ਸ੍ਰੀ ਮੁਕਤਸਰ ਸਾਹਿਬ (ਪਵਨ)-ਸੂਬੇ ਦੇ ਸਰਕਾਰੀ ਸਕੂਲਾਂ 'ਚ ਬਤੌਰ ਕੰਪਿਊਟਰ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ 7000 ਕੰਪਿਊਟਰ ਅਧਿਆਪਕਾਂ ਲਈ ਸਾਲ 2017 ਦੌਰਾਨ ਹਕੂਮਤ ਤਾਂ ਬਦਲ ਗਈ ਹੈ ਪਰ ਹਾਲਾਤ ਨਹੀਂ ਬਦਲੇ। ਇਹ ਪ੍ਰਗਟਾਵਾ ਕੰਪਿਊਟਰ ਮਾਸਟਰ ਯੂਨੀਅਨ (ਸੀ. ਐੱਮ. ਯੂ. ਪੰਜਾਬ) ਦੇ ਆਗੂਆਂ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕੀਤਾ।
ਇਸ ਸਮੇਂ ਕੰਪਿਊਟਰ ਅਧਿਆਪਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਾਲ 2011 ਦੌਰਾਨ ਸੂਬਾ ਸਰਕਾਰ ਵੱਲੋਂ ਪੜਾਅ ਦਰ ਪੜਾਅ 'ਪਿਕਟਸ' ਸੁਸਾਇਟੀ ਅਧੀਨ ਰੈਗੂਲਰ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਕਰ ਕੇ ਉਨ੍ਹਾਂ ਨੂੰ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਵੀ ਕਰ ਦਿੱਤਾ ਗਿਆ ਪਰ ਰੈਗੂਲਰ ਹੋਣ ਦੇ 6 ਸਾਲਾਂ ਦੇ ਲੰਮੇ ਅਰਸੇ ਤੋਂ ਮਗਰੋਂ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਬਣਦੇ ਹੱਕਾਂ ਤੋਂ ਵਾਂਝਾ ਹੀ ਰੱਖਿਆ ਗਿਆ ਹੈ।
ਇਲਾਜ ਤੋਂ ਸੱਖਣੇ ਕੰਪਿਊਟਰ ਅਧਿਆਪਕ
ਕੰਪਿਊਟਰ ਮਾਸਟਰ ਯੂਨੀਅਨ (ਪੰਜਾਬ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਪ੍ਰਭਜੋਤ ਸਿੰਘ ਬੱਲ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿਚ ਕਈ ਅਜਿਹੇ ਕੰਪਿਊਟਰ ਅਧਿਆਪਕ ਹਨ, ਜੋ ਕਿ ਆਪ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਪਰਿਵਾਰਕ ਮੈਂਬਰ ਭਿਆਨਕ ਬੀਮਾਰੀ ਤੋਂ ਪੀੜਤ ਹੈ। ਸੂਬਾ ਸਰਕਾਰ ਦੇ ਬਾਕੀ ਮੁਲਾਜ਼ਮਾਂ ਦੀ ਤਰ੍ਹਾਂ ਰੈਗੂਲਰ ਹੋਣ ਮਗਰੋਂ ਮੈਡੀਕਲ ਰੀਇੰਬਰਸਮੈਂਟ ਦੀ ਸੁਵਿਧਾ ਨਾ ਮਿਲਣ ਕਾਰਨ ਆਪਣਾ ਇਲਾਜ ਕਰਵਾਉਣ 'ਚ ਅਸਮਰਥ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਤਰਾਸਦੀ ਕੀ ਹੋਵੇਗੀ ਕਿ ਪੈਸੇ ਨਾ ਹੋਣ ਕਾਰਨ ਕੁਝ ਕੰਪਿਊਟਰ ਅਧਿਆਪਕਾਂ ਦਾ ਸਮੇਂ ਸਿਰ ਇਲਾਜ ਹੋਣ ਕਰ ਕੇ ਉਨ੍ਹਾਂ ਦੀ ਮੌਤ ਵੀ ਹੋ ਚੁੱਕੀ ਹੈ ਪਰ ਸਰਕਾਰ ਅਤੇ ਅਧਿਕਾਰੀ ਇਸ ਸਬੰਧੀ ਗੰਭੀਰ ਨਹੀਂ ਹਨ।
