ਮੋਹਾਲੀ (ਨਿਆਮੀਆਂ) : 'ਜੇ ਨਾ ਦਿੱਤਾ ਪੂਰਾ ਰੁਜ਼ਗਾਰ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਜਾਣਾ ਪਵੇਗਾ ਯੂ. ਪੀ./ਬਿਹਾਰ'। ਇਹ ਨਾਅਰਾ ਹੁਣ ਪੰਜਾਬ ਦੀਆਂ ਸੜਕਾਂ ਤੇ ਬਾਜ਼ਾਰਾਂ ਵਿਚ ਗੂੰਜਣ ਲੱਗ ਪਿਆ ਹੈ ਕਿਉਂਕਿ ਸੂਬੇ ਦੇ ਨੌਜਵਾਨਾਂ ਦੀ ਹਾਲਤ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਕਾਂਗਰਸ ਵਲੋਂ ਵੋਟਾਂ ਦੌਰਾਨ ਸੂਬੇ ਨੌਜਵਾਨਾਂ ਨਾਲ ਕਈ ਵਾਅਦੇ ਕੀਤੇ ਗਏ ਸਨ ਪਰ ਹੁਣ ਮੁੱਖ ਮੰਤਰੀ ਕੋਲ 10 ਮਿੰਟ ਦਾ ਸਮਾਂ ਨਹੀਂ ਹੈ ਕਿ ਉਹ ਨੌਜਵਾਨ ਮੁਲਾਜ਼ਮਾਂ ਦੀ ਗੱਲ ਸੁਣ ਸਕਣ, ਜਿਸ ਕਰਕੇ ਮੁਲਾਜ਼ਮਾਂ ਨੇ ਇਸ ਨਾਅਰੇ ਤਹਿਤ ਸੜਕਾਂ 'ਤੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਕੋਈ ਸਮਾਂ ਸੀ ਜਦੋਂ ਯੂ. ਪੀ. ਜਾਂ ਬਿਹਾਰ ਤੋਂ ਨੌਜਵਾਨ ਕੰਮ ਕਰਨ ਲਈ ਪੰਜਾਬ ਆਉਂਦੇ ਸਨ ਪਰ ਹੁਣ ਸਰਕਾਰ ਦੀਆਂ ਨੀਤੀਆਂ ਤੇ ਸੋਚ ਸਦਕਾ ਪੰਜਾਬ ਦੇ ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਪੰਜਾਬ ਦੇ ਨੌਜਵਾਨਾਂ ਨੂੰ ਕੰਮ ਕਰਨ ਲਈ ਇਨ੍ਹਾਂ ਰਾਜਾਂ ਵਿਚ ਜਾਣ ਲਈ ਮਜਬੂਰ ਹੋਣਾ ਪਵੇਗਾ ਤੇ ਇਸ ਤੋਂ ਮਾੜੀ ਗੱਲ ਪੰਜਾਬ ਦੇ ਲੋਕਾਂ ਲਈ ਕੋਈ ਹੋਰ ਨਹੀਂ ਹੋਵੇਗੀ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਰਮਨ ਕੁਮਾਰ, ਗਗਨਦੀਪ, ਜਗਮੋਹਨ ਸਿੰਘ, ਨਿਸ਼ਾ ਗੁਪਤਾ ਨੇ ਕਿਹਾ ਕਿ ਵੋਟਾਂ ਦੌਰਾਨ ਕਾਂਗਰਸ ਵਲੋਂ ਮੁਲਾਜ਼ਮਾਂ ਨਾਲ ਕਈ ਵਾਅਦੇ ਕੀਤੇ ਗਏ ਸਨ ਤੇ ਵੋਟਾਂ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਪਟਨ ਸਮਾਰਟ ਕੁਨੈਕਟ ਸਕੀਮ ਚਲਾਈ ਗਈ ਸੀ, ਜਿਸ ਦੇ ਸਪੈਸ਼ਲ ਆਫਰ ਤਹਿਤ ਖੁਦ ਨੂੰ ਰਜਿਸਟਰਡ ਕਰਨ ਵਾਲੇ ਨੌਜਵਾਨਾਂ ਨੂੰ 48 ਘੰਟਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਦਾ ਮੌਕਾ ਦਿੱਤਾ ਜਾਂਦਾ ਸੀ ਪਰ ਹੁਣ ਨੌਜਵਾਨ ਮੁਲਾਜ਼ਮਾਂ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਲਈ ਅੱਤ ਦੀ ਸਰਦੀ ਵਿਚ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਮੁੱਖ ਮੰਤਰੀ ਫਿਰ ਵੀ ਮੁਲਾਜ਼ਮਾਂ ਨੂੰ ਮਿਲਣ ਲਈ 10 ਮਿੰਟ ਦਾ ਸਮਾਂ ਨਹੀ ਕੱਢ ਰਹੇ ਹਨ। ਮੁਲਾਜ਼ਮ ਆਗੂਆਂ ਕਿਹਾ ਕਿ ਸਰਕਾਰ ਦੀ ਸੋਚ ਹੈ ਕਿ ਸੂਬੇ ਵਿਚ 'ਹਰ ਘਰ ਵਿਚ ਇਕ ਕੈਪਟਨ ਹੋਵੇ' ਪਰ ਅਸਲੀਅਤ ਇਹ ਹੈ ਕਿ ਪੰਜਾਬ ਦੇ ਹਰ ਘਰ ਵਿਚ ਇਕ ਠੇਕਾ ਮੁਲਾਜ਼ਮ ਹੈ, ਜੋ ਕਿ ਨਿਗੂਣੀ ਤਨਖਾਹ 'ਤੇ ਕੰਮ ਕਰ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦਫਤਰ ਵਲੋਂ ਪੰਜ ਵਾਰ ਮੁਲਾਜ਼ਮਾਂ ਨਾਲ ਵਾਅਦਾ ਕਰ ਕੇ ਇਕ ਵਾਰ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਕਰਵਾਈ ਗਈ। ਆਗੂਆਂ ਨੇ ਕਿਹਾ ਕਿ ਵੋਟਾਂ ਦੌਰਾਨ ਮੁੱਖ ਮੰਤਰੀ ਨੇ ਸੁਵਿਧਾ ਮੁਲਾਜ਼ਮਾਂ ਨੂੰ ਸਰਕਾਰ ਬਣਨ 'ਤੇ ਤੁਰੰਤ ਬਹਾਲ ਕਰਨ ਦਾ ਵੀ ਐਲਾਨ ਕੀਤਾ ਸੀ ਪਰ ਹੁਣ ਤਕ ਸਰਕਾਰ ਵਲੋਂ ਕੁਝ ਵੀ ਨਹੀਂ ਕੀਤਾ ਗਿਆ। ਆਗੂਆਂ ਕਿਹਾ ਕਿ ਸੁਵਿਧਾ ਕੇਂਦਰ ਦੇ ਮੁਲਾਜ਼ਮ ਸਰਕਾਰ ਨੂੰ ਕਮਾਈ ਕਰ ਕੇ ਦਿੰਦੇ ਸਨ ਪਰ ਇਸ ਦੇ ਉਲਟ ਹੁਣ ਸੇਵਾਂ ਕੇਂਦਰਾਂ ਵਲੋਂ ਮੋਟੀਆ ਫੀਸਾਂ ਲੈ ਕੇ ਆਮ ਜਨਤਾ ਦੀ ਵੀ ਲੁੱਟ ਕੀਤੀ ਜਾ ਰਹੀ ਹੈ ਤੇ ਸਰਕਾਰ ਤੋਂ ਵੱਖਰਾ ਪੈਸਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕਾ ਮੁਲਾਜ਼ਮ 28 ਨਵੰਬਰ ਨੂੰ ਮੋਹਾਲੀ ਵੱਲ ਵਹੀਰਾਂ ਘੱਤਣਗੇ ਤੇ ਵੱਡੇ-ਵੱਡੇ ਬਣੇ ਫਲੈਕਸਾਂ ਰਾਹੀ ਸਰਕਾਰ ਦੀ ਅਸਲੀਅਤ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣਗੇ ਤੇ ਵਿਧਾਨ ਸਭਾ ਵੱਲ ਮਾਰਚ ਕਰਨਗੇ। ਇਸ ਮੌਕੇ ਕੋਮਲ ਨੱਡਾ, ਮੋਹਿਤ ਕੁਮਾਰ, ਤਰਨ ਆਦਿ ਮੌਜੂਦ ਸਨ।
ਨਸ਼ੇ ਲਈ ਪੈਸੇ ਮੰਗ ਕੇ ਤੰਗ ਕਰਨ ਵਾਲੇ ਪਤੀ ਖਿਲਾਫ ਪਰਚਾ
NEXT STORY