ਬਠਿੰਡਾ, (ਸੁਖਵਿੰਦਰ)- ਕੰਪਿਊਟਰ ਫੈਕਲਟੀ ਐਸੋਸੀਏਸ਼ਨ ਵੱਲੋਂ ਮੰਗਾਂ ਸਬੰਧੀ ਸੂਬਾ ਪ੍ਰਧਾਨ ਪ੍ਰਦੀਪ ਮਲੂਕਾ ਦੀ ਅਗਵਾਈ ਹੇਠ ਟੀਚਰਜ਼ ਹੋਮ ਤੋਂ ਸੈਕਟਰੀਏਟ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਕੰਪਿਊਟਰ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਟੀਚਰ ਹੋਮ ਵਿਖੇ ਇਕ ਮੀਟਿੰਗ ਕਰ ਕੇ ਅਗਲੇ ਸੰਘਰਸ਼ ਦੀ ਰਣਨੀਤੀ ਵੀ ਤਿਆਰ ਕੀਤੀ ਗਈ। ਜਾਣਕਾਰੀ ਦਿੰਦਿਆਂ ਸ਼੍ਰੀ ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਸਬੰਧੀ ਪਹਿਲੇ ਤਿੰਨ ਸਾਲ ਮੁੱਢਲੀ ਤਨਖਾਹ 'ਤੇ ਕੰਮ ਕਰਨ ਦੀ ਜੋ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ ਉਹ ਸ਼ਰੇਆਮ ਕੰਪਿਊਟਰ ਅਧਿਆਪਕਾਂ ਨਾਲ ਧੱਕੇਸ਼ਾਹੀ ਹੈ। ਇਸ ਦਾ ਸਮੁੱਚੇ 7000 ਕੰਪਿਊਟਰ ਅਧਿਆਪਕ ਕਾਡਰਾਂ ਵੱਲੋਂ ਡਟਵਾਂ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਦੀ ਭਰਤੀ ਸਾਲ 2005 ਕਾਂਗਰਸ ਸਰਕਾਰ ਵੱਲੋਂ ਆਈ. ਸੀ. ਟੀ. ਪ੍ਰਾਜੈਕਟ ਤਹਿਤ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੇਣ ਲਈ ਕੀਤੀ ਗਈ ਸੀ। ਉਸ ਸਮੇਂ ਕੰਪਿਊਟਰ ਅਧਿਆਪਕਾਂ ਨੂੰ 4500 ਰੁਪਏ ਦੀ ਤਨਖਾਹ ਦੇ ਕੇ ਕੰਟਰੈਕਟ 'ਤੇ ਭਰਤੀ ਕੀਤਾ ਗਿਆ ਸੀ। 2011 ਵਿਚ ਪੰਜਾਬ ਸਰਕਾਰ ਵੱਲੋਂ ਕੈਬਨਿਟ ਦੀ ਮਨਜ਼ੂਰੀ ਨਾਲ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੋਸਾਇਟੀ ਵਿਚ ਵੋਕੇਸ਼ਨਲ ਮਾਸਟਰ ਦੇ ਬਰਾਬਰ ਪੂਰਾ ਗਰੇਡ ਦੇ ਕੇ ਰੈਗੂਲਰ ਕੀਤਾ ਸੀ। ਇਸ ਤੋਂ ਇਲਾਵਾ ਰੈਗੂਲਰ ਹੋਏ ਕੰਪਿਊਟਰ ਅਧਿਆਪਕਾਂ ਦਾ ਸਮਾਂ ਕਲੀਅਰ ਹੋਣ 'ਤੇ ਹਰ ਸਾਲ ਇੰਕਰੀਮੈਂਟ ਅਤੇ ਡੀ. ਏ. ਦੀਆਂ ਕਿਸ਼ਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਰੋਸ ਜਤਾਇਆ ਕਿ ਸਰਕਾਰੀ ਖਜ਼ਾਨਾ ਭਰਨ ਲਈ ਪਹਿਲਾਂ ਤੋਂ ਹੀ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਤਿੰਨ ਸਾਲ ਲਈ ਮੁੱਢਲੀ ਤਨਖਾਹ (10300) ਦੇ ਕੇ ਸਿੱਖਿਆ ਵਿਭਾਗ ਵਿਚ ਲਿਆਉਣ ਦੀ ਬੇਤੁਕੀ ਅਤੇ ਤਰਕਹੀਣ ਤਜਵੀਜ਼ ਦੇ ਕੇ ਮੁੜ ਕੱਚੇ ਰਾਹ ਲਾਹੁਣ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ, ਜਿਸ ਦਾ ਕੰਪਿਊਟਰ ਫੈਕਲਟੀ ਐਸੋਸੀਏਸ਼ਨ ਪੰਜਾਬ ਅਤੇ ਸਮੁੱਚੇ ਕੰਪਿਊਟਰ ਅਧਿਆਪਕ ਕਾਡਰ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ।
ਆਖਰੀ ਸਾਹ ਭਰ ਰਿਹੈ ਸਿੰਗਲ ਸਿਨੇਮਾ ਹਾਲ
NEXT STORY