ਪਟਿਆਲਾ (ਜੋਸਨ): ਸਾਲ 2019 ਨੂੰ ਸੀ. ਐੱਮ. ਸਿਟੀ ਦੇ ਲੋਕ ਅੱਜ ਅਲਵਿਦਾ ਕਹਿ ਦੇਣਗੇ। ਸਮੁੱਚੇ ਸਾਲ ਵਿਚ ਸ਼ਾਹੀ ਸ਼ਹਿਰ ਦੇ ਲੋਕਾਂ ਨੂੰ ਕਾਂਗਰਸ ਸਰਕਾਰ ਦੇ ਲੋਲੀਪੌਪ ਦਾ ਸਾਹਮਣਾ ਕਰਨਾ ਪਿਆ। ਇਕ ਵੀ ਪ੍ਰਾਜੈਕਟ ਪੂਰਾ ਨਹੀਂ ਹੋ ਸਕਿਆ। ਲੋਕਾਂ ਨੂੰ ਵੱਡੀ ਆਸ ਸੀ ਕਿ 2019 ਵਿਚ ਕਈ ਦਹਾਕਿਆਂ ਤੋਂ ਰੁਕੇ ਹੋਏ ਅਹਿਮ ਪ੍ਰਾਜੈਕਟਾਂ ਵਿਚੋਂ ਕੋਈ ਤਾਂ ਪੂਰਾ ਹੋਵੇਗਾ। ਸੀ. ਐੱਮ. ਸਿਟੀ ਹੋਣ ਦੇ ਬਾਵਜੂਦ ਵੀ ਸਿਰਫ ਥੋੜ੍ਹੀਆਂ-ਬਹੁਤੀਆਂ ਸੜਕਾਂ ਬਣਾ ਕੇ ਲੋਕਾਂ ਨੂੰ ਆਉਣ ਵਾਲੇ ਵਧੀਆ ਦਿਨਾਂ ਦਾ ਸ਼ੀਸ਼ਾ ਦਿਖਾਉਂਦੀ ਕਾਂਗਰਸ ਸਰਕਾਰ ਨੇ ਪੂਰਾ ਸਾਲ ਲੰਘਾ ਦਿੱਤਾ ਹੈ। ਅਹਿਮ ਪ੍ਰਾਜੈਕਟਾਂ 'ਤੇ ਬਹੁਤ ਵਾਰ ਚਰਚਾ ਵੀ ਹੋਈ ਪਰ ਇਕ ਵੀ ਪੂਰਾ ਨਹੀਂ ਹੋ ਸਕਿਆ। ਹੁਣ ਤਕਰੀਬਨ ਕਾਂਗਰਸ ਦੇ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ। ਬਾਕੀ ਦੋ ਸਾਲ ਪੈਂਡਿੰਗ ਹਨ। ਸੀ. ਐੱਮ. ਸ਼ਹਿਰ ਦੇ ਵਾਸੀਆਂ ਨੂੰ 2020 ਵਿਚ ਫਿਰ ਕਾਂਗਰਸ ਕੋਲੋਂ ਵੱਡੀਆਂ ਉਮੀਦਾਂ ਹਨ ਕਿ ਸ਼ਾਇਦ ਉਹ ਸ਼ਹਿਰ ਦੇ ਅਹਿਮ ਮੁੱਦੇ ਹੱਲ ਕਰ ਦੇਵੇਗੀ।
ਕੈਨਾਲ ਬੇਸਡ ਟਰੀਟਮੈਂਟ ਪਲਾਂਟ ਕਾਗ਼ਜ਼ਾਂ 'ਚ ਹੀ ਰਿਹਾ ਰੁਲਦਾ
ਸ਼ਾਹੀ ਸ਼ਹਿਰ ਦੇ ਲੋਕਾਂ ਦੀ ਸਭ ਤੋਂ ਵੱਡੀ ਮੰਗ ਕੈਨਾਲ ਬੇਸਡ ਟਰੀਟਮੈਂਟ ਪਲਾਂਟ ਹੈ। ਪਾਣੀ ਲਗਾਤਾਰ ਹੇਠਾਂ ਨੂੰ ਜਾ ਰਿਹਾ ਹੈ। ਹਰ ਸਾਲ ਨਗਰ ਨਿਗਮ ਦੇ ਇਕ ਦਰਜਨ ਤੋਂ ਵੱਧ ਟਿਊਬਵੈੱਲ ਬੰਦ ਹੋ ਜਾਂਦੇ ਹਨ। ਨਿਗਮ ਨੂੰ ਇਨ੍ਹਾਂ ਟਿਊਬਵੈੱਲਾਂ ਤੋਂ ਹਰ ਸਾਲ ਕਰੋੜਾਂ ਰੁਪਏ ਲਾਉਣੇ ਪੈਂਦੇ ਹਨ। 10 ਸਾਲ ਅਕਾਲੀ-ਭਾਜਪਾ ਸਰਕਾਰ ਨੇ ਵੀ ਇਸ ਮੁੱਦੇ ਨੂੰ ਲੈ ਕੇ ਖੂਬ ਰੋਟੀਆਂ ਸੇਕੀਆਂ ਪਰ ਜਦੋਂ ਕਾਂਗਰਸ ਸਰਕਾਰ ਬਣੀ ਤਾਂ ਲੋਕਾਂ ਨੂੰ ਆਸ ਬੱਝੀ ਕਿ ਇਸ ਪ੍ਰਾਜੈਕਟ ਦਾ ਕੁਝ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸ਼ਹਿਰ ਦੇ ਇਸ ਪ੍ਰਾਜੈਕਟ ਲਈ 782 ਕਰੋੜ ਰੁਪਏ ਪਾਸ ਵੀ ਕੀਤੇ ਪਰ ਪਰਨਾਲਾ ਉਥੇ ਦਾ ਉਥੇ ਹੈ। 2019 ਵਿਚ ਕਾਂਗਰਸ ਸ਼ਹਿਰ ਵਾਸੀਆਂ ਨੂੰ ਭਾਖੜਾ ਤੋਂ ਲਿਆ ਕੇ ਪੀਣ ਵਾਲਾ ਪਾਣੀ ਨਹੀਂ ਦੇ ਸਕੀ।
ਡੇਅਰੀ ਪ੍ਰਾਜੈਕਟ ਵੀ ਨਹੀਂ ਹੋ ਸਕਿਆ ਸ਼ੁਰੂ
ਸ਼ਾਹੀ ਸ਼ਹਿਰ ਦੇ ਲੋਕਾਂ ਨੂੰ ਵੱਡੀ ਆਸ ਸੀ ਕਿ 2019 ਵਿਚ ਡੇਅਰੀ ਪ੍ਰਾਜੈਕਟ ਨੂੰ ਕਾਂਗਰਸ ਸਰਕਾਰ ਸ਼ੁਰੂ ਕਰ ਦੇਵੇਗੀ ਪਰ ਇਹ ਸ਼ੁਰੂ ਨਹੀਂ ਹੋ ਸਕਿਆ ਹੈ। ਸ਼ਹਿਰ ਵਿਚ ਡੇਅਰੀਆਂ ਦੀ ਆਮਦ ਬਹੁਤ ਹੈ। ਨਿਗਮ ਦੇ ਅੰਕੜਿਆਂ ਅਨੁਸਾਰ ਸ਼ਾਹੀ ਸ਼ਹਿਰ ਵਿਚ 1200 ਡੇਅਰੀਆਂ ਹਨ, ਜਿਸ ਕਾਰਨ ਲੋਕਾਂ ਨੂੰ ਵੱਡੀ ਸਮੱਸਿਆ ਆਉਂਦੀ ਹੈ। ਸੀਵਰੇਜ ਜਾਮ ਰਹਿੰਦੇ ਹਨ। ਪਹਿਲੀ ਕਾਂਗਰਸ ਸਰਕਾਰ ਵੇਲੇ ਵੀ ਇਸ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਗਿਆ ਸੀ ਪਰ ਕੁਝ ਨਹੀਂ ਹੋ ਸਕਿਆ।
ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਵੀ ਉਥੇ ਦਾ ਉਥੇ
