ਚੰਡੀਗੜ੍ਹ (ਵੈਭਵ) : ਕਾਲਜਾਂ 'ਚ ਹਾਜ਼ਰੀਆਂ ਸਬੰਧੀ ਵਿਦਿਆਰਥੀਆਂ ਵਲੋਂ ਧਰਨੇ 'ਤੇ ਬੈਠਣ ਦੀਆਂ ਘਟਨਾਵਾਂ 'ਚ ਇਕ ਹੋਰ ਕੜੀ ਜੁੜ ਗਈ ਹੈ। ਮੰਗਲਵਾਰ ਨੂੰ ਸਰਕਾਰੀ ਕਾਲਜ ਆਫ ਆਰਟਸ ਸੈਕਟਰ-10 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਕਾਲਜ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਰੋਲ ਨੰਬਰ ਨਹੀਂ ਦਿੱਤੇ ਗਏ। ਰੋਲ ਨੰਬਰ ਨਾ ਮਿਲਣ ਕਾਰਨ ਨਾਰਾਜ਼ ਇਨ੍ਹਾਂ ਵਿਦਿਆਰਥੀਆਂ ਨੇ ਆਪੇ ਤੋਂ ਬਾਹਰ ਹੁੰਦੇ ਹੋਏ ਕਾਲਜ ਕੰਪਲੈਕਸ 'ਚ ਹੰਗਾਮਾ ਕੀਤਾ।
ਹੰਗਾਮੇ ਦੌਰਾਨ ਸਾਰੇ ਵਿਦਿਆਰਥੀ ਆਪਣੀ ਮਰਿਆਦਾ ਤੋੜਦੇ ਨਜ਼ਰ ਆਏ। ਇਸ ਦੌਰਾਨ ਘੱਟ ਹਾਜ਼ਰੀਆਂ ਹੋਣ ਦੇ ਬਾਵਜੂਦ ਵਿਦਿਆਰਥੀ ਕਾਲਜ ਪ੍ਰਸ਼ਾਸਨ 'ਤੇ ਹੀ ਦੋਸ਼ ਲਾਉਂਦੇ ਦਿਸੇ ਕਿ ਰੋਲ ਨੰਬਰ ਰੋਕ ਕੇ ਪ੍ਰਸ਼ਾਸਨ ਸਾਰੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਜਾਣਬੁੱਝ ਕੇ ਉਨ੍ਹਾਂ ਨੂੰ ਪ੍ਰੀਖਿਆ 'ਚ ਬੈਠਣ ਨਹੀਂ ਦਿੱਤਾ ਜਾ ਰਿਹਾ ਹੈ। ਕਾਲਜ ਦਾ ਜੇਕਰ ਇਹੀ ਰਵੱਈਆ ਰਿਹਾ ਤਾਂ ਉਨ੍ਹਾਂ ਦਾ ਇਕ ਸਾਲ ਖ਼ਰਾਬ ਹੋ ਜਾਵੇਗਾ। ਅਜਿਹੇ 'ਚ ਇਹ ਸਵਾਲ ਖੜ੍ਹਾ ਹੋਣਾ ਲਾਜ਼ਮੀ ਹੈ ਕਿ ਵਿਦਿਆਰਥੀਆਂ ਦੀ ਹਾਜ਼ਰੀ 'ਚ ਕਮੀ ਕਿਉਂ ਹੋਈ। ਕਈ ਵਾਰ ਵਿਦਿਆਰਥੀ ਕਿਸੇ ਪ੍ਰੋਗਰਾਮ ਜਾਂ ਫਿਰ ਸੈਮੀਨਾਰ 'ਚ ਹਿੱਸਾ ਲੈਣ ਲਈ ਵੀ ਬਾਹਰ ਜਾਂਦੇ ਹਨ ਪਰ ਇਸ ਸੂਰਤ 'ਚ ਉਨ੍ਹਾਂ ਦੀ ਅਟੈਂਡੇਂਟ ਪ੍ਰੈਜ਼ੈਂਟ ਕਾਉਂਟ ਹੁੰਦੀ ਹੈ।
ਵਿਰੋਧ ਪ੍ਰਦਰਸ਼ਨ ਕਰਨ ਦੌਰਾਨ ਵਿਦਿਆਰਥੀਆਂ ਨੇ ਕਾਲਜ ਦੇ ਮੁੱਖ ਗੇਟ 'ਤੇ ਹੀ ਤਾਲਾ ਲਾ ਦਿੱਤਾ, ਜਿਸ ਕਾਰਨ ਕਾਲਜ ਦੇ ਹੋਰ ਵਿਦਿਆਰਥੀ ਗਰਮੀ 'ਚ ਬੇਹਾਲ ਕਾਲਜ ਦੇ ਬਾਹਰ ਹੀ ਇੰਤਜ਼ਾਰ ਕਰਦੇ ਦਿਸੇ। ਵਿਦਿਆਰਥੀਆਂ ਨੇ ਕਾਲਜ ਦੇ ਮੇਨ ਗੇਟ 'ਤੇ ਤਾਲਾ ਲਾ ਕੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਕਾਫ਼ੀ ਦੇਰ ਤਕ ਰੁਕੀ ਰਹੀ।

