ਜਲੰਧਰ (ਚੋਪੜਾ) : ਪੰਜਾਬ ਸਰਕਾਰ ਖ਼ਿਲਾਫ਼ ਕਾਂਗਰਸ ਨੇ ਮੋਰਚਾ ਖੋਲ੍ਹਦੇ ਹੋਏ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ ਅਤੇ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਇੰਚਾਰਜ ਸੁਰਿੰਦਰ ਕੌਰ ਦੀ ਅਗਵਾਈ ਵਿਚ ਕਾਂਗਰਸ ਵਰਕਰ ਟਾਂਡਾ ਵਿਚ 19 ਸਾਲਾ ਅਰਸ਼ਦੀਪ ਖ਼ਿਲਾਫ਼ ਝਾੜੂ ਦੀ ਕਥਿਤ ਬੇਅਦਬੀ ਨੂੰ ਲੈ ਕੇ ਦਰਜ ਐੱਫ. ਆਈ. ਆਰ. ਦੇ ਵਿਰੋਧ ਵਿਚ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਦਫਤਰ ਦਾ ਘਿਰਾਓ ਕਰਨ ਪਹੁੰਚੇ। ਇਸ ਦੌਰਾਨ ਵੱਡੀ ਗਿਣਤੀ ਵਿਚ ਮੌਕੇ ’ਤੇ ਤਾਇਨਾਤ ਪੁਲਸ ਫੋਰਸ ਨੇ ਦਫਤਰ ਨੂੰ ਜਾਂਦੀ ਗਲੀ ਦੇ ਬਾਹਰ ਬੈਰੀਕੇਡ ਲਾ ਕੇ ਹੱਥ ਵਿਚ ਝਾੜੂ ਲਹਿਰਾਉਂਦੇ ਕਾਂਗਰਸੀ ਵਰਕਰਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਕੈਬਨਿਟ ਮੰਤਰੀ ਦੇ ਦਫਤਰ ਤਕ ਪਹੁੰਚਣ ਨੂੰ ਲੈ ਕੇ ਕੀਤੀ ਗਈ ਜੱਦੋ-ਜਹਿਦ ਵਿਚ ਪੁਲਸ ਅਤੇ ਵਰਕਰਾਂ ਵਿਚਕਾਰ ਜੰਮ ਕੇ ਧੱਕਾ-ਮੁੱਕੀ ਹੋਈ।
ਇਸ ਦੌਰਾਨ ਕਾਂਗਰਸੀ ਆਗੂਆਂ ਨੇ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਪਾਰਟੀ ਦੇ ਚੋਣ ਚਿੰਨ੍ਹ ‘ਝਾੜੂ’ ਦੀ ਕਥਿਤ ਬੇਅਦਬੀ ਦੇ ਮਾਮਲੇ ਵਿਚ ਕਾਂਗਰਸੀ ਵਰਕਰਾਂ ’ਤੇ ਦਰਜ ਐੱਫ. ਆਈ. ਆਰ. ਅਤੇ ਅਪਰਾਧਿਕ ਮੁਕੱਦਮਿਆਂ ਦੀ ਸਖ਼ਤ ਨਿੰਦਾ ਕੀਤੀ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਨਤਾ ਨਾਲ ਕੀਤੇ ਗਏ ਆਪਣੇ ਵਾਅਦੇ ਪੂਰੇ ਕਰਨ ਵਿਚ ਪੂਰੀ ਤਰ੍ਹਾਂ ਫੇਲ ਰਹੀ ਹੈ ਅਤੇ ਹੁਣ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਸਿਆਸਤ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਰਾਜਿੰਦਰ ਬੇਰੀ ਅਤੇ ਸੁਰਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਪੂਰੀ ਤਰ੍ਹਾਂ ਬਦਲ ਚੁੱਕੀਆਂ ਹਨ। ਜਨਤਾ ਦੇ ਮੁੱਦੇ ਹੱਲ ਕਰਨ ਦੀ ਬਜਾਏ ਪੁਲਸ ਅਤੇ ਪ੍ਰਸ਼ਾਸਨ ਦੀ ਵਰਤੋਂ ਸਿਆਸੀ ਬਦਲਾਖੋਰੀ ਲਈ ਕੀਤੀ ਜਾ ਰਹੀ ਹੈ।

ਕਾਂਗਰਸੀ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਪੀੜਤ ਪਰਿਵਾਰਾਂ ਨੂੰ ਨਿਆਂ ਦੇਣ ਦਾ ਵੱਡਾ ਵਾਅਦਾ ਕੀਤਾ ਸੀ ਪਰ ਅੱਜ ਤਕ ਉਨ੍ਹਾਂ ਮਾਮਲਿਆਂ ਵਿਚ ਠੋਸ ਕਾਰਵਾਈ ਨਹੀਂ ਹੋਈ। ਇਸ ਦੇ ਉਲਟ ‘ਆਪ’ ਸਰਕਾਰ ਇਕ ਸਿਆਸੀ ਪਾਰਟੀ ਦੇ ਚੋਣ ਚਿੰਨ੍ਹ ਨਾਲ ਜੁੜੇ ਵਿਵਾਦ ਨੂੰ ਆਧਾਰ ਬਣਾ ਕੇ ਕਾਂਗਰਸੀ ਵਰਕਰਾਂ ਖ਼ਿਲਾਫ਼ ਕੇਸ ਦਰਜ ਕਰਨ ਵਿਚ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਬਦਲੇ ਦੀ ਸਿਆਸਤ ਨਹੀਂ, ਸਗੋਂ ਨਿਆਂ ਅਤੇ ਜਵਾਬਦੇਹੀ ਲਈ ਵੋਟਾਂ ਪਾਈਆਂ ਸਨ। ਰਾਜਿੰਦਰ ਬੇਰੀ ਅਤੇ ਸੁਰਿੰਦਰ ਕੌਰ ਨੇ ਬੀਤੇ ਦਿਨੀਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆਈ. ਟੀ. ਆਈ. ਪਾਸ ਲਾਈਨਮੈਨ ਨੌਕਰੀ ਉਮੀਦਵਾਰਾਂ ’ਤੇ ਪੰਜਾਬ ਪੁਲਸ ਵੱਲੋਂ ਕੀਤੇ ਗਏ ਕਥਿਤ ਲਾਠੀਚਾਰਜ ਦੀ ਵੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਨੂੰ ਸੁਣਨ ਦੀ ਬਜਾਏ ਉਨ੍ਹਾਂ ’ਤੇ ਤਾਕਤ ਦੀ ਵਰਤੋਂ ਕਰਨਾ ਲੋਕਤੰਤਰ ਦੇ ਖ਼ਿਲਾਫ਼ ਹੈ। ਕਾਂਗਰਸ ਨੇ ਮੰਗ ਕੀਤੀ ਕਿ ਵਰਕਰਾਂ ਖ਼ਿਲਾਫ਼ ਦਰਜ ਕੀਤੇ ਗਏ ਕਥਿਤ ਸਿਆਸਤ ਤੋਂ ਪ੍ਰੇਰਿਤ ਮੁਕੱਦਮੇ ਤੁਰੰਤ ਵਾਪਸ ਲਏ ਜਾਣ, ਸ਼ਾਂਤੀਪੂਰਨ ਪ੍ਰਦਰਸ਼ਨ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਸਤਿਕਾਰ ਕੀਤਾ ਜਾਵੇ ਅਤੇ ਨੌਜਵਾਨਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ।