ਅੰਤ੍ਰਿਮ ਰਾਹਤ ਦੀ ਉਡੀਕ 'ਚ ਲੰਘਿਆ ਇਕ ਸਾਲ
ਮੀਤ ਪ੍ਰਧਾਨ ਰਾਜਦੀਪ ਸਿੰਘ ਮਾਨਸਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਿੱਥੇ ਵਿਧਾਨ ਸਭਾ ਚੋਣਾਂ ਦੌਰਾਨ ਕੰਪਿਊਟਰ ਅਧਿਆਪਕਾਂ ਨੂੰ ਛੱਡ ਕੇ ਸੂਬੇ ਦੇ ਸਮੂਹ ਮੁਲਾਜ਼ਮਾਂ ਨੂੰ ਤਨਖ਼ਾਹ ਕਮਿਸ਼ਨ ਮਿਲਣ ਤੱਕ 5 ਫ਼ੀਸਦੀ ਅੰਤ੍ਰਿਮ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਸੀ, ਉੱਥੇ ਕੰਪਿਊਟਰ ਅਧਿਆਪਕ ਇਕ ਸਾਲ ਬੀਤਣ ਮਗਰੋਂ ਵੀ ਇਸ ਨੂੰ ਪ੍ਰਾਪਤ ਕਰਨ ਲਈ ਹਰ ਹੀਲਾ-ਵਸੀਲਾ ਵਰਤ ਚੁੱਕੇ ਹਨ ਪਰ ਅਧਿਕਾਰੀਆਂ ਦੀ ਪੱਖਪਾਤੀ ਨੀਤੀ ਕਾਰਨ ਉਨ੍ਹਾਂ ਨੂੰ ਅਜੇ ਤੱਕ ਅੰਤ੍ਰਿਮ ਰਾਹਤ ਦਾ ਲਾਭ ਨਹੀਂ ਦਿੱਤਾ ਗਿਆ, ਜੋ ਕਿ ਨਿੰਦਣਯੋਗ ਹੈ।
ਨਵੇਂ ਸਾਲ 'ਚ ਵੀ ਜਾਰੀ ਰਹੇਗਾ ਸੰਘਰਸ਼
ਯੂਨੀਅਨ ਦੇ ਲੀਗਲ ਐਡਵਾਈਜ਼ਰ ਰਾਜ ਸੁਰਿੰਦਰ ਸਿੰਘ ਕਾਹਲੋਂ, ਸੀਨੀਅਰ ਆਗੂ ਬਿਕਰਮ ਮਾਨਸਾ, ਮਨਪ੍ਰੀਤ ਸਿੰਘ ਪਟਿਆਲਾ, ਕੁਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦੇ ਸੂਬੇ ਦੇ ਸਮੂਹ ਕੰਪਿਊਟਰ ਅਧਿਆਪਕਾਂ ਨੂੰ 'ਪਿਕਟਸ' ਸੁਸਾਇਟੀ ਤੋਂ ਸਿੱਖਿਆ ਵਿਭਾਗ 'ਚ ਤਬਦੀਲ ਕਰਦੇ ਹੋਏ ਉਨ੍ਹਾਂ ਦੇ ਸਾਰੇ ਜਾਇਜ਼ ਹੱਕਾਂ ਨੂੰ ਬਹਾਲ ਕਰਦਿਆਂ ਉਨ੍ਹਾਂ ਨੂੰ ਬਣਦੇ ਲਾਭ ਨਹੀਂ ਦਿੱਤੇ ਤਾਂ ਯੂਨੀਅਨ ਵੱਲੋਂ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਅਤੇ ਨਵੇਂ ਸਾਲ 'ਚ ਵੀ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ਤੋਂ ਹੀ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਸਬੰਧੀ ਰਣਨੀਤੀ ਜਨਵਰੀ ਮਹੀਨੇ ਦੇ ਦੂਜੇ ਹਫ਼ਤੇ ਹੋਣ ਵਾਲੀ ਸੂਬਾ ਪੱਧਰੀ ਮੀਟਿੰਗ 'ਚ ਉਲੀਕੀ ਜਾਵੇਗੀ। ਇਸ ਸਮੇਂ ਦੀਪ ਕੁਮਾਰ, ਸੰਜੀਵ ਤੁੱਲੀ, ਜੀਵਨ ਜੋਤੀ, ਸਰਬਜੀਤ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਪਟਿਆਲਾ, ਸੁਖਵਿੰਦਰ ਸਿੰਘ, ਮਨਜਿੰਦਰ ਸਿੰਘ, ਦਵਿੰਦਰ ਸਿੰਘ ਆਦਿ ਮੌਜੂਦ ਸਨ।
ਸ਼ਾਰਟ-ਸਰਕਟ ਨਾਲ ਸਕੂਟਰੀ ਨੂੰ ਲੱਗੀ ਅੱਗ
NEXT STORY