ਜਲੰਧਰ (ਵਰਿਆਣਾ) - ਕਾਂਗਰਸ ਸਰਕਾਰ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਪ੍ਰੀ-ਪ੍ਰਾਇਮਰੀ ਕਲਾਸਾਂ ਆਧੁਨਿਕ ਢੰਗ ਨਾਲ ਤਿਆਰ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਦੂਜੇ ਪਾਸੇ ਉਕਤ ਕਲਾਸਾਂ 'ਚ ਪੜ੍ਹਨ ਵਾਲੇ ਬੱਚਿਆਂ ਲਈ ਉਚਿਤ ਪ੍ਰਬੰਧ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਨੰਨ੍ਹੇ-ਮੁੰਨੇ ਬੱਚੇ ਠੰਡੀ ਜ਼ਮੀਨ 'ਤੇ ਬੈਠਣ ਨੂੰ ਮਜਬੂਰ ਹਨ।
ਮਕਸੂਦਾਂ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਇਸ ਸਰਦੀ ਦੇ ਮੌਸਮ 'ਚ ਨੰਨ੍ਹੇ-ਮੁੰਨੇ ਬੱਚੇ ਇਕ ਦਰੀ 'ਤੇ ਬੈਠੇ ਦਿਸੇ। ਇਸ ਸਬੰਧੀ ਜਦੋਂ ਸਕੂਲ ਸਟਾਫ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਬੇਸ਼ੱਕ ਉਨ੍ਹਾਂ ਨੂੰ ਪ੍ਰੀ-ਪ੍ਰਾਇਮਰੀ ਕਲਾਸਾਂ ਸਕੂਲ 'ਚ ਲਾਉਣ ਦੇ ਮਕਸਦ ਨਾਲ ਬੱਚਿਆਂ ਨੂੰ ਦਾਖਲ ਕਰਨ ਅਤੇ ਉਨ੍ਹਾਂ ਨੂੰ ਪੜ੍ਹਾਉਣ ਦੇ ਨਿਰਦੇਸ਼ ਹਨ ਪਰ ਸਹੂਲਤਾਂ ਦੀ ਘਾਟ ਕਾਰਨ ਉਹ ਕਈ ਸਮੱਸਿਆਵਾਂ ਨਾਲ ਜੂਝ ਰਹੇ ਹਨ, ਬੱਚਿਆਂ ਦੇ ਬੈਠਣ ਲਈ ਖਾਸ ਪ੍ਰਬੰਧ ਨਹੀਂ ਕੀਤੇ ਗਏ, ਜਿਸ ਸਬੰਧੀ ਪ੍ਰਸ਼ਾਸਨ ਨੂੰ ਦੱਸਿਆ ਗਿਆ ਹੈ। ਬੱਚੇ ਛੋਟੇ ਹੋਣ ਕਰ ਕੇ ਇਨ੍ਹਾਂ ਲਈ ਇਕ ਹੈਲਪਰ ਦੀ ਵੀ ਜ਼ਰੂਰਤ ਹੈ, ਜੋ ਪੂਰੀ ਨਹੀਂ ਹੋਈ। ਇਸ ਕਰ ਕੇ ਉਨ੍ਹਾਂ ਨੂੰ ਬਾਥਰੂਮ ਉਹ ਖੁਦ ਹੀ ਲਿਜਾ ਰਹੇ ਹਨ ਤਾਂ ਜੋ ਉਹ ਕਿਧਰੇ ਸੱਟ ਹੀ ਨਾ ਲਵਾ ਲੈਣ। ਉਨ੍ਹਾਂ ਕਿਹਾ ਕਿ ਸਕੂਲ ਵਿਚ ਹੁਣ ਤੱਕ ਕਰੀਬ 37 ਬੱਚੇ ਪ੍ਰੀ-ਪ੍ਰਾਇਮਰੀ ਕਲਾਸ ਵਿਚ ਦਾਖਲ ਹੋ ਚੁੱਕੇ ਹਨ ਅਤੇ ਉਮੀਦ ਹੈ ਕਿ ਇਹ ਗਿਣਤੀ 100 ਦੇ ਨੇੜੇ ਹੋ ਜਾਵੇਗੀ, ਇਸ ਲਈ ਭਵਿੱਖ ਵਿਚ ਕਮਰੇ ਦੀ ਘਾਟ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਵੀ ਉੱਚ ਅਧਿਕਾਰੀਆਂ ਨੂੰ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਮੌਕੇ 'ਤੇ ਪਹੁੰਚੇ ਸਾਬਕਾ ਕੌਂਸਲਰ ਗੁਰਦੀਪ ਸਿੰਘ ਨਾਗਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਹਾਲਤ ਦੇਖ ਕੇ ਦਿਲ ਪਸੀਜ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹੀਰੋ ਬਣਨ ਦੇ ਚੱਕਰ 'ਚ ਸਰਕਾਰੀ ਸਕੂਲਾਂ ਵਿਚ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਤਾਂ ਕਰਵਾ ਦਿੱਤੀਆਂ ਪਰ ਇਨ੍ਹਾਂ ਬੱਚਿਆਂ ਦੀਆਂ ਜ਼ਿੰਦਗੀਆਂ ਵੱਲ ਜ਼ਰਾ ਜਿੰਨਾ ਵੀ ਧਿਆਨ ਨਹੀਂ ਦਿੱਤਾ, ਜਿਸ ਕਰ ਕੇ ਸਹੂਲਤਾਂ ਦੀ ਘਾਟ ਕਾਰਨ ਸਰਦੀ ਦੇ ਇਸ ਮੌਸਮ ਵਿਚ ਇਹ ਬੱਚੇ ਜ਼ਮੀਨ 'ਤੇ ਬੈਠਣ ਨੂੰ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਮਕਸੂਦਾਂ ਦੇ ਪ੍ਰਾਇਮਰੀ ਸਕੂਲ ਵਿਚ ਗਰਮ ਗੱਦੇ ਅਤੇ ਹੋਰ ਲੋੜੀਂਦੀ ਸਮੱਗਰੀ ਦਿੱਤੀ ਜਾਵੇਗੀ। ਉਧਰ, ਬੱਚਿਆਂ ਦੇ ਮਾਪਿਆਂ ਦਾ ਵੀ ਕਹਿਣਾ ਸੀ ਕਿ ਪ੍ਰੀ-ਪ੍ਰਾਇਮਰੀ ਕਲਾਸ 'ਚ ਅਸੀਂ ਆਪਣੇ ਬੱਚੇ ਜ਼ਰੂਰ ਦਾਖਲ ਕਰਵਾ ਦਿੱਤੇ ਹਨ ਪਰ ਸਹੂਲਤਾਂ ਅਤੇ ਸਾਧਨਾਂ ਦੀ ਘਾਟ ਕਰ ਕੇ ਉਹ ਕਾਫੀ ਪ੍ਰੇਸ਼ਾਨ ਹਨ, ਜਿਸ ਪਾਸੇ ਸੂਬਾ ਸਰਕਾਰ ਨੂੰ ਜਲਦ ਧਿਆਨ ਦੇਣ ਦੀ ਲੋੜ ਹੈ।
ਮਹਿਲਾ ਕਮਿਸ਼ਨ ਤੋਂ ਇਨਸਾਫ ਨਾ ਮਿਲਿਆ ਤਾਂ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੀ : ਅੰਜਲੀ ਸਿੰਘ
NEXT STORY