ਇਹ ਵੀ ਪੜ੍ਹੋ : ਗਹਿਣਿਆਂ ਦੀ ਦੁਕਾਨ ਲੁੱਟਣ ਵਾਲੇ ਤਿੰਨ ਲੁਟੇਰੇ ਕਾਬੂ; ਮਾਲਕ ਦਾ ਰਿਵਾਲਵਰ ਤੇ ਕਾਰ ਬਰਾਮਦ
ਸੂਬਾ ਮਹਿਲਾ ਕਾਂਗਰਸ ਦੀ ਸਲਾਹਕਾਰ ਕਮੇਟੀ ਦੀ ਮੈਂਬਰ ਅਤੇ ਕੌਂਸਲਰ ਡਾ. ਜਸਲੀਨ ਸੇਠੀ, ਐੱਸ. ਸੀ. ਡਿਪਾਰਟਮੈਂਟ ਦੇ ਸੂਬਾ ਜਨਰਲ ਸਕੱਤਰ ਬ੍ਰਹਮਦੇਵ ਸਹੋਤਾ, ਪੰਜਾਬ ਯੂਥ ਕਾਂਗਰਸ ਦੇ ਸਕੱਤਰ ਅੰਗਦ ਦੱਤਾ, ਸੋਸ਼ਲ ਮੀਡੀਆ ਸੈੱਲ ਦੇ ਜ਼ਿਲਾ ਚੇਅਰਮੈਨ ਰੋਹਨ ਚੱਢਾ, ਜ਼ਿਲਾ ਬੁਲਾਰੇ ਸੋਨੂੰ ਸੰਧਰ ਅਤੇ ਹੋਰ ਆਗੂਆਂ ਨੇ ਕਿਹਾ ਕਿ ਸਰਕਾਰ ਬਦਲੇ ਦੀ ਭਾਵਨਾ ਨੂੰ ਤਿਆਗ ਕੇ ਐੱਫ. ਆਈ. ਆਰ. ਨੂੰ ਤੁਰੰਤ ਰੱਦ ਕਰੇ। ਕਾਂਗਰਸ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਝੂਠੇ ਮੁਕੱਦਮਿਆਂ ਅਤੇ ਦਬਾਅ ਦੀ ਸਿਆਸਤ ਨਾਲ ਕਾਂਗਰਸੀ ਵਰਕਰਾਂ ਨੂੰ ਡਰਾਇਆ ਨਹੀਂ ਜਾ ਸਕਦਾ। ਪਾਰਟੀ ਦੇ ਨਿਡਰ ਅਤੇ ਸਮਰਪਿਤ ਵਰਕਰ ਜਨਤਾ ਦੀ ਆਵਾਜ਼ ਉਠਾਉਂਦੇ ਰਹਿਣਗੇ ਅਤੇ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕਰਨਗੇ।
ਪ੍ਰਦਰਸ਼ਨ ਵਿਚ ਕਰਣ ਸੁਮਨ, ਰਾਜੇਸ਼ ਜਿੰਦਲ ਟੋਨੂੰ, ਪਰਮਜੀਤ ਬੱਲ, ਸੰਜੀਵ ਦੂਆ, ਜਗਮੋਹਨ ਛਾਬੜਾ, ਮੁਨੀਸ਼ ਪਾਹਵਾ, ਸਤਪਾਲ ਮੋਨੂੰ, ਹਰਮੀਤ ਸਿੰਘ, ਵਿਪਿਨ ਕੁਮਾਰ, ਰਵੀ ਬੱਗਾ, ਜਤਿੰਦਰ ਜੋਨੀ, ਨੰਦ ਲਾਲ, ਮੁਕੇਸ਼ ਗਰੋਵਰ, ਅਕਸ਼ਵੰਤ ਖੋਸਲਾ, ਰਮੇਸ਼ ਕੁਮਾਰ, ਸੁਧੀਰ ਘੁੱਗੀ, ਨਰੇਸ਼ ਕੁਮਾਰ, ਵਿੱਕੀ ਆਬਾਦਪੁਰਾ, ਹੈਦਰ ਅਲੀ, ਸੁਖਵਿੰਦਰ ਸੋਨੂੰ, ਰੌਕੀ ਚੱਢਾ, ਵਿਨੈ ਕੁਮਾਰ, ਦੀਪਕ ਯਾਦਵ, ਪ੍ਰੇਮ ਪਾਲ ਡੁਮੇਲੀ, ਅਤੁਲ ਚੱਢਾ ਅਤੇ ਹੋਰ ਵਰਕਰ ਵੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਇਨ੍ਹਾਂ ਇਲਾਕਿਆਂ 'ਚ ਪੂਰਾ ਦਿਨ ਬੰਦ ਰਹੇਗੀ ਬੱਤੀ
NEXT STORY