ਜਲੰਧਰ/ਲੁਧਿਆਣਾ (ਵੈੱਬ ਡੈਸਕ) : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ 'ਚ ਕਾਂਗਰਸ ਦੀ ਤਿੰਨ ਸੀਟਾਂ 'ਤੇ ਹੋਈ ਜਿੱਤ ਦੇ ਨਾਲ-ਨਾਲ ਦਾਖਾ ਵਿਧਾਨ ਸਭਾ ਸੀਟ 'ਤੇ ਹੋਈ ਹਾਰ ਵੀ ਸਿਆਸੀ ਸਫਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਸਿਆਸਤ ਦੇ ਜਾਣਕਾਰ ਇਸ ਸੀਟ 'ਤੇ ਕਾਂਗਰਸ ਦੀ ਹਾਰ ਦੇ ਕਾਰਨਾਂ ਦੀ ਪੜਤਾਲ 'ਚ ਜੁਟ ਗਏ ਹਨ। ਮੋਟੇ ਤੌਰ 'ਤੇ ਹਾਰ ਦਾ ਉੱਭਰ ਕੇ ਆਇਆ ਕਾਰਨ ਇਸ ਸੀਟ 'ਤੇ ਸੱਤਾਧਾਰੀ ਧਿਰ ਦਾ ਨਕਾਰਾਤਮਕ ਪ੍ਰਚਾਰ ਮੰਨਿਆ ਜਾ ਰਿਹਾ ਹੈ। ਚੋਣ ਪ੍ਰਚਾਰ ਖਤਮ ਹੋਣ ਤੋਂ ਦੋ ਦਿਨ ਪਹਿਲਾਂ ਜਿਸ ਤਰੀਕੇ ਨਾਲ ਇਸ ਸੀਟ 'ਤੇ ਕਾਂਗਰਸੀਆਂ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਦਾ ਜਿਹੜਾ ਤਰੀਕਾ ਅਪਣਾਇਆ ਉਸ ਨਾਲ ਅਕਾਲੀ ਦਲ ਨੂੰ ਸਿੱਧੇ ਤੌਰ 'ਤੇ ਹਮਦਰਦੀ ਹਾਸਲ ਹੋਈ ਅਤੇ ਇਸ ਹਮਦਰਦੀ ਦਾ ਨਤੀਜਾ ਦਾਖਾ ਵਿਧਾਨ ਸਭਾ ਹਲਕੇ 'ਚ ਪਾਰਟੀ ਦੀ ਜਿੱਤ ਦੇ ਤੌਰ 'ਤੇ ਸਾਹਮਣੇ ਆਇਆ ਹੈ।
ਇਸ ਸੀਟ 'ਤੇ ਜੇਤੂ ਰਹੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ 2017 'ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਪਾਰਟੀ ਦੇ ਉਮੀਦਵਾਰ ਸਨ ਪਰ ਉਹ ਐੱਚ. ਐੱਸ. ਫੂਲਕਾ ਦੇ ਹੱਥੋਂ ਇਹ ਚੋਣ ਹਾਰ ਗਏ ਸਨ ਹਾਲਾਂਕਿ ਉਨ੍ਹਾਂ ਦੀ ਹਾਰ ਦਾ ਫਰਕ 4169 ਵੋਟਾਂ ਹੀ ਰਿਹਾ ਸੀ ਪਰ ਇਸ ਵਾਰ ਇਯਾਲੀ 14672 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਕਾਂਗਰਸ ਦੀ ਹਾਰ ਦਾ ਦੂਜਾ ਵੱਡਾ ਕਾਰਨ ਸਥਾਨਕ ਆਗੂਆਂ 'ਤੇ ਭਰੋਸਾ ਕਰਨ ਦੀ ਬਜਾਏ ਪ੍ਰਚਾਰ ਲਈ ਬਾਹਰੀ ਆਗੂਆਂ 'ਤੇ ਦਾਅ ਲਗਾਉਣਾ ਵੀ ਮੰਨਿਆ ਜਾ ਰਿਹਾ ਹੈ। ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਸਥਾਨਕ ਆਗੂਆਂ ਨਾਲ ਤਾਲਮੇਲ ਨਹੀਂ ਬਿਠਾ ਸਕੇ ਲਿਹਾਜ਼ਾ ਸਥਾਨਕ ਆਗੂਆਂ ਨੇ ਆਪਣੇ ਪ੍ਰਭਾਵ ਦਾ ਸਹੀ ਇਸਤੇਮਾਲ ਨਹੀਂ ਕੀਤਾ, ਜਿਸ ਨਾਲ ਕਾਂਗਰਸ ਨੂੰ ਕਈ ਇਲਾਕਿਆਂ 'ਚ ਉਮੀਦ ਤੋਂ ਘੱਟ ਵੋਟਾਂ ਮਿਲੀਆਂ।
ਹਾਰ ਦਾ ਇਕ ਹੋਰ ਕਾਰਨ ਮਨਪ੍ਰੀਤ ਇਯਾਲੀ ਦੇ ਪ੍ਰਚਾਰ ਦਾ ਹਮਲਾਵਰ ਹੋਣਾ ਵੀ ਮੰਨਿਆ ਜਾ ਰਿਹਾ ਹੈ। ਇਯਾਲੀ ਇਸ ਸੀਟ 'ਤੇ ਪ੍ਰਚਾਰ ਵੇਲੇ ਕਾਫੀ ਹਮਲਾਵਰ ਰੁਖ ਅਖਤਿਆਰ ਕਰ ਰਹੇ ਸਨ ਅਤੇ ਆਪਣੇ ਵਰਕਰਾਂ ਨਾਲ ਉਨ੍ਹਾਂ ਨੇ ਚੰਗਾ ਤਾਲਮੇਲ ਬਿਠਾਇਆ ਜਦਕਿ ਦੂਜੇ ਪਾਸੇ ਕਾਂਗਰਸ ਨੂੰ ਇਸ ਸੀਟ 'ਤੇ ਪ੍ਰਸ਼ਾਸਨ ਦੀ ਅਣਦੇਖੀ ਦਾ ਵੀ ਸਾਹਮਣਾ ਕਰਨਾ ਪਿਆ। ਗੱਲ ਇਥੋਂ ਤੱਕ ਪਹੁੰਚ ਗਈ ਸੀ ਕਿ ਕੁਝ ਕਾਂਗਰਸੀ ਆਗੂਆਂ ਨੇ ਦਾਖਾ 'ਚ ਪ੍ਰਚਾਰ ਲਈ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੈਲੀਪੈਡ 'ਤੇ ਮਿਲ ਕੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਅਤੇ ਕਿਹਾ ਸੀ ਕਿ ਹਲਕੇ ਦੀ ਪੁਲਸ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਦੀ ਸੁਣਵਾਈ ਨਹੀਂ ਕਰਦੀ। ਇਸ ਦਾ ਵੀ ਚੋਣਾਂ 'ਤੇ ਨਕਾਰਾਤਮਕ ਅਸਰ ਪਿਆ।
10 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਜੱਚਾ-ਬੱਚਾ ਹਸਪਤਾਲ ਦਾ ਸਿਹਤ ਮੰਤਰੀ ਨੇ ਰੱਖਿਆ ਨੀਂਹ ਪੱਥਰ
NEXT STORY