ਚੰਡੀਗੜ੍ਹ (ਰਸ਼ਮੀ) - ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਚ ਪ੍ਰਿੰਸੀਪਲ ਦੀ ਰਿਟਾਇਰਮੈਂਟ ਦੀ ਉਮਰ 65 ਸਾਲ ਦੀ ਹੋਵੇਗੀ, ਭਾਵ ਉਨ੍ਹਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ 5 ਸਾਲ ਹੋਰ ਐਕਸਟੈਂਸ਼ਨ ਮਿਲਦੀ ਰਹੇਗੀ। ਇਹ ਫੈਸਲਾ ਪੰਜਾਬ ਯੂਨੀਵਰਸਿਟੀ ਵਿਚ ਐਤਵਾਰ ਨੂੰ ਹੋਈ ਸਿੰਡੀਕੇਟ ਦੀ ਮੀਟਿੰਗ ਵਿਚ ਲਿਆ ਗਿਆ ਹੈ। ਸਿੰਡੀਕੇਟ ਦੀ ਅਗਲੀ ਬੈਠਕ ਵਿਚ ਇਸ ਮੁੱਦੇ ਨੂੰ ਫਿਰ ਲਿਆਂਦਾ ਜਾਵੇਗਾ, ਜਿਸ ਵਿਚ ਦੇਖਿਆ ਜਾਵੇਗਾ ਕਿ ਪ੍ਰਿੰਸੀਪਲ ਦੀ ਰਿਟਾਇਰਮੈਂਟ ਸਬੰਧੀ ਪਹਿਲਾਂ ਕਿਹੜੇ-ਕਿਹੜੇ ਫੈਸਲੇ ਲਏ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਸਿੰਡੀਕੇਟ ਨੇ ਆਈ. ਪੀ. ਐੱਸ. ਅਧਿਕਾਰੀ ਤੇ ਚੰਡੀਗੜ੍ਹ ਦੇ ਐੱਸ. ਐੱਸ. ਪੀ. ਟ੍ਰੈਫਿਕ ਸ਼ਸ਼ਾਂਕ ਆਨੰਦ ਨੂੰ ਪੀ. ਯੂ. ਦੇ ਈਵਨਿੰਗ ਵਿਭਾਗ ਵਿਚ ਚੱਲ ਰਹੇ ਲਾਅ ਦੇ 5ਵੇਂ ਸਮੈਸਟਰ ਵਿਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਧਿਆਨ ਰਹੇ ਕਿ ਕਾਲਜਾਂ ਦੇ ਪ੍ਰਿੰਸੀਪੀਲਾਂ ਦੀ ਰਿਟਾਇਰਮੈਂਟ ਦੀ ਉਮਰ 60 ਸਾਲ ਤੋਂ ਵਧਾ ਕੇ 65 ਸਾਲ ਕਰਨ 'ਤੇ ਉਪ ਰਾਸ਼ਟਰਪਤੀ ਤੇ ਪੀ. ਯੂ. ਦੇ ਚਾਂਸਲਰ ਦੇ ਸੈਕਟਰੀ ਵਲੋਂ ਇਸ ਨੂੰ ਯੂ. ਜੀ. ਸੀ. ਦੇ ਨਿਯਮਾਂ ਦੀ ਉਲੰਘਣਾ ਮੰਨਦਿਆਂ ਡਿਸਟ੍ਰਿਕਟ ਟੀਚਰ ਯੂਨੀਅਨ ਹੁਸ਼ਿਆਰਪੁਰ ਨੂੰ ਇਕ ਪੱਤਰ ਭੇਜਿਆ ਗਿਆ ਸੀ। ਇਸ ਸਮੇਂ ਪ੍ਰਿੰਸੀਪਲ ਗੁਰਦੀਪ ਸ਼ਰਮਾ, ਪ੍ਰਿੰਸੀਪਲ ਬੀ. ਸੀ. ਜੋਸਨ, ਪ੍ਰਿੰਸੀਪਲ ਐੱਚ. ਐੱਸ. ਗੋਸਲ 60 ਸਾਲ ਦੀ ਉਮਰ ਵਿਚ ਰਿਟਾਇਰਡ ਹੋਣ ਤੋਂ ਬਾਅਦ ਵੀ ਪੀ. ਯੂ. ਦੇ ਪ੍ਰੋਫੈਸਰਾਂ ਦੀ ਤਰ੍ਹਾਂ ਸੇਵਾ ਵਿਚ ਹਨ।
ਇਸ ਮਾਮਲੇ ਵਿਚ ਕੁਝ ਸਿੰਡੀਕੇਟ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਯੂ. ਜੀ. ਸੀ. ਦੇ ਰੂਲਜ਼ ਐਂਡ ਰੈਗੂਲੇਸ਼ਨ ਦੀ ਕੋਈ ਉਲੰਘਣਾ ਨਹੀਂ ਕੀਤੀ ਹੈ। ਯੂ. ਜੀ. ਸੀ. ਨੇ 65 ਸਾਲ ਦੀ ਉਮਰ ਤਕ ਅਹੁਦੇ 'ਤੇ ਬਣੇ ਰਹਿਣ ਦੀ ਵਿਵਸਥਾ ਕੀਤੀ ਹੋਈ ਹੈ। ਇਸ ਲਈ ਐਤਵਾਰ ਨੂੰ ਸਿੰਡੀਕੇਟ ਦੀ ਬੈਠਕ ਵਿਚ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਰਿਟਾਇਰਮੈਂਟ ਦੀ ਉਮਰ ਫਿਲਹਾਲ 65 ਸਾਲ ਹੀ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਦੂਸਰੇ ਪਾਸੇ ਆਈ. ਪੀ. ਐੱਸ. ਅਧਿਕਾਰੀ ਤੇ ਵਰਤਮਾਨ ਵਿਚ ਚੰਡੀਗੜ੍ਹ ਦੇ ਐੱਸ. ਐੱਸ. ਪੀ. ਟ੍ਰੈਫਿਕ ਸ਼ਸ਼ਾਂਕ ਆਨੰਦ ਨੇ ਐੱਮ. ਡੀ. ਯੂਨੀਵਰਸਿਟੀ ਤੋਂ ਮਾਈਗ੍ਰੇਟ ਹੋ ਕੇ ਪੀ. ਯੂ. ਦੇ ਈਵਨਿੰਗ ਵਿਭਾਗ ਵਿਚ ਚੱਲ ਰਹੇ ਲਾਅ ਦੇ 5ਵੇਂ ਸਮੈਸਟਰ ਵਿਚ ਦਾਖਲੇ ਲਈ ਬੇਨਤੀ ਕੀਤੀ ਸੀ ਪਰ ਸਿੰਡੀਕੇਟ ਦੀ ਬੈਠਕ ਵਿਚ ਉਨ੍ਹਾਂ ਨੂੰ ਦਾਖਲਾ ਨਾ ਦੇਣ ਦਾ ਫੈਸਲਾ ਲਿਆ ਗਿਆ ਹੈ। ਪੀ. ਯੂ. ਮੈਨੇਜਮੈਂਟ ਦਾ ਕਹਿਣਾ ਹੈ ਕਿ ਸ਼ਸ਼ਾਂਕ ਆਨੰਦ ਨੇ ਦਾਖਲੇ ਲਈ ਦੇਰੀ ਨਾਲ ਅਪਲਾਈ ਕੀਤਾ ਹੈ, ਇਸ ਲਈ ਦਾਖਲਾ ਨਹੀਂ ਦਿੱਤਾ ਜਾ ਸਕਦਾ।
