ਜਲੰਧਰ (ਧਵਨ) : ਕਾਂਗਰਸ ਵਲੋਂ ਵੱਖ-ਵੱਖ ਸੂਬਾਈ ਵਿਧਾਨ ਸਭਾਵਾਂ ਦੀਆਂ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ 'ਚ ਸੀਨੀਅਰ ਆਗੂਆਂ ਨੂੰ ਖੜ੍ਹੇ ਕਰਨ ਤੋਂ ਗੁਰੇਜ਼ ਕੀਤਾ ਜਾ ਸਕਦਾ ਹੈ ਭਾਵੇਂ ਅਜੇ ਇਸ ਸਬੰਧੀ ਕਾਂਗਰਸ ਦੀ ਲੀਡਰਸ਼ਿਪ ਨੇ ਆਖਰੀ ਫੈਸਲਾ ਨਹੀਂ ਲਿਆ ਪਰ ਕਾਂਗਰਸ ਅੰਦਰ ਇਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਪਾਰਟੀ ਲੀਡਰਸ਼ਿਪ ਇਨ੍ਹਾਂ ਚੋਣਾਂ 'ਚ ਮੁੱਖ ਮੰਤਰੀ ਦੇ ਅਹੁਦੇ ਦਾ ਮੁੱਦਾ ਖੁੱਲ੍ਹਾ ਹੀ ਛੱਡ ਸਕਦੀ ਹੈ। ਇਨ੍ਹਾਂ ਸੀਨੀਅਰ ਨੇਤਾਵਾਂ ਨੂੰ ਚੋਣਾਂ ਲੜਾਉਣ ਦੀ ਬਜਾਏ ਪਾਰਟੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਮੁਹਿੰਮ ਨੂੰ ਚਲਾਉਣ ਲਈ ਕਹਿ ਸਕਦੀ ਹੈ। ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਸੀਨੀਅਰ ਆਗੂਆਂ ਨੂੰ ਚੋਣਾਂ 'ਚ ਖੜ੍ਹਾ ਨਾ ਕਰਨ ਬਾਰੇ ਫੈਸਲਾ ਜਲਦੀ ਹੀ ਲਏ ਜਾਣ ਦੀ ਉਮੀਦ ਹੈ। ਮੱਧ ਪ੍ਰਦੇਸ਼ 'ਚ ਸੂਬਾਈ ਕਾਂਗਰਸ ਦੇ ਪ੍ਰਧਾਨ ਕਮਲਨਾਥ ਹਨ ਜਦਕਿ ਸੰਸਦ ਮੈਂਬਰ ਜਿਓਤਰਦਿਤਿਆ ਸਿੰਧੀਆ ਵੀ ਪਾਰਟੀ ਦੇ ਹੱਕ 'ਚ ਚੋਣ ਪ੍ਰਚਾਰ ਮੁਹਿੰਮ ਚਲਾ ਰਹੇ ਹਨ। ਰਾਜਸਥਾਨ 'ਚ ਸੂਬਾਈ ਇਕਾਈ ਦੇ ਪ੍ਰਧਾਨ ਸਚਿਨ ਪਾਇਲਟ ਹਨ ਜਦਕਿ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸੀ. ਪੀ. ਜੋਸ਼ੀ ਪਾਰਟੀ ਲਈ ਕੰਮ ਕਰ ਰਹੇ ਹਨ। ਪਾਰਟੀ ਦੇ ਕਈ ਆਗੂਆਂ ਦਾ ਕਹਿਣਾ ਹੈ ਕਿ ਜੇ ਸੀਨੀਅਰ ਨੇਤਾਵਾਂ ਨੂੰ ਚੋਣਾਂ 'ਚ ਖੜ੍ਹਾ ਕੀਤਾ ਗਿਆ ਤਾਂ ਉਸ ਹਾਲਾਤ 'ਚ ਉਹ ਆਪਣੇ ਵਿਧਾਨ ਸਭਾ ਹਲਕਿਆਂ ਤਕ ਸੀਮਤ ਹੋ ਕੇ ਰਹਿ ਜਾਣਗੇ ਅਤੇ ਹੋਰਨਾਂ ਖੇਤਰਾਂ 'ਚ ਚੋਣ ਪ੍ਰਚਾਰ ਲਈ ਨਹੀਂ ਜਾ ਸਕਣਗੇ।
ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ 200-200 ਤੋਂ ਵੱਧ ਸੀਟਾਂ ਹਨ। ਕਾਂਗਰਸ ਦੀ ਲੀਡਰਸ਼ਿਪ ਇਸ ਸਮੇਂ ਇਹ ਚਾਹੁੰਦੀ ਹੈ ਕਿ ਇਨ੍ਹਾਂ ਸੂਬਿਆਂ 'ਚ ਕਾਂਗਰਸ ਦੀਆਂ ਸਰਕਾਰਾਂ ਬਣਾਈਆਂ ਜਾਣ। ਮੁੱਖ ਮੰਤਰੀ ਦੇ ਅਹੁਦੇ ਦਾ ਮੁੱਦਾ ਕਾਂਗਰਸ ਦੀ ਲੀਡਰਸ਼ਿਪ ਇਸ ਸਮੇਂ ਨਹੀਂ ਉਠਾਉਣਾ ਚਾਹੁੰਦੀ। ਰਾਜਸਥਾਨ 'ਚ ਪਿਛਲੀ ਵਾਰ ਜਦੋਂ ਕਾਂਗਰਸ ਸੱਤਾ 'ਚ ਆਈ ਸੀ ਤਾਂ ਉਸ ਸਮੇਂ ਵੀ ਕਿਸੇ ਆਗੂ ਨੂੰ ਮੁੱਖ ਮੰਤਰੀ ਵਜੋਂ ਅੱਗੇ ਨਹੀਂ ਲਿਆਂਦਾ ਗਿਆ ਸੀ। ਉਦੋਂ ਅਸ਼ੋਕ ਗਹਿਲੋਤ ਨੂੰ ਬਾਅਦ 'ਚ ਮੁੱਖ ਮੰਤਰੀ ਬਣਾਇਆ ਗਿਆ ਸੀ।
ਰਾਹੁਲ ਗਾਂਧੀ ਦੇ ਇਸ਼ਾਰੇ 'ਤੇ ਸਿੱਧੂ ਜੋੜੇ ਨੂੰ ਬਚਾਇਆ ਜਾ ਰਿਹੈ: ਮਜੀਠੀਆ,ਚੁੱਘ
NEXT STORY