ਸ਼ਹਿਰ ਦਾ ਦੂਜਾ ਵੱਡਾ ਮੁੱਦਾ ਸੀ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ, ਜਿਸ ਸਬੰਧੀ ਕਾਂਗਰਸ ਸਰਕਾਰ 2019 ਵਿਚ ਪੂਰੀ ਤਰ੍ਹਾਂ ਫੇਲ ਹੈ। ਸ਼ਹਿਰ ਦੀ ਗੰਦਗੀ ਅਜੇ ਵੀ ਸਨੌਰ ਰੋਡ 'ਤੇ ਸੁੱਟੀ ਜਾ ਰਹੀ ਹੈ, ਜਿਸ ਕਾਰਨ 8 ਕਾਲੋਨੀਆਂ ਦੇ 3 ਲੱਖ ਤੋਂ ਵੱਧ ਲੋਕ ਦੁਖੀ ਨਜ਼ਰ ਆਉਂਦੇ ਹਨ। ਨਗਰ ਨਿਗਮ ਨੇ ਪਿਛਲੇ ਦਿਨੀਂ ਇਕ ਮਸ਼ੀਨ ਲਾ ਕੇ ਦਾਅਵਾ ਕੀਤਾ ਸੀ ਕਿ ਹੁਣ ਇਸ ਡੰਪ ਦਾ ਹੱਲ ਹੋ ਜਾਵੇਗਾ ਪਰ ਇਹ ਮਸ਼ੀਨ ਬਹੁਤੀ ਕਾਰਗਰ ਸਾਬਤ ਨਹੀਂ ਹੋ ਰਹੀ। ਕੂੜੇ ਦੀ ਮਿਕਦਾਰ ਹੀ ਇੰਨੀ ਜ਼ਿਆਦਾ ਹੈ ਜਿਸ ਲਈ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਲਾਉਣ ਦੀ ਵੱਡੀ ਲੋੜ ਹੈ।
ਬੱਸ ਸਟੈਂਡ ਬਣਿਆ ਲੋਕਾਂ ਲਈ ਸੁਪਨਾ
ਆਧੁਨਿਕ ਬੱਸ ਸਟੈਂਡ ਵੀ ਹੁਣ ਸੀ. ਐੱਮ. ਸ਼ਹਿਰ ਦੇ ਲੋਕਾਂ ਲਈ ਸੁਪਨਾ ਬਣਦਾ ਨਜ਼ਰ ਆ ਰਿਹਾ ਹੈ। 2019 ਵਿਚ ਬੱਸ ਸਟੈਂਡ ਨੂੰ ਲੈ ਕੇ ਪੂਰਾ ਸਾਲ ਖਿੱਚੋਤਾਣੀ ਚਲਦੀ ਰਹੀ। ਕਾਂਗਰਸ ਸਰਕਾਰ ਦੇ ਆਗੂਆਂ ਨੇ ਵੱਡੇ-ਵੱਡੇ ਦਾਅਵੇ ਵੀ ਕੀਤੇ ਪਰ 2019 ਵਿਚ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਆਧੁਨਿਕ ਬੱਸ ਸਟੈਂਡ ਨਸੀਬ ਨਹੀਂ ਹੋ ਸਕਿਆ। ਮੁੱਖ ਮੰਤਰੀ ਦਾ ਆਪਣਾ ਸ਼ਹਿਰ ਹੋਣ ਕਾਰਣ ਜੇਕਰ ਸੀ. ਐੱਮ. ਚਾਹੁਣ ਤਾਂ ਇਹ ਮੁੱਦਾ ਇਕ ਮਹੀਨੇ ਵਿਚ ਹੱਲ ਹੋ ਸਕਦਾ ਸੀ। ਹੁਣ ਲੋਕਾਂ ਨੇ ਨਵੇਂ ਬੱਸ ਸਟੈਂਡ ਦੀ ਆਸ ਹੀ ਛੱਡ ਦਿੱਤੀ ਹੈ।
