ਅੰਮ੍ਰਿਤਸਰ (ਪ੍ਰਵੀਨ ਪੁਰੀ) - ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਜਿਥੇ ਦੇਸ਼ ਦੀ ਅਰਥਵਿਵਸਥਾ ਵਿਗੜ ਗਈ ਹੈ, ਉਥੇ ਵਪਾਰੀ ਵਰਗ ਵੱਡੇ ਤਣਾਅ 'ਚ ਹੈ ਪਰ ਕੇਂਦਰ ਸਰਕਾਰ ਆਪਣੀ ਇਸ ਗਲਤੀ ਨੂੰ ਸੁਧਾਰਨ ਦੀ ਬਜਾਏ ਆਮ ਲੋਕਾਂ ਦੇ ਨਾਲ-ਨਾਲ ਵਪਾਰੀ ਵਰਗ ਨੂੰ ਵੀ ਹਨੇਰੇ 'ਚ ਧੱਕਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਢੇ 3 ਸਾਲਾਂ 'ਚ ਦੇਸ਼ ਦੀ ਆਰਥਿਕ ਤੌਰ 'ਤੇ ਮੰਦਹਾਲੀ ਹੋਈ ਹੈ, ਜਿਸ ਕਾਰਨ ਵੱਡੇ-ਵੱਡੇ ਅਰਥ ਸ਼ਾਸਤਰੀ ਚਿੰਤਾ 'ਚ ਡੁੱਬੇ ਹੋਏ ਹਨ ਪਰ ਇਕ ਹਾਰਿਆ ਹੋਇਆ ਆਗੂ ਜੋ ਦੇਸ਼ ਦਾ ਖਜ਼ਾਨਾ ਮੰਤਰੀ ਬਣਿਆ ਹੈ, ਨੂੰ ਲੋਕਾਂ ਤੇ ਵਪਾਰੀਆਂ ਦੀ ਕੋਈ ਵੀ ਲੱਥੀ-ਚੜ੍ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਬੁੱਧੀਜੀਵੀ ਚਿੰਤਾ 'ਚ ਹਨ, ਜਦੋਂ ਕਿ ਸਰਕਾਰ ਸਿਰਫ ਆਪਣੀਆਂ ਨਾਲਾਇਕੀਆਂ 'ਤੇ ਪਰਦਾ ਪਾਉਣ 'ਚ ਲੱਗੀ ਹੋਈ ਹੈ।
ਗੁਰਜੀਤ ਸਿੰਘ ਔਜਲਾ ਨੇ ਅਰੁਣ ਜੇਤਲੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਨੋਟਬੰਦੀ ਤੇ ਜੀ. ਐੱਸ. ਟੀ. 'ਤੇ ਮਾਣ ਹੈ ਤਾਂ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਅੰਮ੍ਰਿਤਸਰ ਤੋਂ ਮੁੜ ਚੋਣ ਲੜਨ ਦਾ ਐਲਾਨ ਕਰਨ ਜਾਂ ਆਪਣੀਆਂ ਗਲਤ ਨੀਤੀਆਂ ਜਿਨ੍ਹਾਂ ਕਾਰਨ ਦੇਸ਼ ਕੰਗਾਲੀ ਵੱਲ ਵੱਧ ਰਿਹਾ ਹੈ, ਲਈ ਮੁਆਫੀ ਮੰਗ ਕੇ ਅਹੁਦਾ ਛੱਡਣ। ਸਰਕਾਰ ਦਾ ਮੁੱਖ ਮਕਸਦ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨਾ ਹੁੰਦਾ ਹੈ ਪਰ ਮੋਦੀ ਸਰਕਾਰ ਮੁਸ਼ਕਿਲਾਂ ਵਧਾ ਹੀ ਨਹੀਂ ਰਹੀ ਸਗੋਂ ਉਨ੍ਹਾਂ ਨੂੰ ਉਲਝਾਉਣ 'ਚ ਲੱਗੀ ਹੋਈ ਹੈ। ਜੀ. ਐੱਸ. ਟੀ. ਦੀ ਵਿਆਖਿਆ ਗਰੀਬ ਸੂਲੀ ਟੰਗ 'ਤਾ ਦੇ ਤੌਰ 'ਤੇ ਹੋ ਰਹੀ ਹੈ। ਸਰਕਾਰ ਡੰਡੇ ਨਾਲ ਟੈਕਸ ਇਕੱਠਾ ਕਰਨ ਦੀ ਨੀਤੀ ਤਿਆਗੇ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਬਹੁਤ ਹੇਠਾਂ ਡਿੱਗ ਗਈਆਂ ਹਨ ਪਰ ਮੋਦੀ ਸਰਕਾਰ ਪਹਿਲਾਂ ਦੀ ਤਰ੍ਹਾਂ ਹੀ ਤੇਲ ਦੀ ਲੁੱਟ ਰਾਹੀਂ ਖਜ਼ਾਨੇ ਭਰਨ ਦੀ ਕੋਸ਼ਿਸ਼ ਕਰ ਰਹੀ ਹੈ।
ਅੰਮ੍ਰਿਤਸਰ ਨੂੰ 3 ਸਟੇਸ਼ਨਾਂ ਦੀ ਲੋੜ
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਵਿਸਥਾਰ ਸਮੇਂ ਦੀ ਲੋੜ ਬਣ ਚੁੱਕੀ ਹੈ। ਇਸ ਸਮੇਂ ਉਹ ਰੇਲ ਮੰਤਰਾਲੇ ਦੇ ਮੰਤਰੀ ਨੂੰ ਮਿਲਣ ਜਾ ਰਹੇ ਹਨ ਤੇ ਮੰਗ ਕਰਨ ਜਾ ਰਹੇ ਹਨ ਕਿ ਮੁੱਖ ਰੇਲਵੇ ਸਟੇਸ਼ਨ ਨੂੰ ਆਧੁਨਿਕ ਸਹੂਲਤਾਂ ਦੇਣ ਤੋਂ ਇਲਾਵਾ ਮਾਨਾਂਵਾਲਾ ਰੇਲਵੇ ਸਟੇਸ਼ਨ ਨੂੰ ਮਾਲ ਤੇ ਛੇਹਰਟਾ ਰੇਲਵੇ ਸਟੇਸ਼ਨ ਨੂੰ ਕੈਂਟ ਦੇ ਤੌਰ 'ਤੇ ਵਿਕਸਿਤ ਕੀਤਾ ਜਾਵੇ। ਅੰਮ੍ਰਿਤਸਰ, ਪਠਾਨਕੋਟ ਅਤੇ ਮਖੂ-ਪੱਟੀ ਰੇਲਵੇ ਲਾਈਨਾਂ ਦੇ ਅਧੂਰੇ ਕੰਮਾਂ ਨੂੰ ਪੂਰਾ ਕੀਤਾ ਜਾਵੇ ਤੇ ਦਿੱਲੀ ਤੋਂ ਅੰਮ੍ਰਿਤਸਰ ਟਰੇਨ ਦੀ ਸਪੀਡ ਜੋ 110 ਪ੍ਰਤੀ ਘੰਟਾ ਹੈ, ਨੂੰ 160 ਪ੍ਰਤੀ ਘੰਟਾ ਤੱਕ ਕੀਤਾ ਜਾਵੇ।
ਏਅਰ ਇੰਡੀਆ ਅੰਮ੍ਰਿਤਸਰ ਨਾਲ ਕਰ ਰਹੀ ਹੈ ਮਤਰੇਈ ਮਾਂ ਵਾਲਾ ਸਲੂਕ
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਏਅਰ ਇੰਡੀਆ ਅੰਮ੍ਰਿਤਸਰ ਨੂੰ ਕੁਝ ਏਅਰ ਟ੍ਰੈਫਿਕ ਮਾਫੀਆ ਦੇ ਹੱਥਾਂ 'ਚ ਦੇ ਕੇ ਪ੍ਰਫੁੱਲਿਤ ਨਹੀਂ ਹੋਣ ਦੇਣਾ ਚਾਹੁੰਦੀ। ਪਿਛਲੇ ਲੰਬੇ ਸਮੇਂ ਤੋਂ ਏਅਰ ਇੰਡੀਆ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੋਂ ਸਿੱਧੀਆਂ ਉਡਾਣਾਂ ਲਈ ਕੋਈ ਵੀ ਹੁੰਗਾਰਾ ਨਹੀਂ ਭਰ ਰਹੀ ਸਗੋਂ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਦਲੀਲਾਂ ਵੀ ਹਾਸੋਹੀਣੀਆਂ ਹਨ। ਉਨ੍ਹਾਂ ਕਿਹਾ ਕਿ ਏਅਰ ਕੈਨੇਡਾ ਤੇ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਲਈ ਦਬਾਅ ਬਣਾਉਣ ਵਾਸਤੇ 18 ਪੰਜਾਬੀ ਮੈਂਬਰ ਪਾਰਲੀਮੈਂਟ ਪ੍ਰਧਾਨ ਮੰਤਰੀ ਤੇ ਸੰਬੰਧਿਤ ਵਿਭਾਗ ਨੂੰ ਮਿਲ ਰਹੇ ਹਨ ਅਤੇ ਇਸ ਸਬੰਧੀ ਜਲਦੀ ਹੀ ਗੱਲਬਾਤ ਸ਼ੁਰੂ ਹੋਣ ਦੇ ਆਸਾਰ ਬਣ ਗਏ ਹਨ।
ਕੈਪਟਨ ਸਰਕਾਰ ਲੋਕਾਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕਰੇਗੀ : ਵਿਧਾਇਕ ਪਿੰਕੀ
NEXT STORY