ਜਲਾਲਾਬਾਦ(ਬੰਟੀ)—ਅੰਗਹੀਣਾਂ, ਬਜ਼ੁਰਗਾਂ ਅਤੇ ਆਸ਼ਰਿਤਾਂ ਦੀਆਂ ਬਕਾਇਆ ਪੈਨਸ਼ਨਾਂ ਲਈ ਗਠਿਤ ਅਸੂਲ ਮੰਚ ਦੀ ਅਹਿਮ ਮੀਟਿੰਗ ਪਿੰਡ ਜਾਨੀਸਰ 'ਚ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਜਥੇਬੰਦੀ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਆਗੂ ਸੁਖਰਾਜ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਵਿਚ 20 ਲੱਖ ਪੈਨਸ਼ਨਰਜ਼ ਸਨ, ਜਿਨ੍ਹਾਂ ਨੂੰ ਸਿਰਫ 250 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਸੀ। ਵੋਟਾਂ ਨੇੜੇ ਆਉਣ 'ਤੇ ਬਾਦਲ ਸਰਕਾਰ ਨੇ ਜੁਲਾਈ 2016 ਤੋਂ 500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਪਰ ਅਕਾਲੀ-ਭਾਜਪਾ ਸਰਕਾਰ ਨੇ ਅਕਤੂਬਰ 2016 ਤੋਂ ਬਾਅਦ ਖਜ਼ਾਨੇ ਦਾ ਦੀਵਾਲਾ ਕੱਢ ਦਿੱਤਾ ਅਤੇ ਪੰਜਾਬ ਦੇ ਅੰਗਹੀਣਾਂ, ਬਜ਼ੁਰਗਾਂ, ਵਿਧਵਾਵਾਂ ਅਤੇ ਆਸ਼ਰਿਤ ਬੱਚਿਆਂ ਨੂੰ ਪੈਨਸ਼ਨ ਦੇਣੀ ਬੰਦ ਕਰ ਦਿੱਤੀ। ਕਾਂਗਰਸ ਪਾਰਟੀ ਵੱਲੋਂ ਇਨ੍ਹਾਂ 20 ਲੱਖ ਲੋਕਾਂ ਨਾਲ 2500 ਰੁਪਏ ਮਹੀਨਾ ਦੇਣ ਦਾ ਵਾਅਦਾ ਕਰ ਕੇ ਸਰਕਾਰ ਤਾਂ ਬਣਾ ਲਈ ਗਈ ਪਰ ਜੁਲਾਈ 2017 ਤੋਂ ਸਿਰਫ 750 ਰੁਪਏ ਪੈਨਸ਼ਨ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਕਾਂਗਰਸ ਸਰਕਾਰ ਨੇ ਮਾਰਚ 2017 ਤੋਂ ਮਗਰੋਂ ਪੈਨਸ਼ਨ ਨਹੀਂ ਦਿੱਤੀ, ਜਦਕਿ ਦੂਜੇ ਪਾਸੇ 4 ਲੱਖ ਲੋਕਾਂ ਦੀ ਪੈਨਸ਼ਨ ਜਾਂਚ ਦੀ ਆੜ ਹੇਠ ਕੱਟ ਦਿੱਤੀ ਗਈ। ਇਨ੍ਹਾਂ ਵਿਚ ਅੱਧੇ ਤੋਂ ਵਧ ਉਹ ਲੋਕ ਹਨ, ਜਿਨ੍ਹਾਂ ਦੇ ਆਧਾਰ ਕਾਰਡਾਂ ਦੇ ਉਪਰ ਗਲਤ ਉਮਰ ਲਿਖੀ ਗਈ ਜਾਂ ਸਿਰਨਾਵੇ ਗਲਤ ਹਨ ਜਾਂ ਬਗੈਰ ਦੇਖੇ ਢਾਈ ਏਕੜ ਦਾ ਵੇਰਵਾ ਪਾ ਕੇ ਪੈਨਸ਼ਨਾਂ ਕੱਟੀਆਂ ਗਈਆਂ ਹਨ ਅਤੇ ਬਹੁਤੇ ਗੈਰ ਹਾਜ਼ਰ ਦਿਖਾਏ ਗਏ। ਪਿਛਲੇ 10 ਕੁ ਦਿਨਾਂ ਵਿਚ ਪੰਜਾਬ ਸਰਕਾਰ ਦੀ ਅਫਸਰਸ਼ਾਹੀ ਨੇ ਅੰਗਹੀਣ ਵਰਗ ਅਤੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਸਬੰਧੀ 2017 ਤੱਕ ਬਕਾਏ ਜਾਰੀ ਕਰਨ ਦੇ ਬਿਆਨ ਜਾਰੀ ਕੀਤੇ ਹਨ ਪਰ ਉਹ ਰਕਮ 125 ਕਰੋੜ ਰੁਪਏ ਹੈ ਜੋ ਕਿ ਇਕ ਮਹੀਨੇ ਦੀ ਬਣਦੀ ਹੈ। ਸਰਕਾਰ 31 ਜਨਵਰੀ ਤੱਕ 9 ਮਹੀਨਿਆਂ ਦਾ ਇਕ ਹਜ਼ਾਰ ਕਰੋੜ ਬਕਾਇਆ ਜਾਰੀ ਕਰੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਅਸੂਲ ਮੰਚ ਇਨ੍ਹਾਂ ਪੈਨਸ਼ਨਾਂ ਦੇ ਸੰਵਿਧਾਨਕ ਅਤੇ ਬੁਨਿਆਦੀ ਹੱਕਾਂ ਲਈ ਸਾਰੀਆਂ ਜਨਤਕ ਜਥੇਬੰਦੀਆਂ ਨਾਲ ਤਾਲਮੇਲ ਕਰ ਕੇ ਅੰਦੋਲਨ ਕਰੇਗਾ, ਜੋ ਪੰਜਾਬ ਦੇ ਇਤਿਹਾਸ ਵਿਚ ਨਿਵੇਕਲ ਅੰਦੋਲਨ ਹੋਵੇਗਾ। ਇਸ ਮੌਕੇ ਸੁਖਰਾਜ ਸਿੰਘ, ਹਰਗੋਬਿੰਦ ਸਿੰਘ ਗੋਸ਼ਾ, ਮਾਣਕ ਕਾਲੇ ਵਾਲਾ, ਮਹਿਲ ਸਿੰਘ, ਨਿਰਮਲਜੀਤ ਸਿੰਘ, ਜਗਸੀਰ ਸਿੰਘ, ਚੰਨਾ ਮਾਹੂਆਨਾ, ਵਿੱਕੀ ਧਾਲੀਵਾਲਾ ਨੇ ਵੀ ਸੰਬੋਧਨ ਕੀਤਾ।
ਪੱਥਰਬਾਜ਼ਾਂ ਨੂੰ ਰਿਹਾਅ ਕਰਨਾ ਸੈਨਾ ਨਾਲ ਨਾਇਨਸਾਫੀ : ਮਹਾਜਨ
NEXT STORY