ਵਿਦਿਆਰਥੀਆਂ ਦੇ ਮਾਪਿਆਂ ਨੂੰ ਸੱਦਿਆ
ਹੰਗਾਮਾ ਵਧਦਾ ਵੇਖ ਕਾਲਜ ਦੇ ਪ੍ਰਿੰਸੀਪਲ ਏ. ਡੀ. ਸੀ. ਸਚਿਨ ਰਾਣਾ ਮੌਕੇ 'ਤੇ ਪਹੁੰਚੇ। ਕਾਲਜ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਪਹਿਲੇ ਸਾਲ ਦੇ 10 ਅਤੇ ਅੰਤਿਮ ਸਾਲ ਦੇ ਦੋ ਵਿਦਿਆਰਥੀਆਂ ਦੀ ਹਾਜ਼ਰੀ ਕਾਫ਼ੀ ਜਿਆਦਾ ਘੱਟ ਹੈ। ਕਾਲਜ ਪ੍ਰਸ਼ਾਸਨ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਵਿਚਲਾ ਰਸਤਾ ਕੱਢਣ ਦੀ ਗੱਲ ਕਹੀ। ਇਸ ਦੌਰਾਨ ਵਿਦਿਆਰਥੀ ਆਪਣੀ ਮੰਗ 'ਤੇ ਅੜੇ ਰਹੇ। ਕਾਫ਼ੀ ਦੇਰ ਤੱਕ ਹੋਈ ਗੱਲਬਾਤ ਤੋਂ ਬਾਅਦ ਕੋਈ ਹੱਲ ਨਾ ਨਿਕਲਦਾ ਵੇਖ ਕਾਲਜ ਪ੍ਰਬੰਧਨ ਨੇ ਸਾਰੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੁੱਧਵਾਰ ਨੂੰ ਕਾਲਜ 'ਚ ਬੁਲਾਇਆ ਹੈ।
ਵਿਦਿਆਰਥੀਆਂ ਦੇ ਪਹਿਲੇ ਵੀ ਛੁੱਟੇ ਹਨ ਦੋ ਪੇਪਰ
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜ ਪ੍ਰਸ਼ਾਸਨ ਕਾਰਨ ਉਨ੍ਹਾਂ ਦੇ ਦੋ ਪੇਪਰ ਛੁੱਟ ਚੁੱਕੇ ਹਨ। ਬੁੱਧਵਾਰ ਨੂੰ ਵੀ ਪ੍ਰੀਖਿਆ ਹੈ, ਅਜਿਹੇ 'ਚ ਛੇਤੀ ਉਨ੍ਹਾਂ ਨੂੰ ਪ੍ਰੀਖਿਆ 'ਚ ਬੈਠਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਪਰ ਪ੍ਰਿੰਸੀਪਲ ਮਾਮਲੇ ਸਬੰਧੀ ਜ਼ਿਆਦਾ ਗੰਭੀਰ ਨਜ਼ਰ ਨਹੀਂ ਆ ਰਹੇ ਹਨ ਅਤੇ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ।
ਫਤਿਹਗੜ੍ਹ ਸਾਹਿਬ: ਫੀਡ ਫੈਕਟਰੀ 'ਚ ਧਮਾਕਾ, 1 ਮਜ਼ਦੂਰ ਦੀ ਮੌਤ
NEXT STORY