ਤਰਨਤਾਰਨ (ਵਿਜੇ ਕੁਮਾਰ) : ਗੁੰਡਾਗਰਦੀ ਦੀ ਇਹ ਵੀਡੀਓ ਤਰਨਤਾਰਨ ਦੇ ਪਿੰਡ ਰਾਣੀਵਲਾਹ ਦੀ ਹੈ, ਜਿੱਥੇ ਸਥਾਨਕ ਕਾਂਗਰਸੀ ਆਗੂ ਨਿਸ਼ਾਨ ਸਿੰਘ ਵੱਲੋਂ ਦਲਿਤ ਪਰਿਵਾਰ ਨਾਲ ਧੱਕੇਸ਼ਾਹੀ ਅਤੇ ਕੁੱਟਮਾਰ ਕੀਤੀ ਗਈ। ਹੱਦ ਤਾਂ ਉਦੋਂ ਹੋ ਗਈ ਜਦੋਂ ਉੱਥੋਂ ਲੰਘ ਰਹੇ ਇਕ ਪੱਤਰਕਾਰ ਨੇ ਇਸ ਮਾਮਲੇ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਕਾਂਗਰਸੀ ਨੇਤਾ ਨੇ ਉਸ ਨਾਲ ਵੀ ਕੁੱਟਮਾਰ ਕੀਤੀ ਤੇ ਉਸ ਦੀ ਪੱਗ ਉਤਾਰ ਦਿੱਤੀ।
ਦਰਅਸਲ ਕੱਚੇ ਕੋਠਿਆਂ ਨੂੰ ਸਰਕਾਰੀ ਤੌਰ 'ਤੇ ਪੱਕੇ ਕਰਵਾਉਣ ਨੂੰ ਲੈ ਕੇ ਰਾਣੀਵਲਾਹ ਦੇ ਬਲਵਿੰਦਰ ਸਿੰਘ ਤੇ ਬਚਿੱਤਰ ਸਿੰਘ ਦਾ ਝਗੜਾ ਹੋ ਗਿਆ। ਝਗੜਾ ਵਧਣ 'ਤੇ ਬਚਿੱਤਰ ਸਿੰਘ, ਕਾਂਗਰਸੀ ਆਗੂ ਨਿਸ਼ਾਨ ਸਿੰਘ ਨੂੰ ਲੈ ਕੇ ਬਲਵਿੰਦਰ ਦੇ ਘਰ ਪਹੁੰਚ ਗਿਆ ਤੇ ਉਥੋਂ ਦੀਆਂ ਔਰਤਾਂ ਤੇ ਮਰਦਾਂ ਨਾਲ ਕੁੱਟਮਾਰ ਕਰਦੇ ਹੋਏ ਭੰਨਤੋੜ ਕੀਤੀ।
ਪੀੜਤ ਦਾ ਦੋਸ਼ ਹੈ ਕਿ ਜਦੋਂ ਪਰਿਵਾਰ ਦੇ ਮੈਂਬਰ ਹਸਪਤਾਲ ਦਾਖਲ ਹੋਣ ਲਈ ਜਾ ਰਹੇ ਸਨ ਤਾਂ ਉਸ ਸਮੇਂ ਨਿਸ਼ਾਨ ਸਿੰਘ ਅਤੇ ਉਸ ਦੇ ਬੰਦਿਆਂ ਨੇ ਪੀੜਤ ਪਰਿਵਾਰ ਨੂੰ ਗੱਡੀ 'ਚੋਂ ਚੁੱਕ ਲਿਆ ਤੇ ਸੜਕ 'ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਵੀਡੀਓ 'ਚ ਨਿਸ਼ਾਨ ਸਿੰਘ ਦਲਿਤ ਪਰਿਵਾਰ ਨਾਲ ਕੁੱਟਮਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇੰਨਾਂ ਹੀ ਨਹੀਂ ਉਸ ਨੇ ਵੀਡੀਓ ਬਣਾਉਣ ਵਾਲੇ ਲੋਕਾਂ ਤੋਂ ਫੋਨ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਹੈਰਾਨੀ ਦੀ ਗੱਲ ਸੀ ਕਿ ਇਹ ਸਭ ਕੁਝ ਪੁਲਸ ਦੀ ਮੌਜੂਦਗੀ 'ਚ ਹੋ ਰਿਹਾ ਸੀ ਤੇ ਪੁਲਸ ਤਮਾਸ਼ਾ ਦੇਖ ਰਹੀ ਸੀ। ਦੂਜੇ ਪਾਸੇ ਨਿਸ਼ਾਨ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਕੋਈ ਕੁੱਟਮਾਰ ਅਤੇ ਧੱਕੇਸ਼ਾਹੀ ਨਹੀਂ ਕੀਤੀ ਸਗੋਂ ਬਲਵਿੰਦਰ ਦੇ ਪਰਿਵਾਰ ਨੇ 25-30 ਬੰਦਿਆਂ ਨੂੰ ਲੈ ਕੇ ਉਨ੍ਹਾਂ ਦਾ ਰਾਹ ਘੇਰਿਆ ਸੀ।
ਦੂਜੇ ਪਾਸੇ ਇਸ ਘਟਨਾ ਦੇ ਸੰਬੰਧ 'ਚ ਪੁਲਸ ਨਾਲ ਗੱਲ ਕੀਤੀ ਗਈ ਤਾਂ ਐੱਸ. ਐੱਸ. ਪੀ. ਦਰਸ਼ਨ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ 'ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ। ਫਿਲਹਾਲ ਨਿਸ਼ਾਨ ਸਿੰਘ ਵੱਲੋਂ ਪਰਿਵਾਰ ਦੀ ਕੁੱਟਮਾਰ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਮਿਲਾਪ ਚੌਕ ਨੇੜੇ ਚੋਰਾਂ ਨੇ ਚੰਡੀਗੜ੍ਹ ਦੇ ਵਪਾਰੀ ਦੀ ਗੱਡੀ 'ਚੋਂ ਉਡਾਇਆ ਲੈਪਟਾਪ
NEXT STORY