ਧਿਆਨ ਰਹੇ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਡੀ. ਜੀ. ਪੀ. ਤੇਜਿੰਦਰ ਸਿੰਘ ਲੂਥਰਾ ਨੇ ਲਾਅ ਦੇ 5ਵੇਂ ਸਮੈਸਟਰ ਵਿਚ ਦਾਖਲੇ ਲਈ ਅਪਲਾਈ ਕੀਤਾ ਸੀ ਤੇ ਉਨ੍ਹਾਂ ਨੂੰ ਦਾਖਲਾ ਮਿਲ ਗਿਆ ਸੀ।
ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
* ਪ੍ਰੋ. ਕੋਮਲ ਮਾਮਲੇ ਵਿਚ ਕਾਰਨ ਦੱਸੋ ਨੋਟਿਸ ਦਾ ਜਵਾਬ ਸੈਨੇਟ ਦੀ ਬੈਠਕ ਵਿਚ ਆਵੇਗਾ।
* ਕਮੇਟੀ ਦੀ ਪ੍ਰੋਸੀਡਿੰਗ ਦੀ ਸੀ. ਡੀ. ਦੀ ਮੰਗ ਕਰਨ 'ਤੇ ਪੁਟਾ ਪ੍ਰਧਾਨ ਤੇ ਫੈਲੋ ਪ੍ਰੋ. ਰਾਜੇਸ਼ ਗਿੱਲ ਨੂੰ ਸੀ. ਡੀ. ਦੇਣ ਦਾ ਫੈਸਲਾ ਲਿਆ ਗਿਆ।
* ਡੀਨ ਰਿਸਰਚ ਪ੍ਰੋ. ਓ. ਪੀ. ਕਟਾਰੇ ਖਿਲਾਫ ਸੀ. ਬੀ. ਆਈ. ਵਲੋਂ ਕੇਸ ਦਰਜ ਕਰਨ ਦੀ ਇਜਾਜ਼ਤ ਸਬੰਧੀ ਵਾਰ-ਵਾਰ ਬੇਨਤੀ 'ਤੇ ਸਿੰਡੀਕੇਟ ਨੇ ਕਿਹਾ ਕਿ ਇਸ ਬਾਰੇ ਪਹਿਲਾਂ ਹੀ ਗਠਿਤ ਕਮੇਟੀ ਦੇ ਤਾਜ਼ਾ ਤੱਥ ਜਾਂਚਣ ਤੋਂ ਬਾਅਦ ਅਗਲੀ ਬੈਠਕ ਵਿਚ ਇਸ 'ਤੇ ਕੋਈ ਫੈਸਲਾ ਲਿਆ ਜਾਵੇ। ਜੈਪੁਰ ਦੇ ਇਕ ਮੈਡੀਕਲ ਕਾਲਜ ਦੇ ਨਿਰੀਖਣ ਲਈ ਪ੍ਰੋ. ਕਟਾਰੇ ਵਿਵਾਦਾਂ ਵਿਚ ਘਿਰ ਗਏ ਸਨ ਕਿਉਂਕਿ ਜੋ ਰਿਪੋਰਟ ਭੇਜੀ ਗਈ ਸੀ, ਉਸ ਨੂੰ ਫਰਜ਼ੀ ਦੱਸਦਿਆਂ ਤੇ ਉਸ ਨਾਲ ਛੇੜਛਾੜ ਦੇ ਦੋਸ਼ ਵਿਚ ਸੀ. ਬੀ. ਆਈ. ਨੇ ਪ੍ਰੋ. ਕਟਾਰੇ ਤੋਂ ਪੁੱਛਗਿੱਛ ਲਈ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਦੀ ਇਜਾਜ਼ਤ ਮੰਗੀ ਸੀ।
* ਬੈਠਕ ਵਿਚ ਸੈਨੇਟਰ ਤੇ ਸਿੰਡੀਕੇਟ ਮੈਂਬਰ ਪ੍ਰੋ. ਰਵਿੰਦਰ ਨਾਥ ਨੇ ਮਾਮਲਾ ਚੁੱਕਿਆ ਕਿ ਸੈਨੇਟਰ ਅਮਿਤ ਜੋਸ਼ੀ ਨੇ ਕੰਟ੍ਰੋਲਰ ਆਫ ਐਗਜ਼ਾਮੀਨੇਸ਼ਨ ਖਿਲਾਫ ਜੋ ਗਲਤ ਵਿਵਹਾਰ ਕਰਨ ਦੀ ਸ਼ਿਕਾਇਤ ਕੀਤੀ ਸੀ, ਉਸ ਨੂੰ ਇਕ ਕਮੇਟੀ ਨੂੰ ਦਿੱਤਾ ਗਿਆ ਸੀ ਪਰ 6 ਮਹੀਨੇ ਬੀਤੇ ਜਾਣ ਤੋਂ ਬਾਅਦ ਵੀ ਇਸ ਮਾਮਲੇ ਵਿਚ ਕੋਈ ਚਰਚਾ ਨਹੀਂ ਕੀਤੀ ਜਾ ਰਹੀ ਹੈ।
* ਸੈਨੇਟਰ ਹਰਦਿੱਤ ਗੋਸਲ ਨੇ ਕਿਹਾ ਕਿ ਕੰਟ੍ਰੋਲਰ ਆਫ ਐਗਜ਼ਾਮੀਨੇਸ਼ਨ ਤੇ ਡੀ. ਸੀ. ਡੀ. ਸੀ. ਦੋਵੇਂ ਅਹਿਮ ਅਹੁਦੇ ਹਨ। ਇਸ ਲਈ ਇਨ੍ਹਾਂ ਦੇ ਚਾਰਜ ਇਕ ਅਧਿਕਾਰੀ ਕੋਲ ਨਾ ਹੋ ਕੇ ਵੱਖ-ਵੱਖ ਅਧਿਕਾਰੀਆਂ ਕੋਲ ਹੋਣੇ ਚਾਹੀਦੇ ਹਨ। ਇਸ 'ਤੇ ਸੈਨੇਟਰ ਰਵਿੰਦਰ ਨਾਥ ਨੇ ਉਨ੍ਹਾਂ ਦਾ ਪੱਖ ਲਿਆ। ਵੀ. ਸੀ. ਪ੍ਰੋ. ਅਰੁਣ ਗਰੋਵਰ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਦੇਖਣਗੇ।
* ਸੈਨੇਟਰ ਰਵਿੰਦਰ ਨਾਥ ਨੇ ਐੱਮ. ਬੀ. ਬੀ. ਐੱਸ. ਦੇ ਦੋ ਵਿਦਿਆਰਥੀਆਂ ਨੂੰ ਰੀ-ਇਵੈਲਿਊਏਸ਼ਨ ਤੋਂ ਬਾਅਦ ਪਾਸ ਕਰਨ ਦੇ ਮਾਮਲੇ ਨੂੰ ਚੁੱਕਿਆ। ਉਨ੍ਹਾਂ ਕਿਹਾ ਕਿ ਐੱਮ. ਬੀ. ਬੀ. ਐੱਸ. ਵਿਚ ਰੀ- ਇਵੈਲਿਊਏਸ਼ਨ ਨਹੀਂ ਹੋਣੀ ਚਾਹੀਦੀ ਜੇਕਰ ਹੁੰਦੀ ਹੈ ਤਾਂ ਜਿੰਨੇ ਵੀ ਵਿਦਿਆਰਥੀ ਫੇਲ ਹੋਏ ਹਨ, ਉਨ੍ਹਾਂ ਨੂੰ ਇਸ ਬਾਰੇ ਸੂਚਨਾ ਦਿੱਤੀ ਜਾਣੀ ਚਾਹੀਦੀ ਸੀ।
ਫਸਲ ਵੱਢਣ ਤੋਂ ਰੋਕਣ ਅਤੇ ਘਰ 'ਤੇ ਗੋਲੀਆਂ ਚਲਾਉਣ ਦੇ ਲਾਏ ਦੋਸ਼
NEXT STORY