ਜਲੰਧਰ (ਸੋਨੂੰ ਮਹਾਜਨ)— ਕਾਂਗਰਸ ਪਾਰਟੀ ਤੋਂ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਰੁੱਸ ਬੈਠੇ ਮਹਿੰਦਰ ਸਿੰਘ ਕੇ.ਪੀ. ਨੂੰ ਮਨਾਉਣ ਅੱਜ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ (ਸੁੱਖੀ) ਰੰਧਾਵਾ ਤੇ ਵਿਧਾਇਕ ਪ੍ਰਗਟ ਸਿੰਘ ਪਹੁੰਚੇ। ਇਸ ਦੌਰਾਨ ਦੋਵਾਂ ਆਗੂਆਂ ਦੀ ਕੇ. ਪੀ. ਨਾਲ ਹਾਲੇ ਗੱਲਬਾਤ ਚੱਲ ਰਹੀ ਹੈ। ਸੂਤਰਾਂ ਮੁਤਾਬਕ ਕੇ.ਪੀ. ਆਪਣੀਆਂ ਗੱਲਾਂ 'ਤੇ ਅੜੇ ਹੋਏ ਹਨ। ਇਸ ਦੌਰਾਨ ਕੇ. ਪੀ. ਦੇ ਸਮਰਥਕਾਂ ਨੇ ਕੈਬਨਿਟ ਮੰਤਰੀ ਦੇ ਸਾਹਮਣੇ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਕਈ ਦਹਾਕਿਆਂ ਤੋਂ ਸੇਵਾ ਕਰਦੇ ਆ ਰਹੇ ਸ਼ਹੀਦ ਪਰਿਵਾਰ ਦੇ ਨਾਲ ਪਾਰਟੀ ਨੇ ਵੱਡਾ ਧੱਕਾ ਕੀਤਾ ਹੈ। ਕੇ. ਪੀ. ਨੂੰ ਉਨ੍ਹਾਂ ਦਾ ਬਣਦਾ ਹੱਕ ਨਾ ਦੇਣ ਨਾਲ ਕਾਂਗਰਸੀ ਵਰਕਰਾਂ ਨੂੰ ਵੱਡਾ ਦੁੱਖ ਪਹੁੰਚਿਆ ਹੈ। ਇਸ ਦੌਰਾਨ ਫਿਲੌਰ ਤੋਂ ਆਏ ਕੁਝ ਕਾਂਗਰਸੀ ਆਗੂਆਂ ਨੇ ਚੌਧਰੀ ਪਰਿਵਾਰ 'ਤੇ ਸਿਆਸੀ ਈਰਖਾ ਦੀ ਭਾਵਨਾ ਨਾਲ ਕੰਮ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੰਸਦ ਮੈਂਬਰ ਚੌਧਰੀ ਨੇ ਪੁੱਤਰ ਮੋਹ ਵਿਚ ਵਰਕਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ।
ਉਨ੍ਹਾਂ ਕਿਹਾ ਕਿ ਫਿਲੌਰ ਹਲਕੇ 'ਚ ਸਿਆਸੀ ਸਰਪ੍ਰਸਤੀ ਹੇਠ ਮਾਈਨਿੰਗ ਅਤੇ ਹੋਰ ਗੈਰ-ਕਾਨੂੰਨੀ ਧੰਦੇ ਧੜੱਲੇ ਨਾਲ ਚੱਲ ਰਹੇ ਹਨ ਅਤੇ ਇਸ ਕੰਮ ਲਈ ਕੁਝ ਹੋਰ ਲੋਕਾਂ ਨੂੰ ਅੱਗੇ ਕੀਤਾ ਹੋਇਆ ਹੈ। ਇਸ ਦੌਰਾਨ ਵਿਧਾਇਕ ਪਰਗਟ ਸਿੰਘ, ਸਾਬਕਾ ਮੰਤਰੀ ਕੰਵਲਜੀਤ ਸਿੰਘ ਲਾਲੀ ਅਤੇ ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਅਸ਼ਵਨ ਭੱਲਾ ਵੀ ਪਹੁੰਚ ਗਏ, ਸਾਰਿਆਂ ਨੇ ਕੇ. ਪੀ. ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਸੁਖਜਿੰਦਰ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਕੇ. ਪੀ. ਪਰਿਵਾਰ ਨਾਲ ਸਾਲਾਂ ਪੁਰਾਣਾ ਨਿੱਘਾ ਰਿਸ਼ਤਾ ਹੈ ਅਤੇ ਹਾਈ ਕਮਾਨ ਦੇ ਕਹਿਣ 'ਤੇ ਨਹੀਂ, ਸਗੋਂ ਨਿੱਜੀ ਤੌਰ 'ਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਆਏ ਹਨ।
