ਮੌੜ ਮੰਡੀ (ਪ੍ਰਵੀਨ)- ਬੀਤੀ ਰਾਤ ਵਾਰਡ ਨੰਬਰ 16 ’ਚ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ’ਚ ਚੱਲ ਰਹੀ ਖਿੱਚੋਤਾਣ ਕਾਰਨ ਵੱਡੀ ਝੜਪ ਹੋ ਗਈ। ਇਸ ਮੌਕੇ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਨੇ ਆਜ਼ਾਦ ਉਮੀਦਵਾਰ ਦੀ ਕਾਰ ਵੀ ਭੰਨ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਜ਼ਾਦ ਉਮੀਦਵਾਰ ਸੁਰੇਸ਼ ਕੁਮਾਰ ਹੈਪੀ ਨੇ ਦੱਸਿਆ ਕਿ ਮੈਨੂੰ ਫੋਨ ’ਤੇ ਜਾਣਕਾਰੀ ਮਿਲੀ ਸੀ ਕਿ ਕਾਂਗਰਸ ਪਾਰਟੀ ਦੇ ਸਮਰਥਕ ਵੋਟਾਂ ਦੀ ਖਰੀਦੋ-ਫਰੋਖਤ ਕਰ ਰਹੇ ਹਨ। ਸੱਚਾਈ ਜਾਨਣ ਲਈ ਮੈਂ ਆਪਣੇ ਲੜਕੇ ਨਰੇਸ਼ ਕੁਮਾਰ ਅਤੇ ਉਸਦੇ ਦੋ ਦੋਸਤਾਂ ਨੂੰ ਵਾਰਡ ’ਚ ਭੇਜਿਆ ਜਦੋਂ ਮੇਰਾ ਲੜਕਾ ਕਾਰ ਲੈ ਕੇ ਡੇਰਾ ਬਾਬਾ ਨਾਥਾ ਵਾਲੀ ਗਲੀ ’ਚੋਂ ਲੰਘਣ ਲੱਗਿਆ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਉਸਦੇ ਸਾਥੀਆਂ ਨੇ ਉਸਦੀ ਕਾਰ ਨੂੰ ਘੇਰ ਲਿਆ ਅਤੇ ਗਾਲੀ-ਗਲੋਚ ਕੀਤੀ, ਜਿਸ ਕਾਰਨ ਦੋਵਾਂ ’ਚ ਤਕਰਾਰਬਾਜ਼ੀ ਹੋ ਗਈ ਅਤੇ ਉਨ੍ਹਾਂ ਨੇ ਮੇਰੇ ਲੜਕੇ ਦੀ ਕੁੱਟਮਾਰ ਕਰ ਦਿੱਤੀ |
ਘਟਨਾ ਦਾ ਪਤਾ ਚਲਦੇ ਹੀ ਦੋਵੇਂ ਧਿਰਾਂ ਦੇ ਸਮਰਥਕ ਇਕੱਠੇ ਹੋ ਗਏ ਅਤੇ ਦੇਖਦੇ ਹੀ ਦੇਖਦੇ ਇਹ ਤਕਰਾਰਬਾਜ਼ੀ ਵੱਡੀ ਝੜਪ ’ਚ ਬਦਲ ਗਈ। ਹੈਪੀ ਨੇ ਦੱਸਿਆ ਕਿ ਉਥੇ ਮੌਜੂਦ ਕੁਝ ਲੋਕਾਂ ਦੇ ਕਹਿਣ ’ਤੇ ਜਦੋਂ ਮੈਂ ਅਤੇ ਮੇਰਾ ਲੜਕਾ ਆਪਣੀ ਗੱਡੀ ਨੂੰ ਵਾਪਸ ਲਿਜਾਣ ਲੱਗੇ ਤਾਂ ਸੱਤਾਧਾਰੀ ਪਾਰਟੀ ਦੇ ਸਮਰਥਕਾਂ ਨੇ ਸਾਡੀ ਗੱਡੀ ਭੰਨ ਦਿੱਤੀ | ਅਸੀਂ ਆਪਣੀ ਜਾਨ ਬਚਾਉਣ ਲਈ ਗੱਡੀ ਉਥੇ ਹੀ ਛੱਡ ਕੇ ਭੱਜ ਆਏ। ਜਿਸ ਦਾ ਫਾਇਦਾ ਉਠਾਉਂਦੇ ਹੋਏ ਵਿਰੋਧੀ ਉਮੀਦਵਾਰ ਦੇ ਸਮਰਥਕਾਂ ਨੇ ਮੇਰੀ ਗੱਡੀ ’ਚ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਮੇਰੇ ਖਿਲਾਫ਼ ਕੂੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਮੇਰੇ ਸਮਰਥਕ ਸ਼ਰਾਬ ਵੰਡ ਰਹੇ ਸਨ। ਕਾਰ ’ਚੋਂ ਸ਼ਰਾਬ ਮਿਲਣ ਸਬੰਧੀ ਜੋ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ, ਉਹ ਵਿਰੋਧੀ ਧਿਰ ਦੀ ਸਾਜ਼ਿਸ਼ ਹੈ ਤਾਂ ਜੋ ਮੇਰੇ ਤੇ ਕੋਈ ਨਾ ਕੋਈ ਝੂਠਾ ਪਰਚਾ ਦਰਜ ਕਰਵਾਇਆ ਜਾ ਸਕੇ |
ਉਧਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੀਪਕ ਮਿੱਤਲ ਨੇ ਕਿਹਾ ਆਜ਼ਾਦ ਉਮੀਦਵਾਰ ਅਤੇ ਉਸਦੇ ਸਮਰਥਕਾਂ ਨੇ ਮੇਰੇ ਸਮਰਥਕਾਂ ਦੀ ਭਾਰੀ ਕੁੱਟਮਾਰ ਕੀਤੀ ਹੈ। ਆਜ਼ਾਦ ਉਮੀਦਵਾਰ ਦੇ ਸਮਰਥਕਾਂ ਦੀ ਕੋਈ ਕੁੱਟਮਾਰ ਨਹੀਂ ਹੋਈ | ਇਸ ਸਬੰਧੀ ਐੱਸ. ਐੱਚ. ਓ. ਹਰਨੇਕ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਰੋਪੜ: ਨੰਗਲ ’ਚ ਜਾਅਲੀ ਵੋਟ ਪਾਉਣ ਨੂੰ ਲੈ ਕੇ ਹੰਗਾਮਾ, ਸਥਿਤੀ ਤਣਾਅਪੂਰਨ
NEXT STORY