ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਕਣਕ ਦੀ ਢੁਆਈ ਲਈ ਟਰੱਕ ਯੂਨੀਅਨਾਂ ਤੋਂ ਜ਼ਬਰਦਸਤੀ ਟੈਂਡਰਾਂ ਦੇ ਰੇਟਾਂ ਵਿਚ ਭਾਰੀ ਕਮੀ ਕਰਵਾ ਕੇ ਪੰਜਾਬ ਵਿਚ ਟਰੱਕਾਂ ਦੇ ਕਾਰੋਬਾਰ ਨੂੰ ਤਬਾਹ ਨਾ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸੀ ਆਗੂ ਪੱਲੇਦਾਰ ਯੂਨੀਅਨਾਂ ਨੂੰ ਲੇਬਰ ਦੇ ਠੇਕੇ ਦੇਣ ਬਦਲੇ ਭਾਰੀ ਰਿਆਇਤਾਂ ਦੀ ਮੰਗ ਕਰਕੇ ਉਨ੍ਹਾਂ ਨੂੰ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਪਹਿਲੀ ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਸਰਕਾਰ ਨੇ ਅਜੇ ਤੱਕ ਖਰੀਦੀ ਕਣਕ ਨੂੰ ਗੋਦਾਮਾਂ ਵਿਚ ਪਹੁੰਚਾਉਣ ਲਈ ਟੈਂਡਰ ਦੇਣ ਦੀ ਪ੍ਰਕਿਰਿਆ ਵੀ ਮੁਕੰਮਲ ਨਹੀਂ ਕੀਤੀ। ਸਰਕਾਰ ਨੂੰ ਟਰੱਕ ਯੂਨੀਅਨਾਂ ਨਾਲ ਗੱਲ ਕਰਕੇ ਇਸ ਰੇੜਕੇ ਨੂੰ ਖਤਮ ਕਰਨ ਲਈ ਆਖਦਿਆਂ ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਸਰਕਾਰ ਟਰੱਕਾਂ ਵਾਲਿਆਂ ਨੂੰ ਡਰਾ-ਧਮਕਾ ਕੇ ਆਪਣੀਆਂ ਸ਼ਰਤਾਂ ਮੰਨਣ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਣਕ ਤੇ ਝੋਨੇ ਦੀ ਢੁਆਈ ਲਈ ਸਾਲ 'ਚ 2 ਵਾਰ ਖਰੀਦ ਸੀਜ਼ਨ ਦੌਰਾਨ ਇਸਤੇਮਾਲ ਹੁੰਦੇ 70 ਹਜ਼ਾਰ ਟਰੱਕਾਂ ਵਿਚੋਂ ਘੱਟੋ-ਘੱਟ 80 ਫੀਸਦੀ ਟਰੱਕਾਂ ਦੇ ਡਰਾਈਵਰ ਹੀ ਉਨ੍ਹਾਂ ਦੇ ਮਾਲਕ ਹਨ। ਇਸ ਤੋਂ ਇਲਾਵਾ ਇਨ੍ਹਾਂ ਟਰੱਕਾਂ ਦਾ ਹੋਰ ਕਿਤੇ ਵੀ ਇਸਤੇਮਾਲ ਨਹੀਂ ਹੁੰਦਾ, ਕਿਉਂਕਿ ਪੁਰਾਣੇ ਹੋਣ ਕਰਕੇ ਉਨ੍ਹਾਂ ਨੂੰ ਢੋਆ-ਢੁਆਈ ਲਈ ਲੰਬੀ ਦੂਰੀ ਤੱਕ ਨਹੀਂ ਲਿਜਾਇਆ ਜਾ ਸਕਦਾ।
ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਅਤੇ ਦਲਿਤਾਂ ਲਈ ਕੁਝ ਨਹੀਂ ਕੀਤਾ ਹੈ ਅਤੇ ਨਾ ਹੀ ਨੌਜਵਾਨਾਂ ਲਈ ਨੌਕਰੀਆਂ ਪੈਦਾ ਕੀਤੀਆਂ ਹਨ। ਇਹ ਸਰਕਾਰ ਹੁਣ ਲੋਕਾਂ ਦੀ ਰੋਜ਼ੀ ਖੋਹਣ 'ਤੇ ਤੁਲ ਗਈ ਹੈ, ਜਿਹੜੇ ਟਰੱਕਾਂ ਦੇ ਕਾਰੋਬਾਰ ਰਾਹੀਂ ਆਪਣੇ ਪਰਿਵਾਰ ਨੂੰ ਪਾਲਦੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਾਂਗਰਸੀ ਆਗੂ ਲੇਬਰ ਦੇ ਠੇਕਿਆਂ 'ਚੋਂ ਕਮਾਈ ਕਰਨ ਵਿਚ ਲੱਗੇ ਹਨ ਅਤੇ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ।
ਪਾਣੀ ਦੀ ਕਿੱਲਤ ਤੋਂ ਦੁਖੀ ਲੋਕਾਂ ਖਾਲੀ ਬਾਲਟੀਆਂ ਨਾਲ ਕੀਤਾ ਪ੍ਰਦਰਸ਼ਨ
NEXT STORY