ਰੰਧਾਵਾ ਨੇ ਕਿਹਾ ਕਿ ਪਾਰਟੀ ਇਕ ਪਰਿਵਾਰ ਹੈ, ਜਿਸ 'ਚ ਉਤਾਰ-ਚੜ੍ਹਾਅ ਅਤੇ ਗਿਲੇ-ਸ਼ਿਕਵੇ ਚੱਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੇ. ਪੀ. ਦੀ ਨਾਰਾਜ਼ਗੀ ਨੂੰ ਕਾਂਗਰਸ ਹਾਈ ਕਮਾਨ ਤੱਕ ਪਹੁੰਚਾਉਣਗੇ। ਮੋਹਿੰਦਰ ਕੇ. ਪੀ. ਨੇ ਕੈਬਨਿਟ ਮੰਤਰੀ ਦੇ ਸਾਹਮਣੇ ਆਪਣੇ ਪੱਤੇ ਨਹੀਂ ਖੋਲ੍ਹੇ ਅਤੇ ਉਨ੍ਹਾਂ ਨੂੰ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਭਰਾ ਅਤੇ ਰਿਸ਼ਤੇਦਾਰ ਮੰਗਲਵਾਰ ਨੂੰ ਵਿਦੇਸ਼ ਤੋਂ ਜਲੰਧਰ ਪਹੁੰਚ ਰਹੇ ਹਨ ਅਤੇ ਉਹ ਆਪਣੇ ਪਰਿਵਾਰ ਅਤੇ ਸਮਰਥਕਾਂ ਦੀ ਰਾਏ ਨਾਲ ਹੀ ਆਪਣਾ ਅਗਲਾ ਕਦਮ ਚੁੱਕਣਗੇ, ਜਿਸ 'ਤੇ ਰੰਧਾਵਾ ਨੇ ਕਿਹਾ ਕਿ ਉਹ ਵੀ ਮੰਗਲਵਾਰ ਨੂੰ ਦੁਬਾਰਾ ਉਨ੍ਹਾਂ ਨੂੰ ਮਿਲ ਕੇ ਇਸ ਮਸਲੇ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ, ਜਿਸ ਉਪਰੰਤ ਸੁਖਜਿੰਦਰ ਰੰਧਾਵਾ, ਸੁਖਜਿੰਦਰ ਲਾਲੀ, ਪਰਗਟ ਸਿੰਘ, ਕੰਵਲਜੀਤ ਲਾਲੀ ਨੇ ਕੇ. ਪੀ. ਦੀ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਵੱਖਰੇ ਤੌਰ 'ਤੇ ਗੱਲਬਾਤ ਵੀ ਕੀਤੀ।
ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਤੋਂ ਸਿਟਿੰਗ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਨੂੰ ਸ਼ਿਫਟ ਕਰਕੇ ਹੁਸ਼ਿਆਰਪੁਰ ਤੋਂ ਟਿਕਟ ਦੇ ਦਿੱਤੀ ਗਈ ਸੀ। ਚੋਣਾਂ ਤੋਂ ਕੁਝ ਹਫਤੇ ਪਹਿਲਾਂ ਨਵੇਂ ਹਲਕੇ ਵਿਚ ਗਏ ਕੇ. ਪੀ. ਮੋਦੀ ਲਹਿਰ 'ਚ ਸਿਰਫ 13 ਹਜ਼ਾਰ ਵੋਟਾਂ ਨਾਲ ਹਾਰੇ ਸਨ ਪਰ 2019 ਦੀਆਂ ਚੋਣਾਂ ਵਿਚ ਕੇ. ਪੀ. ਨੇ ਆਪਣੇ ਸਿਟਿੰਗ ਹਲਕੇ ਜਲੰਧਰ ਤੋਂ ਟਿਕਟ ਲਈ ਦਾਅਵੇਦਾਰੀ ਕੀਤੀ ਸੀ ਪਰ ਸਟਿੰਗ ਮਾਮਲੇ ਵਿਚ ਫਸੇ ਹੋਣ ਦੇ ਬਾਵਜੂਦ ਹਾਈ ਕਮਾਨ ਨੇ ਸੰਸਦ ਮੈਂਬਰ ਚੌਧਰੀ 'ਤੇ ਵਿਸ਼ਵਾਸ ਕਰਦਿਆਂ ਉਨ੍ਹਾਂ ਨੂੰ ਉਮੀਦਵਾਰ ਐਲਾਨ ਕਰ ਦਿੱਤਾ, ਜਿਸ ਤੋਂ ਬਾਅਦ ਕੇ. ਪੀ. ਨੇ ਬਗਾਵਤੀ ਸੁਰ ਅਲਾਪਦਿਆਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਮੈਦਾਨ ਵਿਚ ਉਤਰਨ ਦੇ ਸੰਕੇਤ ਦਿੱਤੇ ਹਨ। ਕਾਂਗਰਸ ਦੇ ਮਹਾਰਥੀ ਦਲਿਤ ਆਗੂ ਮੰਨੇ ਜਾਂਦੇ ਕੇ. ਪੀ. ਦੇ ਤਲਖ ਤੇਵਰਾਂ ਨਾਲ ਕਾਂਗਰਸੀ ਗਲਿਆਰਿਆਂ ਵਿਚ ਖਲਬਲੀ ਮਚ ਗਈ ਅਤੇ ਪਾਰਟੀ ਵੱਲੋਂ ਉਨ੍ਹਾਂ ਨੂੰ ਮਨਾਉਣ ਦਾ ਦੌਰ ਲਗਾਤਾਰ ਜਾਰੀ ਹੈ। ਬੀਤੇ ਦਿਨ ਸੰਸਦ ਮੈਂਬਰ ਅਤੇ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਵੀ ਆਪਣੇ ਪੁੱਤਰ ਦੇ ਨਾਲ ਕੇ. ਪੀ. ਦੀ ਰਿਹਾਇਸ਼ 'ਤੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਪਰ ਕੇ. ਪੀ. ਨੇ ਉਨ੍ਹਾਂ ਨੂੰ ਖਾਲੀ ਹੱਥ ਮੋੜ ਦਿੱਤਾ। ਹੁਣ ਵੇਖਣਾ ਹੋਵੇਗਾ ਕਿ ਮੰਗਲਵਾਰ ਤੋਂ ਬਾਅਦ ਕੇ. ਪੀ. ਦਾ ਅਗਲਾ ਕਦਮ ਕਿਸ ਪਾਸੇ ਜਾਂਦਾ ਹੈ।
ਅਸ਼ਵਨੀ ਸੇਖੜੀ ਅਤੇ ਸਰਵਣ ਸਿੰਘ ਫਿਲੌਰ ਨੇ ਵੀ ਕੇ. ਪੀ. ਨਾਲ ਕੀਤੀ ਮੁਲਾਕਾਤ
ਸਾਬਕਾ ਕੈਬਨਿਟ ਮੰਤਰੀ ਅਸ਼ਵਨੀ ਸੇਖੜੀ ਅਤੇ ਸਰਵਣ ਸਿੰਘ ਫਿਲੌਰ ਨੇ ਵੀ ਅੱਜ ਮਹਿੰਦਰ ਕੇ. ਪੀ. ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਆਗੂਆਂ ਨੇ ਕੇ. ਪੀ. ਦੀ ਨਾਰਾਜ਼ਗੀ ਨੂੰ ਸੁਣਿਆ। ਸੇਖੜੀ ਅਤੇ ਫਿਲੌਰ ਨੇ ਕਿਹਾ ਕਿ ਕੇ. ਪੀ. ਪਰਿਵਾਰ ਨੇ ਲੰਮੇ ਸਮੇਂ ਤੋਂ ਪਾਰਟੀ, ਦੇਸ਼ ਤੇ ਸਮਾਜ ਦੀ ਸੇਵਾ ਕੀਤੀ ਹੈ ਪਰ ਜਿਸ ਪਾਰਟੀ ਲਈ ਆਪਣੀ ਜ਼ਿੰਦਗੀ ਲੇਖੇ ਲਾ ਦਿੱਤੀ ਹੋਵੇ, ਉਸ ਵੱਲੋਂ ਬਣਦਾ ਹੱਕ ਨਾ ਮਿਲਣ ਦਾ ਮਲਾਲ ਤਾਂ ਹੁੰਦਾ ਹੀ ਹੈ। ਸੇਖੜੀ ਤੇ ਫਿਲੌਰ ਨੇ ਕੇ. ਪੀ. ਨੂੰ ਕਿਹਾ ਕਿ ਉਹ ਉਨ੍ਹਾਂ ਨਾਲ ਖੜ੍ਹੇ ਹਨ ਪਰ ਕੋਈ ਫੈਸਲਾ ਲੈਣ ਤੋਂ ਪਹਿਲਾਂ ਉਹ ਪਾਰਟੀ ਨੂੰ ਸਮਰਪਿਤ ਕੀਤੇ ਆਪਣੇ ਪਰਿਵਾਰ ਦੇ ਬਲੀਦਾਨ ਨੂੰ ਜ਼ਰੂਰ ਯਾਦ ਰੱਖਣ।
