ਮੋਹਾਲੀ- ਪਿਛਲੇ ਡੇਢ ਦਹਾਕੇ ਤੋਂ ਆਪਣੇ ਜਾਇਜ਼ ਹੱਕਾਂ ਦੀ ਬਹਾਲੀ ਲਈ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਲਈ ਭਾਵੇਂ ਸਰਕਾਰ ਬਦਲ ਗਈ ਹੈ ਪਰ ਹਾਲਾਤ ਨਹੀਂ ਬਦਲੇ ਅਤੇ ਉਨ੍ਹਾਂ ਦੇ ਹੱਕਾਂ ਦਾ ਘਾਣ ਬਦਸਤੂਰ ਜਾਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕੰਪਿਊਟਰ ਮਾਸਟਰ ਯੂਨੀਅਨ ਪੰਜਾਬ ਦੀ ਸੂਬਾ ਇਕਾਈ ਵਲੋਂ ਕੀਤਾ ਗਿਆ।
ਛੁੱਟੀਆਂ ਸਬੰਧੀ ਜਾਰੀ ਹੁਕਮ ਸੌੜੀ ਸੋਚ ਤੇ ਪੱਖਪਤ ਦਾ ਨਤੀਜਾ : ਕੰਪਿਊਟਰ ਮਾਸਟਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਇਸ ਨੂੰ ਵਿਭਾਗ ਦੇ ਅਧਿਕਾਰੀਆਂ ਦੀ ਸੌੜੀ ਸੋਚ ਦਾ ਨਤੀਜਾ ਹੀ ਕਿਹਾ ਜਾਵੇਗਾ ਕਿ ਅੱਜ ਜੋ ਕੰਪਿਊਟਰ ਅਧਿਆਪਕਾਂ ਦੀਆਂ ਛੁੱਟੀਆਂ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ, ਉਸ ਵਿਚ ਕੰਪਿਊਟਰ ਅਧਿਆਪਕਾਂ ਨੂੰ 20 ਦੀ ਥਾਂ 15 ਅੱਧੀ ਤਨਖਾਹ ਦੇ ਨਾਲ ਮੈਡੀਕਲ ਛੁੱਟੀਆਂ ਦੇਣ ਦੀ ਗੱਲ ਆਖੀ ਗਈ ਹੈ। ਇੰਨਾ ਹੀ ਨਹੀਂ, ਕਮਾਈ ਛੁੱਟੀਆਂ ਨੂੰ ਅਗਲੇ ਸਾਲ ਵਿਚ ਜੋੜਨ 'ਤੇ ਪਾਬੰਦੀ ਲਾਉਂਦੇ ਹੋਏ ਉਨ੍ਹਾਂ ਦੀ ਇਨਕੈਸ਼ਮੈਂਟ ਨਾ ਦੇਣ ਦੇ ਵੀ ਹੁਕਮ ਦਿੱਤੇ ਗਏ ਹਨ, ਜੋ ਕਿ ਹਾਸੋਹੀਣਾ ਹੋਣ ਦੇ ਨਾਲ-ਨਾਲ ਪੱਖਪਾਤੀ ਵੀ ਹੈ ਕਿਉਂਕਿ ਕੰਪਿਊਟਰ ਅਧਿਆਪਕਾਂ ਨੂੰ ਛੱਡ ਕੇ ਪੰਜਾਬ ਸਰਕਾਰ ਦਾ ਹੋਰ ਕੋਈ ਵੀ ਕਰਮਚਾਰੀ ਅਜਿਹਾ ਨਹੀਂ, ਜਿਸ 'ਤੇ ਅਜਿਹੇ ਹਾਸੋਹੀਣੇ ਤੇ ਤੁਗਲਕੀ ਹੁਕਮ ਲਾਗੂ ਹੁੰਦੇ ਹੋਣ।
ਸਮੂਹ ਆਗੂਆਂ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਲੋਂ ਉਨ੍ਹਾਂ ਨੂੰ ਜਾਰੀ ਨਿਯੁਕਤੀ ਪੱਤਰਾਂ ਵਿਚ ਇਹ ਸਾਫ-ਸਾਫ ਲਿਖਿਆ ਗਿਆ ਹੈ ਕਿ ਉਨ੍ਹਾਂ 'ਤੇ ਪੰਜਾਬ ਸਿਵਲ ਸੇਵਾਵਾਂ ਵਾਲੇ ਸਾਰੇ ਨਿਯਮ ਅਤੇ ਸ਼ਰਤਾਂ ਲਾਗੂ ਹੋਣਗੇ ਪਰ ਅਧਿਕਾਰੀਆਂ ਨੇ ਸਾਰੇ ਨਿਯਮ-ਕਾਨੂੰਨਾਂ ਨੂੰ ਛਿੱਕੇ ਟੰਗ ਕੇ ਆਪਣੀ ਮਰਜ਼ੀ ਮੁਤਾਬਿਕ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ, ਜੋ ਕਿ ਨਿਰੋਲ ਨਾਦਰਸ਼ਾਹੀ ਹੈ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਭਾਈਵਾਲ ਜਥੇਬੰਦੀ ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਆਪਣੇ ਹੱਕਾਂ ਦੀ ਬਹਾਲੀ ਲਈ ਆਵਾਜ਼ ਬੁਲੰਦ ਕਰਨ ਦੇ ਲਈ 2 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿਚ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ ਕੰਪਿਊਟਰ ਮਾਸਟਰ ਯੂਨੀਅਨ ਪੰਜਾਬ ਆਪਣੀ ਪੂਰੀ ਟੀਮ ਦੇ ਨਾਲ ਸ਼ਿਰਕਤ ਕਰਦੇ ਹੋਏ ਆਪਣੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਯੂਨੀਅਨ ਵਲੋਂ ਜਲਦ ਹੀ ਆਗਾਮੀ ਸੰਘਰਸ਼ ਦੀ ਰੂਪ-ਰੇਖਾ ਤਿਆਰ ਕਰਦੇ ਹੋਏ ਜ਼ਿਲ੍ਹਾ ਵਾਈਜ਼ ਰੋਸ ਮੁਜ਼ਾਹਰੇ, ਧਰਨਿਆਂ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ, ਜਿਸ ਸਬੰਧੀ ਤਰੀਕਾਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰਭਜੋਤ ਸਿੰਘ ਬੱਲ ਸੂਬਾ ਸੀਨੀਅਰ ਮੀਤ ਪ੍ਰਧਾਨ, ਰਾਜਦੀਪ ਸਿੰਘ ਮਾਨਸਾ ਸੂਬਾ ਮੀਤ ਪ੍ਰਧਾਨ, ਖ਼ਜ਼ਾਨਚੀ ਮਨਪ੍ਰੀਤ ਸਿੰਘ, ਲੀਗਲ ਐਡਵਾਈਜ਼ਰ ਰਾਜ ਸੁਰਿੰਦਰ ਕਾਹਲੋਂ, ਬਿਕਰਮ ਮਾਨਸਾ, ਦਵਿੰਦਰ ਸਿੰਘ, ਰਘੁਬੀਰ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ, ਦੀਪਕ ਕੁਮਾਰ, ਸੰਜੀਵ ਤੁਲੀ, ਜੀਵਨ ਜੋਤੀ, ਮਨਜੋਤ ਸਿੰਘ, ਗੁਰਸਿਮਰਨ ਸਿੰਘ, ਸੰਜੀਵ, ਮਨਵੀਰ ਸਿੰਘ, ਦਵਿੰਦਰ, ਪਵਨਦੀਪ ਸਿੰਘ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਕੰਪਿਊਟਰ ਅਧਿਆਪਕ ਹਾਜ਼ਰ ਸਨ।
ਵਧ ਸਕਦੀਆਂ ਨੇ ਸੂਬਾ ਸਰਕਾਰ ਦੀਆਂ ਮੁਸ਼ਕਿਲਾਂ
ਆਪਣੇ ਹੱਕਾਂ ਦੀ ਬਹਾਲੀ ਲਈ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵਲੋਂ 2 ਅਕਤੂਬਰ ਨੂੰ ਦੀਨਾਨਗਰ (ਗੁਰਦਾਸਪੁਰ) ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲੇ ਨਜ਼ਰ ਆ ਰਹੇ ਹਨ ਕਿਉਂਕਿ 11 ਅਕਤੂਬਰ ਨੂੰ ਗੁਰਦਾਸਪੁਰ ਵਿਖੇ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਹੋਣੀ ਹੈ, ਜੋ ਕਿ ਸਰਕਾਰ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਅਜਿਹੇ ਵਿਚ ਜੇਕਰ ਕੰਪਿਊਟਰ ਅਧਿਆਪਕਾਂ ਵਲੋਂ ਸੂਬਾ ਪੱਧਰੀ ਰੈਲੀ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਸੂਬਾ ਸਰਕਾਰ ਦੀਆਂ ਮੁਸ਼ਕਿਲਾਂ ਵਿਚ ਭਾਰੀ ਵਾਧਾ ਹੋਣਾ ਲਾਜ਼ਮੀ ਹੈ।
ਮੰਦਰ ਕਮੇਟੀ ਨੇ ਪੁਲਸ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ
NEXT STORY