਿਲੇ 'ਚ ਬਾਹਰ ਜਾਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਵੀ ਡੂੰਘੀ ਚਿੰਤਾ 'ਚ ਪਾ ਦਿੱਤਾ ਹੈ।
ਵਿਭਾਗ ਵੱਲੋਂ ਨਹੀਂ ਸ਼ੁਰੂ ਕੀਤੀ ਗਈ ਸਫੈਦ ਪੱਟੀਆਂ ਲਗਾਉਣ ਦੀ ਪ੍ਰਕਿਰਿਆ
ਧੁੰਦ ਦੇ ਦਿਨਾਂ 'ਚ ਜ਼ਿਆਦਾਤਰ ਵਾਹਨ ਸੜਕਾਂ 'ਤੇ ਲਗਾਈਆਂ ਸਫੈਟ ਪੱਟੀਆਂ ਦੇ ਸਹਾਰੇ ਅੰਦਾਜ਼ੇ ਨਾਲ ਚੱਲਦੇ ਹਨ ਪਰ ਠੰਡ ਦਾ ਮੌਸਮ ਅਤੇ ਧੁੰਦਾਂ ਸ਼ੁਰੂ ਹੋਣ ਦੇ ਬਾਵਜੂਦ ਪੀ. ਡਬਲਿਊ. ਡੀ. ਵਿਭਾਗ ਵੱਲੋਂ ਮੁੱਖ ਰਸਤਿਆਂ 'ਤੇ ਸਫੈਦ ਪੱਟੀਆਂ ਲਗਾਉਣ ਦੀ ਸ਼ੁਰੂਆਤ ਨਹੀਂ ਕੀਤੀ ਗਈ।
ਰੋਡਵੇਜ਼ ਦੀਆਂ ਬੱਸਾਂ 'ਚ ਧੁੰਦ ਨਾਲ ਨਜਿੱਠਣ ਲਈ ਨਹੀਂ ਹਨ ਪੁਖਤਾ ਪ੍ਰਬੰਧ
ਸੜਕਾਂ 'ਤੇ ਦੌੜਨ ਵਾਲੀਆਂ ਬੱਸਾਂ ਲਈ ਸਰਕਾਰ ਵੱਲੋਂ ਠੰਡ ਦੇ ਸੀਜ਼ਨ 'ਚ ਪੀਲੀਆਂ ਫਰੰਟ ਲਾਈਟਾਂ, ਰਿਫਲੈਕਟਰ, ਬੈਕ ਲਾਈਟਾਂ ਅਤੇ ਵਾਈਪਰ ਆਦਿ ਸਾਮਾਨ ਦਿੱਤਾ ਜਾਂਦਾ ਹੈ। ਜਦੋਂ ਇਸ ਸੰਬੰਧ 'ਚ ਪੰਜਾਬ ਰੋਡਵੇਜ਼ ਦੇ ਕੁਝ ਚਾਲਕਾਂ ਤੇ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਸਾਮਾਨ ਲਈ ਫੰਡ ਰਿਲੀਜ਼ ਨਹੀਂ ਕੀਤੇ ਜਾਂਦੇ, ਸਗੋਂ ਮੁੱਖ ਦਫਤਰ ਚੰਡੀਗੜ੍ਹ ਤੋਂ ਸਾਮਾਨ ਰਿਲੀਜ਼ ਹੁੰਦਾ ਹੈ। ਹਾਲੇ ਤੱਕ ਕੋਈ ਸਾਮਾਨ ਸਟੋਰ 'ਚ ਨਹੀਂ ਆਇਆ। ਇਹੀ ਕਾਰਨ ਹੈ ਕਿ ਨਵਾਂਸ਼ਹਿਰ ਡਿਪੂ ਦੀਆਂ ਕਈ ਬੱਸਾਂ 'ਤੇ ਧੁੰਦ ਦੇ ਸੀਜ਼ਨ 'ਚ ਬਹੁਤ ਜ਼ਰੂਰੀ ਜਿਥੇ ਵਾਈਪਰ ਨਹੀਂ ਹਨ, ਉਥੇ ਹੀ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਸਫਰ ਕਰਨ ਵਾਲੇ ਮੁਸਾਫਿਰਾਂ ਨੂੰ ਠੰਡ ਤੋਂ ਬਚਾਉਣ ਲਈ ਬੱਸਾਂ ਦੇ ਸ਼ੀਸ਼ੇ ਵੀ ਟੁੱਟੇ ਹੋਏ ਹਨ। ਇਸੇ ਤਰ੍ਹਾਂ ਦੇ ਹਾਲਾਤ ਰਿਫਲੈਕਟਰ, ਪੀਲੀਆਂ ਲਾਈਟਾਂ ਤੇ ਹੋਰ ਸਾਮਾਨ ਦੇ ਸੰਬੰਧ 'ਚ ਬਣੇ ਹੋਏ ਹਨ।

ਟ੍ਰੈਫਿਕ ਪੁਲਸ ਵਿਭਾਗ ਵੱਲੋਂ ਮਨਾਇਆ ਜਾਂਦਾ ਹੈ ਜਨਵਰੀ 'ਚ ਟ੍ਰੈਫਿਕ ਜਾਗਰੂਕਤਾ ਹਫਤਾ
ਪੰਜਾਬ ਪੁਲਸ ਦੇ ਟ੍ਰੈਫਿਕ ਵਿਭਾਗ ਵੱਲੋਂ ਹਰ ਸਾਲ ਜਨਵਰੀ ਮਹੀਨੇ 'ਚ ਟ੍ਰੈਫਿਕ ਜਾਗਰੂਕਤਾ ਹਫਤੇ ਦਾ ਆਯੋਜਨ ਕਰ ਕੇ ਟਰੱਕਾਂ, ਟੈਂਪੂਆਂ ਅਤੇ ਟਰੈਕਟਰ-ਟਰਾਲੀਆਂ 'ਤੇ ਰਿਫਲੈਕਟਰ ਲਾਉਣ ਤੋਂ ਇਲਾਵਾ ਵੱਖ-ਵੱਖ ਸਕੂਲਾਂ-ਕਾਲਜਾਂ ਤੇ ਟਰੱਕ ਯੂਨੀਅਨਾਂ 'ਚ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਜਾਂਦਾ ਹੈ। ਇਸ ਸੰਬੰਧੀ ਸਮਾਜ ਸੇਵੀਆਂ ਅਸ਼ਵਨੀ ਜੋਸ਼ੀ, ਪੰਡਿਤ ਕਮਲ ਕੁਮਾਰ ਸ਼ਰਮਾ ਅਤੇ ਪ੍ਰਦੀਪ ਜੋਸ਼ੀ ਦਾ ਕਹਿਣਾ ਹੈ ਕਿ ਟ੍ਰੈਫਿਕ ਜਾਗਰੂਕਤਾ ਹਫਤੇ ਨੂੰ ਸਰਦੀਆਂ 'ਚ ਮਨਾਉਣ ਦਾ ਅਸਲੀ ਮੰਤਵ ਧੁੰਦ ਨਾਲ ਹੋਣ ਵਾਲੇ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ।
ਇਲੈਕਟ੍ਰੀਸ਼ੀਅਨਾਂ ਦੀਆਂ ਖਾਲੀ ਆਸਾਮੀਆਂ ਭਰਨ ਦੀ ਥਾਂ ਨੂੰ ਕੀਤਾ ਜਾ ਰਿਹੈ ਖਤਮ
ਜਾਣਕਾਰੀ ਅਨੁਸਾਰ 8-10 ਸਾਲ ਪਹਿਲਾਂ ਨਵਾਂਸ਼ਹਿਰ ਡਿਪੂ 'ਚ ਇਲੈਕਟ੍ਰੀਸ਼ੀਅਨਾਂ ਦੀਆਂ 10 ਆਸਾਮੀਆਂ ਸਨ ਪਰ ਜਿਵੇਂ-ਜਿਵੇਂ ਇਲੈਕਟ੍ਰੀਸ਼ੀਅਨ ਸੇਵਾ ਮੁਕਤ ਹੁੰਦੇ ਗਏ, ਉਨ੍ਹਾਂ ਦੀ ਥਾਂ ਨਵੀਂ ਭਰਤੀ ਕਰਨ ਦੀ ਥਾਂ ਸਰਕਾਰ ਆਸਾਮੀਆਂ ਨੂੰ ਹੀ ਖਤਮ ਕਰਦੀ ਗਈ, ਜਿਸ ਕਾਰਨ ਅੱਜ ਡਿਪੂ 'ਚ 1 ਵੀ ਇਲੈਕਟ੍ਰੀਸ਼ੀਅਨ ਨਹੀਂ ਹੈ। ਜਿਹੜਾ ਇਲੈਕਟ੍ਰੀਸ਼ੀਅਨ ਕੰਮ ਸੰਭਾਲ ਵੀ ਰਿਹਾ ਹੈ, ਉਹ ਇਲੈਕਟ੍ਰੀਸ਼ੀਅਨ ਨਹੀਂ, ਸਗੋਂ ਸਹਾਇਕ ਹੈ। ਡਿਪੂ 'ਚ ਇਲੈਕਟ੍ਰੀਸ਼ੀਅਨ ਨਾ ਹੋਣ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਪੂਰੀ ਤਰ੍ਹਾਂ ਫਿੱਟ ਰੱਖਿਆ ਜਾ ਸਕਦਾ ਹੈ ਤਾਂ ਕਿ ਅਜਿਹੀਆਂ ਖਾਮੀਆਂ ਕਰਕੇ ਕੋਈ ਸਮੱਸਿਆ ਨਾ ਆਵੇ।
ਕੀ ਕਹਿੰਦੇ ਹਨ ਜਨਰਲ ਮੈਨੇਜਰ
ਇਸ ਸੰਬੰਧੀ ਪੰਜਾਬ ਰੋਡਵੇਜ਼ ਦੇ ਨਵਾਂਸ਼ਹਿਰ ਡਿਪੂ ਦੇ ਜਨਰਲ ਮੈਨੇਜਰ ਪਵਨ ਕੁਮਾਰ ਸਿੰਗਲਾ ਨੇ ਕਿਹਾ ਕਿ ਵਿਭਾਗ ਕੋਲ ਬੱਸਾਂ ਲਈ ਧੁੰਦ ਦੇ ਸੀਜ਼ਨ ਲਈ ਲੋੜੀਂਦਾ ਹਰ ਤਰ੍ਹਾਂ ਦਾ ਸਾਮਾਨ ਤੇ ਯੰਤਰ ਮੌਜੂਦ ਹਨ। ਜਦੋਂ ਉਨ੍ਹਾਂ ਦਾ ਧਿਆਨ ਬੱਸਾਂ ਦੇ ਟੁੱਟੇ ਸ਼ੀਸ਼ਿਆਂ ਤੇ ਬਿਨਾਂ ਵਾਈਪਰਾਂ ਦੀਆਂ ਬੱਸਾਂ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਾਣਕਾਰੀ ਮਿਲਣ 'ਤੇ ਅਜਿਹੀਆਂ ਬੱਸਾਂ ਦੇ ਸ਼ੀਸ਼ੇ ਤੇ ਵਾਈਪਰ ਲਵਾ ਦਿੱਤੇ ਜਾਣਗੇ।
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ
ਇਸ ਸੰਬੰਧੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਧੁੰਦ ਦੇ ਸੀਜ਼ਨ 'ਚ ਵਾਪਰ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਉਸ ਤਹਿਤ ਜ਼ਿਲੇ 'ਚ ਕਾਰਜ ਕਰਵਾਏ ਜਾ ਰਹੇ ਹਨ। ਮੁੱਖ ਸੜਕਾਂ 'ਤੇ ਡਿੱਗ ਰਹੀਆਂ ਟਾਹਣੀਆਂ ਅਤੇ ਘਾਹ ਨੂੰ ਕਟਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸੰਬੰਧਤ ਵਿਭਾਗਾਂ ਨੂੰ ਸੜਕਾਂ 'ਤੇ ਸਫੈਦ ਪੱਟੀਆਂ ਲਗਾਉਣ ਦੇ ਹੁਕਮ ਦਿੱਤੇ ਗਏ ਹਨ।
ਪੰਥ 'ਚੋਂ ਛੇਕੇ ਜਾਣ ਦੇ ਮਾਮਲੇ 'ਤੇ ਹਾਈਕੋਰਟ ਵਲੋਂ ਐੱਸ. ਜੀ. ਪੀ. ਸੀ. ਨੂੰ ਨੋਟਿਸ
NEXT STORY