ਰਾਜਿੰਦਰਾ ਝੀਲ 'ਚ ਨਹੀਂ ਚੱਲ ਸਕੇ ਸ਼ਿਕਾਰੇ
ਸ਼ਹਿਰ ਦੇ ਦਿਲ ਵਿਚ ਬਣੀ ਰਾਜਿੰਦਰਾ ਝੀਲ ਜਿਸ ਦੇ ਇਕ ਪਾਸੇ ਉੱਤਰੀ ਭਾਰਤ ਦਾ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ ਹੈ ਅਤੇ ਦੂਜੇ ਪਾਸੇ ਇਨਸਾਫ਼ ਦਾ ਮੰਦਰ ਹੈ, ਨੂੰ ਵੀ 2019 ਵਿਚ ਨਵਾਂ ਰੂਪ ਨਹੀਂ ਦਿੱਤਾ ਜਾ ਸਕਿਆ। ਕਾਂਗਰਸ ਨੇ ਦਾਅਵੇ ਕੀਤੇ ਸਨ ਕਿ ਇਸ ਝੀਲ ਵਿਚ ਸ਼ਿਕਾਰੇ ਚੱਲਣਗੇ। ਇਹ ਸੈਲਾਨੀਆਂ ਦੀ ਖਿੱਚ ਦਾ ਮੁੱਖ ਕੇਂਦਰ ਬਣੇਗੀ। ਪਿਛਲੇ 20 ਸਾਲਾਂ ਤੋਂ ਇਸ ਝੀਲ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਨੇਤਾ ਰੋਟੀਆਂ ਸੇਕ ਰਹੇ ਹਨ। ਹੁਣ ਇਕ ਆਸ ਬੱਝੀ ਸੀ ਪਰ ਸਾਲ 2019 ਲੰਘ ਗਿਆ ਅਤੇ ਰਾਜਿੰਦਰਾ ਝੀਲ ਖੰਡਰ ਬਣੀ ਹੋਈ ਹੈ।
2019 'ਚ ਨਹੀਂ ਆ ਸਕਿਆ ਕੋਈ ਵੱਡਾ ਪ੍ਰਾਜੈਕਟ
ਕਾਂਗਰਸ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਹਨ ਪਰ ਮੁੱਖ ਮੰਤਰੀ ਆਪਣੇ ਸ਼ਹਿਰ ਵਿਚ ਵੀ ਕੋਈ ਵੀ ਵੱਡੀ ਇੰਡਸਟਰੀ ਨਹੀਂ ਲਿਆ ਸਕੇ, ਜਿਸ ਤੋਂ ਲੋਕ ਨਿਰਾਸ਼ ਹਨ। 2019 ਵਿਚ ਲੋਕਾਂ ਨੂੰ ਵੱਡੀ ਆਸ ਸੀ ਕਿ ਕੋਈ ਵੱਡੀ ਇੰਡਸਟਰੀ ਆਏਗੀ ਅਤੇ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਪਰ ਇਹ ਨਹੀਂ ਹੋ ਸਕਿਆ ਜਿਸ ਤੋਂ ਲੋਕਾਂ 'ਚ ਰੋਸ ਹੈ।
Year Ender 2019 : ਮਾਨ, ਮੂਸੇ ਵਾਲਾ ਤੇ ਢੱਡਰੀਆਂ ਵਾਲੇ ਕਾਰਨ ਸੁਰਖੀਆਂ 'ਚ ਰਿਹਾ ਸੰਗਰੂਰ
NEXT STORY