ਜਲੰਧਰ (ਪੁਨੀਤ)–ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਪਰ ਕਈ ਲੋਕ ਮੁਫ਼ਤ ਬਿਜਲੀ ਦੀ ਗਲਤ ਵਰਤੋਂ ਕਰਕੇ ਇਸ ਨੂੰ ਵਪਾਰਕ ਤੌਰ ’ਤੇ ਵਰਤ ਰਹੇ ਹਨ। ਉਥੇ ਹੀ ਕਈ ਲੋਕਾਂ ਨੇ ਬਿਨਾਂ ਲੋਡ ਦੇ ਮਿਲੀਭੁਗਤ ਨਾਲ ਆਪਣੇ ਘਰਾਂ ਵਿਚ 2 ਕੁਨੈਕਸ਼ਨ ਲੁਆ ਲਏ ਹਨ। ਵਿਭਾਗ ਵੱਲੋਂ ਮਿਲੀਭੁਗਤ ਕਰਨ ਵਾਲੇ ਅਜਿਹੇ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਮੁਫ਼ਤ ਬਿਜਲੀ ਦੀ ਗਲਤ ਵਰਤੋਂ ਨੂੰ ਰੋਕਿਆ ਜਾ ਸਕੇ।
ਵਿਭਾਗੀ ਅਧਿਕਾਰੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਗਲਤ ਢੰਗ ਨਾਲ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਨੂੰ ਕਿਸੇ ਵੀ ਸੂਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ। ਇਸ ਲੜੀ ਵਿਚ ਭ੍ਰਿਸ਼ਟ ਬਿਜਲੀ ਕਰਮਚਾਰੀਆਂ ’ਤੇ ਵੀ ਪਾਵਰਕਾਮ ਦਾ ਡੰਡਾ ਚੱਲੇਗਾ ਅਤੇ ਕਈਆਂ ਦੀ ਨੌਕਰੀ ’ਤੇ ਵੀ ਸੰਕਟ ਆਉਣ ਵਾਲਾ ਹੈ। ਵਿਭਾਗ ਵੱਲੋਂ ਦੂਜੀਆਂ ਡਿਵੀਜ਼ਨਾਂ ਦੀਆਂ ਟੀਮਾਂ ਤੋਂ ਕੁਨੈਕਸ਼ਨਾਂ ਦੀ ਚੈਕਿੰਗ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਗਲਤ ਵਰਤੋਂ ਹੋਣ ਵਾਲੇ ਕੁਨੈਕਸ਼ਨਾਂ ਦਾ ਪਤਾ ਲੱਗ ਸਕੇ ਅਤੇ ਨਿਯਮਾਂ ਦੇ ਉਲਟ ਜਾਣ ਵਾਲਿਆਂ ’ਤੇ ਬਣਦੀ ਕਾਰਵਾਈ ਹੋ ਸਕੇ। ਜਾਣਕਾਰਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਅਜਿਹੇ ਕੁਨੈਕਸ਼ਨ ਚੱਲ ਰਹੇ ਹਨ, ਜਿਹੜੇ ਘਰ ਦੇ ਕੁਨੈਕਸ਼ਨ ’ਤੇ ਮਿਲਣ ਵਾਲੀ ਮੁਫ਼ਤ ਬਿਜਲੀ ਦੀ ਵਰਤੋਂ ਆਪਣੀ ਦੁਕਾਨ ਆਦਿ ਵਿਚ ਕਰ ਰਹੇ ਹਨ, ਜਦਕਿ ਨਿਯਮਾਂ ਮੁਤਾਬਕ ਘਰੇਲੂ ਬਿਜਲੀ ਦੀ ਵਪਾਰਕ ਵਰਤੋਂ ਨਿਯਮਾਂ ਦੇ ਉਲਟ ਹੈ।
ਇਹ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀਆਂ ਲਈ 13 ਕਰੋੜ ਦਾ ਫੰਡ ਅਲਾਟ: ਹਰਪਾਲ ਚੀਮਾ
ਸੂਤਰਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਅਜਿਹੇ ਖ਼ਪਤਕਾਰਾਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਘਰਾਂ ਵਿਚ 2 ਜਾਂ ਇਸ ਤੋਂ ਵੱਧ ਕੁਨੈਕਸ਼ਨ ਚੱਲ ਰਹੇ ਹਨ। ਵਿਭਾਗ ਵੱਲੋਂ ਅਜਿਹੇ ਖ਼ਪਤਕਾਰਾਂ ਦੀ ਚੈਕਿੰਗ ਕਰਵਾਈ ਜਾਵੇਗੀ ਅਤੇ ਬਿਜਲੀ ਦੀ ਗਲਤ ਵਰਤੋਂ ਕਰਨ ਵਾਲੇ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟੇ ਜਾਣਗੇ। ਇਸ ਦੇ ਨਾਲ-ਨਾਲ ਉਕਤ ਕੁਨੈਕਸ਼ਨ ਜਾਰੀ ਕਰਨ ਵਾਲੇ ਅਧਿਕਾਰੀਆਂ ’ਤੇ ਵੀ ਪਾਵਰਕਾਮ ਵੱਲੋਂ ਕਾਰਵਾਈ ਕੀਤੀ ਜਾਵੇਗੀ। ਸੂਤਰ ਇਹ ਵੀ ਦੱਸਦੇ ਹਨ ਕਿ ਗਲਤ ਢੰਗ ਨਾਲ ਬਿਜਲੀ ਦੀ ਵਰਤੋਂ ਕਰਨ ਵਾਲਿਆਂ ਦੀ ਮੁਫ਼ਤ ਬਿਜਲੀ ਦੀ ਸਹੂਲਤ ਨੂੰ ਬੰਦ ਕਰਨ ’ਤੇ ਵੀ ਵਿਚਾਰ ਚੱਲ ਰਿਹਾ ਹੈ।
ਡਿਫਾਲਟਰ ਖ਼ਪਤਕਾਰਾਂ ਲਈ ਆਈ ਵਨ ਟਾਈਮ ਸੈਟਲਮੈਂਟ ਸਕੀਮ
ਪਾਵਰਕਾਮ ਵੱਲੋਂ ਡਿਫਾਲਟਰ ਬਿਜਲੀ ਖ਼ਪਤਕਾਰਾਂ ਲਈ ਪਿਛਲੇ ਦਿਨੀਂ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕੀਤੀ ਗਈ ਹੈ, ਇਸ ਤਹਿਤ ਵਿਆਜ ਸਰਚਾਰਜ ਰਾਸ਼ੀ, ਲੇਟ ਫ਼ੀਸ ਆਦਿ ਵਿਚ ਭਾਰੀ ਕਟੌਤੀ ਕਰਦੇ ਹੋਏ ਖ਼ਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਕੀਮ ਤਹਿਤ ਖ਼ਪਤਕਾਰ ਆਪਣਾ ਖਾਤਾ ਕਲੀਅਰ ਕਰ ਲੈਣ।
ਮਨਜ਼ੂਰੀ ਤੋਂ ਵੱਧ ਲੋਡ ਚਲਾਉਣ ਵਾਲਿਆਂ ’ਤੇ ਕਾਰਵਾਈ ਦੀ ਤਿਆਰੀ
ਵੋਲਟੇਜ ਦਾ ਵਾਧੂ ਲੋਡ ਪੈਣ ਨਾਲ ਟਰਾਂਸਫ਼ਾਰਮਰਾਂ ਵਿਚ ਫਾਲਟ ਪੈ ਰਿਹਾ ਹੈ। ਇਸ ਦੇ ਲਈ ਮਨਜ਼ੂਰੀ ਤੋਂ ਵੱਧ ਲੋਡ ਦੀ ਵਰਤੋਂ ਕਰਨ ਵਾਲੇ ਖ਼ਪਤਕਾਰ ਜ਼ਿੰਮੇਵਾਰ ਹਨ। ਹਰੇਕ ਡਿਵੀਜ਼ਨ ਵਿਚ ਵੱਡੀ ਗਿਣਤੀ ਵਿਚ ਅਜਿਹੇ ਖ਼ਪਤਕਾਰ ਹਨ, ਜਿਹੜੇ ਮਨਜ਼ੂਰੀ ਤੋਂ ਵੱਧ ਲੋਡ ਦੀ ਵਰਤੋਂ ਕਰਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਯਮਾਂ ਦੇ ਉਲਟ ਜਾ ਕੇ ਵੱਧ ਲੋਡ ਦੀ ਵਰਤੋਂ ਕਰਨ ਵਾਲੇ ਖ਼ਪਤਕਾਰਾਂ ਨੂੰ ਮੋਟਾ ਜੁਰਮਾਨਾ ਪਾਇਆ ਜਾਵੇਗਾ। ਵਿਭਾਗ ਵੱਲੋਂ ਕਈ ਇਲਾਕਿਆਂ ਦੀ ਸੂਚੀ ਬਣਵਾਈ ਜਾ ਰਹੀ ਹੈ, ਜਿਸ ’ਤੇ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ - ਹੈਰਾਨੀਜਨਕ ਪਰ ਸੱਚ, ਸਰਕਾਰੀ ਬੱਸਾਂ ਨੂੰ ਸਮੇਂ ਸਿਰ ਟੈਕਸ ਨਾ ਭਰਨ ਕਾਰਨ ਲੱਗਾ 69 ਲੱਖ ਦਾ ਜੁਰਮਾਨਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
4 ਸਾਲ ਪਹਿਲਾਂ ਹਾਦਸੇ ’ਚ ਹੋਈ ਸੀ ਮੌਤ, ਹੁਣ ਮਾਪਿਆਂ ਨੂੰ ਮਿਲਿਆ 31.45 ਲੱਖ ਦਾ ਮੁਆਵਜ਼ਾ
NEXT STORY