ਪਟਿਆਲਾ(ਜੋਸਨ)–ਨਗਰ ਨਿਗਮ ਪਟਿਆਲਾ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਅਤੇ ਅਮਰਿੰਦਰ ਸਿੰਘ ਬਜਾਜ ਨੇ ਅੱਜ ਸੀ. ਐੈੱਮ. ਸਿਟੀ ਵਿਚ ਚਰਚਿਤ ਹੋਏ ਕੌਲਾਂ ਵਾਲਾ ਟੋਭਾ ਬਹੁ-ਕਰੋੜੀ ਜ਼ਮੀਨ ਸਕੈਂਡਲ ਨੂੰ ਲੈ ਕੇ ਕਾਂਗਰਸ 'ਤੇ ਤਿੱਖਾ ਰਾਜਸੀ ਹੱਲਾ ਬੋਲਿਆ ਹੈ। ਉਨ੍ਹਾਂ ਆਖਿਆ ਕਿ ਕਾਂਗਰਸੀ ਗੋਰਖਧੰਦਾ ਕਰ ਕੇ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਹੜੱਪਣਾ ਚਾਹੁੰਦੇ ਹਨ ਪਰ ਅਕਾਲੀ ਦਲ ਇਸ ਤਰ੍ਹਾਂ ਨਹੀਂ ਹੋਣ ਦੇਵੇਗਾ। ਲੋਕਾਂ ਸਾਹਮਣੇ ਸੱਚ ਲੈ ਕੇ ਆਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਿਚ ਜੁਅਰਤ ਹੈ ਤਾਂ ਇਸ ਜ਼ਮੀਨ ਦੀ ਤਕਸੀਮ ਕਰਵਾ ਕੇ ਦਿਖਾਏ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਹਿਰ ਪਟਿਆਲਾ ਦੇ 2 ਵੱਡੇ ਟਕਸਾਲੀ ਅਕਾਲੀ ਧੜੇ ਇਕ ਮੰਚ 'ਤੇ ਇਕੱਠੇ ਹੋ ਗਏ ਹਨ। ਅਜੀਤਪਾਲ ਸਿੰਘ ਕੋਹਲੀ ਅਤੇ ਅਮਰਿੰਦਰ ਸਿੰਘ ਬਜਾਜ ਨੇ ਆਖਿਆ ਕਿ 10 ਸਾਲ ਅਸੀਂ ਨਿਗਮ ਦੇ ਮੇਅਰ ਰਹੇ ਪਰ ਕੌਲਾਂ ਵਾਲੇ ਟੋਭੇ ਦੀ ਇਕ ਇੰਚ ਥਾਂ 'ਤੇ ਵੀ ਕਿਸੇ ਨੂੰ ਕਬਜ਼ਾ ਨਹੀਂ ਕਰਨ ਦਿੱਤਾ। ਹੈਰਾਨੀ ਹੈ ਕਿ ਕਾਂਗਰਸ ਰਾਜ ਨੂੰ ਆਇਆਂ ਸਿਰਫ਼ ਇਕ ਸਾਲ ਹੋਇਆ ਹੈ ਤੇ ਸ਼ਹਿਰ ਦੀ ਕਰੋੜਾਂ ਦੀ ਜ਼ਮੀਨ ਵੇਚਣ ਲਈ ਪੂਰਾ ਜ਼ੋਰ ਲਾ ਦਿੱਤਾ ਹੈ। ਸਾਬਕਾ ਮੇਅਰਾਂ ਨੇ ਆਖਿਆ ਕਿ ਜੇ ਕਾਂਗਰਸ ਵਿਚ ਦਮ ਹੈ ਤਾਂ ਉਹ ਇਸ ਜ਼ਮੀਨ ਦੀ ਤਕਸੀਮ ਕਰਵਾਏੇ ਅਤੇ ਇਸ 'ਤੇ ਕਾਬਜ਼ ਲੋਕਾਂ ਖਿਲਾਫ ਕਾਰਵਾਈ ਕਰੇ। ਕਾਂਗਰਸ ਜਾਣ-ਬੁੱਝ ਕੇ ਮਿਲੀਭੁਗਤ ਨਾਲ ਗਲਤ ਤਰੀਕਿਆਂ ਨਾਲ ਨਕਸ਼ੇ ਪਾਸ ਕਰ ਰਹੀ ਹੈ। ਉਨ੍ਹਾਂ ਨਿਗਮ ਅਧਿਕਾਰੀਆਂ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਗੋਰਖਧੰਦੇ ਨੂੰ ਨਾ ਰੋਕਿਆ ਗਿਆ ਤਾਂ ਅਕਾਲੀ ਦਲ ਕਾਂਗਰਸ ਦੇ 'ਚਿੱਟੇ ਘਪਲਿਆਂ' ਨੂੰ ਲੋਕਾਂ ਦੀ ਕਚਹਿਰੀ 'ਚ ਲੈ ਕੇ ਜਾਵੇਗਾ ਤੇ ਜਾਣੂ ਕਰਵਾਏਗਾ। ਹੈਰਾਨੀ ਹੈ ਕਿ ਕਾਂਗਰਸੀ ਮੁੱਖ ਮੰਤਰੀ ਤੇ ਮੌਜੂਦਾ ਮੇਅਰ ਚੰਗੇ ਕੰਮ ਕਰਨ ਦੀ ਥਾਂ ਇਹੋ ਜਿਹੇ ਮਾੜੇ ਕੰਮਾਂ 'ਚ ਲੱਗ ਗਏ ਹਨ। ਉਨ੍ਹਾਂ ਆਖਿਆ ਕਿ ਲੰਘੇ 10 ਸਾਲਾਂ ਵਿਚ ਇਸ ਥਾਂ 'ਤੇ ਨਕਸ਼ੇ ਪਾਸ ਕਰਵਾਉਣ ਲਈ ਉਨ੍ਹਾਂ ਦੇ ਰਾਜਕਾਲ ਵਿਚ ਇਕ ਦਰਜਨ ਤੋਂ ਵੱਧ ਅਰਜ਼ੀਆਂ ਆਈਆਂ ਪਰ ਸਮੁੱਚੀਆਂ ਨੂੰ ਰੱਦ ਕਰ ਦਿੱਤਾ ਗਿਆ। ਚਾਹੀਦਾ ਤਾਂ ਇਹ ਹੈ ਕਿ ਮੌਜੂਦਾ ਪ੍ਰਸ਼ਾਸਨ ਬਿਲਡਿੰਗ ਬਰਾਂਚ ਅਤੇ ਇਸ ਨਕਸ਼ੇ ਪਾਸ ਕਰਨ ਵਾਲੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰੇ। ਕੋਹਲੀ ਅਤੇ ਬਜਾਜ ਨੇਤਾਵਾਂ ਨੇ ਕਿਹਾ ਕਿ ਸ਼ਹਿਰ ਦਾ ਬੇੜ ਗਰਕ ਹੋ ਚੁੱਕਾ ਹੈ। ਸ਼ਹਿਰ ਦੀ ਹਰ ਗਲੀ-ਮੁਹੱਲੇ ਵਿਚ ਸੱਟੇ ਦੀਆਂ ਦੁਕਾਨਾਂ ਖੁੱਲ੍ਹ ਚੁੱਕੀਆਂ ਹਨ। ਨਾਜਾਇਜ਼ ਸ਼ਰਾਬ ਵੱਡੀ ਪੱਧਰ 'ਤੇ ਵੇਚੀ ਜਾ ਰਹੀ ਹੈ। ਸ਼ਹਿਰ ਪੂਰੀ ਤਰ੍ਹਾਂ ਬਰਬਾਦੀ ਦੇ ਕੰਢੇ 'ਤੇ ਹੈ। ਇਸ ਦੀ ਪੂਰੀ ਜ਼ਿੰਮੇਵਾਰ ਕਾਂਗਰਸ ਸਰਕਾਰ ਹੈ। ਦੋਵੇਂ ਨੇਤਾਵਾਂ ਨੇ ਕਿਹਾ ਕਿ ਕਾਂਗਰਸ ਇਨ੍ਹਾਂ ਦੁਰਕਰਮਾਂ ਖਿਲਾਫ਼ ਅਕਾਲੀ ਦਲ ਸੰਘਰਸ਼ ਉਲੀਕੇਗਾ।
ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, ਮੌਤ
NEXT STORY