ਜਲੰਧਰ (ਨਰਿੰਦਰ ਮੋਹਨ)- ਕੂੜੇ ਦੇ ਮਾਮਲੇ ’ਚ ਚੋਟੀ ਦੇ ਦੇਸ਼ਾਂ ਵਿਚ ਸ਼ਾਮਲ ਭਾਰਤ ਹੁਣ ਗੁਆਂਢੀ ਦੇਸ਼ ਨੇਪਾਲ ਦਾ ਕੂੜਾ ਦੂਰ ਕਰੇਗਾ। ਨੇਪਾਲ ਦੀ ਸਿਧਾਰਥਨਗਰ ਮਿਊਂਸੀਪਲ ਕਾਰਪੋਰੇਸ਼ਨ ਨੇ ਸਿਧਾਂਤਕ ਤੌਰ ’ਤੇ ਮੋਹਾਲੀ ਦੀ ਇਕ ਕੰਪਨੀ ਤੋਂ ਇਹ ਕੰਮ ਕਰਵਾਉਣ ਲਈ ਸਹਿਮਤੀ ਦਿੱਤੀ ਹੈ। ਕੰਪਨੀ ਨੇਪਾਲ ’ਚ ਆਪਣਾ ਪ੍ਰਾਜੈਕਟ ਸਥਾਪਤ ਕਰ ਕੇ ਹਰ ਕਿਸਮ ਦੇ ਕੂੜੇ ਨੂੰ ਤਬਦੀਲ ਕਰ ਕੇ ਨਾ ਸਿਰਫ਼ ਖਾਦ ਬਣਾ ਦੇਵੇਗੀ ਸਗੋਂ ਉਸੇ ਕੂੜੇ ਨਾਲ ਇੱਟਾਂ, ਸੀਮਿੰਟ ਅਤੇ ਈਂਧਨ ਵੀ ਬਣਾ ਕੇ ਦੇਵੇਗੀ, ਜਿਸ ਨਾਲ ਨੇਪਾਲ ਨੂੰ ਕਮਾਈ ਵੀ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਮੋਹਾਲੀ ਦੀ ਇਸ ਕੰਪਨੀ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਆਪਣੇ ਪ੍ਰਾਜੈਕਟ ਲਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਪੰਜਾਬ ਤੋਂ ਅਜੇ ਤੱਕ ਉਸ ਨੂੰ ਕੋਈ ਉਸਾਰੂ ਸੰਕੇਤ ਨਹੀਂ ਮਿਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਾਰਿਆ ਗਿਆ ਭਾਰਤ ਦਾ ਇਕ ਹੋਰ ਦੁਸ਼ਮਣ, ਪਾਕਿਸਤਾਨ 'ਚ ਅਕਰਮ ਗਾਜ਼ੀ ਦਾ ਗੋਲ਼ੀਆਂ ਮਾਰ ਕੇ ਕਤਲ
ਭਾਰਤ ’ਚ ਹਰ ਸਾਲ 6 ਕਰੋੜ ਟਨ ਤੋਂ ਵੱਧ ਕੂੜਾ ਪੈਦਾ ਹੁੰਦਾ ਹੈ, ਜਿਸ ਅਨੁਸਾਰ ਹਰ ਰੋਜ਼ 1.7 ਲੱਖ ਟਨ ਕੂੜਾ ਨਿਕਲ ਰਿਹਾ ਹੈ। ਮਹਾਰਾਸ਼ਟਰ ਸੂਬਾ ਦੇਸ਼ ’ਚ ਸਭ ਤੋਂ ਵੱਧ ਕੂੜਾ ਪੈਦਾ ਕਰਨ ਵਾਲਾ ਸੂਬਾ ਹੈ ਅਤੇ ਉੱਤਰਾਖੰਡ ਦੂਜੇ ਨੰਬਰ ’ਤੇ ਹੈ। ‘ਅਨਕਾਊਂਟਿਡ’ ਮਤਲਬ ਅਜਿਹਾ ਕੂੜਾ ਜਿਸ ਦਾ ਕੋਈ ਹਿਸਾਬ-ਕਿਤਾਬ ਨਹੀਂ ਰੱਖਿਆ ਜਾਂਦਾ। ਇਹ ਕੂੜਾ ਲੈਂਡਫਿਲ ਸਾਈਟ ’ਤੇ ਪਹੁੰਚਣ ਦੀ ਬਜਾਏ, ਗਲੀਆਂ ਅਤੇ ਨਾਲੀਆਂ ’ਚ ਹੀ ਰਹਿ ਜਾਂਦਾ ਹੈ। ਅਜਿਹੇ ਕੂੜੇ ’ਚ ਉੱਤਰ-ਪੂਰਬੀ ਸੂਬੇ ਅਸਾਮ, ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ ਅਤੇ ਤ੍ਰਿਪੁਰਾ ਸ਼ਾਮਲ ਹਨ, ਜਦੋਂ ਕਿ ਉੱਤਰੀ ਭਾਰਤ ਦੇ ਪੰਜਾਬ ’ਚ ਰੋਜ਼ਾਨਾ ਪੈਦਾ ਹੋਣ ਵਾਲੇ 4338 ਟਨ ਕੂੜੇ ’ਚੋਂ 1.37 ਫੀਸਦੀ ਕੂੜਾ ਰਿਕਾਰਡ ਤੋਂ ਬਾਹਰ ਹੁੰਦਾ ਹੈ। ਪੂਰੇ ਦੇਸ਼ ’ਚ ਇਕੱਠਾ ਕੀਤੇ ਜਾਣ ਵਾਲੇ ਕੂੜੇ ’ਚੋਂ ਸਿਰਫ਼ 40 ਪ੍ਰਤੀਸ਼ਤ ਦਾ ਹੀ ਟ੍ਰੀਟਮੈਂਟ ਕੀਤਾ ਜਾਂਦਾ ਹੈ, ਬਾਕੀ ਲੈਂਡਫਿਲ ਸਾਈਟਾਂ ’ਚ ਡੰਪ ਕਰ ਦਿੱਤਾ ਜਾਂਦਾ ਹੈ। ਸਿਰਫ ਦਿੱਲੀ ਹੀ ਨਹੀਂ, ਹੁਣ ਤਾਂ ਪੰਜਾਬ ਦੇ ਕਈ ਸ਼ਹਿਰਾਂ ’ਚ ਵੀ ਕੂੜੇ ਦੇ ਪਹਾੜ ਅਸਲੀ ਪਹਾੜ ਦਾ ਭੁਲੇਖਾ ਪਾਉਂਦੇ ਹਨ।
ਨੇਪਾਲ ਦੇ ਪਹਾੜ ਕੂੜੇ ਦਾ ਘਰ ਬਣਦੇ ਜਾ ਰਹੇ ਹਨ। ਕਈ ਥਾਵਾਂ ’ਤੇ ਕੂੜਾ ਦਰਿਆਵਾਂ ਅਤੇ ਨਹਿਰਾਂ ਵਿਚ ਰੁੜ੍ਹ ਕੇ ਭਾਰਤ ’ਚ ਆ ਰਿਹਾ ਹੈ। ਨੇਪਾਲ ’ਚ ਖਾਣ-ਪੀਣ ਦੀਆਂ ਵਸਤਾਂ, ਪਲਾਸਟਿਕ, ਟੀਨ, ਸੈਨੇਟਰੀ ਪੈਡ, ਡਾਇਪਰ ਦੇ ਕੂੜੇ ਨੂੰ ਵੱਖ ਕਰਨਾ ਇਕ ਵੱਡੀ ਸਮੱਸਿਆ ਹੈ। ਭਾਰਤ ਦੇ ਪੰਜਾਬ ਅਤੇ ਚੰਡੀਗੜ੍ਹ ਦੇ ਦੌਰੇ ’ਤੇ ਆਏ ਨੇਪਾਲ ਦੀ ਸਿਧਾਰਥਨਗਰ ਮਿਊਂਸੀਪਲ ਕਾਰਪੋਰੇਸ਼ਨ ਦੇ ਮੇਅਰ ਇਸ਼ਤਿਆਕ ਅਹਿਮਦ ਖਾਨ ਨੇ ਇਕ ਮੀਟਿੰਗ ਦੌਰਾਨ ਦੱਸਿਆ ਕਿ ਕੂੜਾ ਸੰਭਾਲ ਨੇਪਾਲ ਲਈ ਵੱਡੀ ਸਮੱਸਿਆ ਬਣ ਰਿਹਾ ਹੈ। ਅਜਿਹੇ ’ਚ ਉਨ੍ਹਾਂ ਨੇ ਮੋਹਾਲੀ ਦੀ ਕੰਪਨੀ ਡ੍ਰਾਸ ਮੈਨੇਜਮੈਂਟ ਨੂੰ ਨੇਪਾਲ ’ਚ ਪ੍ਰਾਜੈਕਟ ਲਾਉਣ ਲਈ ਸਹਿਮਤੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਵੱਲੋਂ PR ਅਤੇ ਵਰਕ ਪਰਮਿਟ ਨਿਯਮਾਂ ਨੂੰ ਆਸਾਨ ਬਣਾਉਣ ਲਈ ਵੱਡਾ ਐਲਾਨ
ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਅਭਿਨਵ ਦਾ ਕਹਿਣਾ ਸੀ ਕਿ ਕੈਨੇਡਾ ਦਾ ਵਫ਼ਦ ਵੀ ਇਸੇ ਮਕਸਦ ਲਈ ਆਇਆ ਸੀ ਅਤੇ ਕੈਨੇਡਾ ’ਚ ਵੀ ਇਹੀ ਪ੍ਰਾਜੈਕਟ ਸਥਾਪਤ ਕਰਨ ਲਈ ਐੱਮ. ਓ. ਯੂ. ’ਤੇ ਹਸਤਾਖਰ ਹੋ ਗਏ ਹਨ। ਇਸ ਤੋਂ ਇਲਾਵਾ ਕੰਪਨੀ ਨੇ ਚੰਡੀਗੜ੍ਹ, ਮਹਾਰਾਸ਼ਟਰ ਦੇ ਔਰੰਗਾਬਾਦ, ਦੇਹਰਾਦੂਨ, ਹਿਮਾਚਲ ਦੇ ਪਾਲਮਪੁਰ ’ਚ ਵੀ ਆਪਣੇ ਪ੍ਰਾਜੈਕਟ ਸਥਾਪਿਤ ਕਰ ਦਿੱਤੇ ਹਨ ਅਤੇ ਬਿਹਾਰ ਦੇ ਪਟਨਾ ਨਗਰ ਨਿਗਮ, ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ’ਚ ਵੀ ਇਹ ਪ੍ਰਾਜੈਕਟ ਸਥਾਪਿਤ ਕੀਤੇ ਜਾ ਰਹੇ ਹਨ। ਅਭਿਨਵ ਅਨੁਸਾਰ ਕੂੜੇ ਤੋਂ ਤਿਆਰ ਈਂਧਨ 5 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਰਕਾਰੀ ਭਾਅ ’ਤੇ ਵਿਕਦਾ ਹੈ। ਉਨ੍ਹਾਂ ਅਨੁਸਾਰ ਕੂੜੇ ਤੋਂ ਨਾ ਸਿਰਫ਼ ਪ੍ਰਦੂਸ਼ਣ ਤੋਂ ਰਾਹਤ ਮਿਲਦੀ ਹੈ, ਸਗੋਂ ਇਸ ਢੰਗ ਨਾਲ ਕੂੜੇ ਤੋਂ ਕਮਾਈ ਵੀ ਹੋ ਜਾਂਦੀ ਹੈ। ਇਹ ਈਂਧਨ ਸੀਮਿੰਟ ਫੈਕਟਰੀਆਂ, ਬਿਜਲੀ ਪੈਦਾ ਕਰਨ ਵਾਲੇ ਅਦਾਰੇ ਆਦਿ ਖਰੀਦਦੇ ਹਨ। ਅਭਿਨਵ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਸਾਹਮਣੇ ਵੀ ਇਸ ਸਬੰਧੀ ਪੇਸ਼ਕਾਰੀ ਦਿੱਤੀ ਸੀ ਪਰ ਪੰਜਾਬ ਤੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਤੰਦਰੁਸਤੀ ਲਈ ਕੇਂਦਰ ਅੱਗੇ ਰੱਖੀ ਇਹ ਮੰਗ
NEXT STORY