ਫ਼ਰੀਦਕੋਟ (ਹਾਲੀ) - ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਸਰਕਾਰੀ ਅਧਿਆਪਕਾਂ ਉਪਰ ਮਹਿਕਮੇ ਵਲੋਂ ਛੇ ਮਹੀਨੇ ਦਾ ਬ੍ਰਿਜ ਕੋਰਸ ਕਰਨ ਦਾ ਸਰਕਾਰੀ ਫਰਮਾਨ ਆਉਣ ਦੇ ਰੋਸ ਵਜੋਂ ਸਾਂਝਾ ਅਧਿਆਪਕ ਮੋਰਚਾ ਫ਼ਰੀਦਕੋਟ ਦੇ ਆਗੂਆਂ ਨੇ ਜੁਬਲੀ ਚੌਂਕ ਫ਼ਰੀਦਕੋਟ ਵਿਖੇ ਇਕੱਠੇ ਹੋ ਕੇ ਸਰਕਾਰ ਦਾ ਪਿੱਟ-ਸਿਆਪਾ ਕੀਤਾ ਅਤੇ ਛੇ ਮਹੀਨੇ ਦੇ ਬ੍ਰਿਜ ਕੋਰਸ ਲਾਗੂ ਕਰਨ ਦੇ ਫੈਸਲੇ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਗੌਰਮਿੰਟ ਸਕੂਲ ਟੀਚਰ ਯੂਨੀਅਨ ਤੋਂ ਪ੍ਰੇਮ ਚਾਵਲਾ, ਡੈਮੋਕ੍ਰੇਟਿਕ ਟੀਚਰ ਫਰੰਟ ਤੋਂ ਸੁਖਵਿੰਦਰ ਸੁੱਖੀ, ਈ. ਟੀ. ਯੂ. ਤੋਂ ਪ੍ਰੀਤਭਗਵਾਨ ਸਿੰਘ, ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਤੋਂ ਗੁਰਪ੍ਰੀਤ ਸਿੰਘ ਰੂਪਰਾ ਅਤੇ ਜੀ. ਟੀ. ਯੂ. ਤੋਂ ਗੁਰਮਨਜੀਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਅਧਿਆਪਕ ਕੋਲ 10-10 ਸਾਲ ਪੜ੍ਹਾਉਣ ਦਾ ਤਜ਼ਰਬਾ ਹੈ, ਸਗੋਂ ਇਨ੍ਹਾਂ 'ਚੋਂ ਕਈ ਅਧਿਆਪਕ ਤਾਂ ਬਤੌਰ ਰਿਸੋਰਸ ਪਰਸਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਜੋ ਅਧਿਆਪਕ ਵਰਗ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਮਈ ਦਿਵਸ ਵਰਗੇ ਅਹਿਮ ਦਿਨਾਂ 'ਤੇ ਛੁੱਟੀ ਰੱਦ ਕਰਨ ਨੂੰ ਸਰਕਾਰ ਦੀ ਰਜਵਾੜਾਸ਼ਾਹੀ ਸੋਚ ਦਾ ਨਤੀਜਾ ਦੱਸਿਆ ਅਤੇ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਬਖਸ਼ਿੰਦਰਜੀਤ ਸਿੰਘ, ਸੋਹਨ ਸਿੰਘ, ਦੀਪਕ ਕੁਮਾਰ, ਗੋਰਵ ਸ਼ਰਮਾ ਆਦਿ ਅਧਿਆਪਕ ਹਾਜ਼ਰ ਸਨ।
ਹੱਤਿਆ ਤੇ ਲੁੱਟਖੋਹ ਦੀਆਂ ਦਰਜਨਾਂ ਵਾਰਦਾਤਾਂ 'ਚ ਸ਼ਾਮਲ 3 ਲੁਟੇਰੇ ਗ੍ਰਿਫਤਾਰ
NEXT STORY