ਕੇ. ਪੀ. ਨੂੰ ਸੂਬਾ ਪ੍ਰਧਾਨਗੀ ਅਤੇ ਚੱਬੇਵਾਲ ਨੂੰ ਉਪ ਚੋਣ 'ਚ ਟਿਕਟ ਦਿੱਤੀ ਜਾ ਸਕਦੀ ਹੈ ਆਫਰ
ਮਹਿੰਦਰ ਕੇ. ਪੀ. ਦੇ ਰਵੱਈਏ ਨਾਲ ਜਲੰਧਰ ਲੋਕ ਸਭਾ ਹਲਕੇ ਵਿਚ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਅਤੇ ਪਾਰਟੀ ਲਈ ਖੜ੍ਹੀਆਂ ਹੋ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਕੇ. ਪੀ. ਨੂੰ ਮਨਾਉਣ ਲਈ ਬਦਲਾਂ 'ਤੇ ਵਿਚਾਰ ਹੋ ਰਿਹਾ ਹੈ। ਸਿਆਸੀ ਗਲਿਆਰਿਆਂ ਦੇ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਅਗਲੇ 3-4 ਦਿਨਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਸੂਬਾ ਕਾਂਗਰਸ ਇੰਚਾਰਜ ਕੇ. ਪੀ. ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਸੂਬਾ ਕਾਂਗਰਸ ਦੀ ਪ੍ਰਧਾਨਗੀ ਜਾਂ ਚੱਬੇਵਾਲ ਵਿਧਾਨ ਸਭਾ ਹਲਕੇ ਤੋਂ ਟਿਕਟ ਦਾ ਆਫਰ ਦੇ ਕੇ ਸ਼ਾਂਤ ਕੀਤਾ ਜਾ ਸਕਦਾ ਹੈ ਕਿਉਂਕਿ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ, ਅਜਿਹੇ 'ਚ ਸੂਬੇ ਦੀਆਂ 13 ਸੀਟਾਂ 'ਤੇ ਕਾਂਗਰਸ ਸੰਗਠਨ ਦੀਆਂ ਸਰਗਰਮੀਆਂ ਸੀਮਤ ਹੋ ਜਾਣਗੀਆਂ, ਜਿਸ ਕਾਰਨ ਇਹ ਬਦਲ ਕੇ. ਪੀ. ਸਾਹਮਣੇ ਰੱਖਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਕੇ. ਪੀ. ਸੂਬਾ ਕਾਂਗਰਸ ਦੇ ਪਹਿਲਾਂ ਵੀ ਪ੍ਰਧਾਨ ਰਹਿ ਚੁੱਕੇ ਹਨ ਪਰ ਚੱਬੇਵਾਲ ਵਿਚ ਉਪ ਚੋਣ ਤਾਂ ਹੀ ਹੋਵੇਗੀ ਜੇਕਰ ਉਥੋਂ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣਾ ਹੋਵੇਗਾ। ਜੇਕਰ ਉਹ ਚੋਣ ਨਾ ਜਿੱਤ ਸਕੇ ਤਾਂ ਵਿਧਾਇਕ ਦੇ ਤੌਰ 'ਤੇ ਚੱਬੇਵਾਲ ਹਲਕੇ ਦੀ ਨੁਮਾਇੰਦਗੀ ਕਰਦੇ ਰਹਿਣਗੇ, ਜਿਸ ਕਾਰਨ ਉਥੇ ਉਪ ਚੋਣ ਹੋਣੀ ਸੰਭਵ ਨਹੀਂ ਹੋਵੇਗੀ।
ਦਰਸ਼ਨੀ ਡਿਓੜੀ ਢਾਹੁਣ ਦੇ ਮਾਮਲੇ 'ਚ ਅਕਾਲ ਤਖਤ ਸਖਤ, ਜਾਰੀ ਕੀਤਾ ਫਰਮਾਨ
NEXT STORY