ਫਿਰੋਜ਼ਪੁਰ (ਪਰਮਜੀਤ, ਸ਼ੈਰੀ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 7 ਮਹੀਨੇ ਬੀਤ ਜਾਣ 'ਤੇ ਠੇਕਾ ਮੁਲਾਜ਼ਮਾਂ ਨਾਲ ਇਕ ਵਾਰ ਵੀ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਸਰਕਾਰ ਵਿਰੁੱਧ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਠੇਕਾ ਮੁਲਾਜ਼ਮਾਂ ਵੱਲੋਂ ਨਗਰ ਨਿਗਮ ਚੋਣਾਂ ਨੂੰ ਦੇਖਦੇ ਹੋਏ 3 ਨਗਰ ਨਿਗਮਾਂ ਸ੍ਰੀ ਅੰਮ੍ਰਿਤਸਰ ਸਾਹਿਬ, ਲੁਧਿਆਣਾ ਤੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਸਰਕਾਰ ਦੇ ਝੂਠੇ ਵਾਅਦਿਆਂ/ਦਾਅਵਿਆਂ ਤੇ ਨੌਜਵਾਨਾਂ ਦੇ ਦੁਖਾਂਤ ਨੂੰ ਦਰਸਾਉਂਦੀਆਂ ਝਾਕੀਆਂ ਕੱਢਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੈੱਸ ਬਿਆਨ ਜਾਰੀ ਕਰਦਿਆਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਜਨਕ ਸਿੰਘ, ਸਰਬਜੀਤ ਸਿੰਘ, ਦੇਵਿੰਦਰ ਤਲਵਾੜ, ਸੁਨੀਲ ਕੁਮਾਰ, ਕੁਲਨਾਇਕ ਵਰਮਾ, ਅਰੁਣ ਕੁਮਾਰ ਨੇ ਕਿਹਾ ਕਿ ਕਾਂਗਰਸ ਵੱਲੋਂ ਸਰਕਾਰ 'ਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਦੇਣ ਤੇ ਕਈ ਹੋਰ ਵਾਅਦੇ ਕੀਤੇ ਗਏ ਸਨ ਪਰ ਹੁਣ ਸਰਕਾਰ ਨੇ ਇਸ ਮਸਲੇ 'ਤੇ ਚੁੱਪੀ ਧਾਰ ਲਈ ਹੈ ਅਤੇ ਬੀਤੇ 7 ਮਹੀਨਿਆਂ 'ਚ ਕੱਚੇ ਮੁਲਾਜ਼ਮਾਂ ਪ੍ਰਤੀ ਕੋਈ ਠੋਸ ਉਪਰਾਲਾ ਨਹੀਂ ਕੀਤਾ।
ਆਗੂਆਂ ਨੇ ਕਿਹਾ ਕਿ ਕੱਢੀਆਂ ਜਾਣ ਵਾਲੀਆਂ ਝਾਕੀਆਂ ਵਿਚ ਦੱਸਿਆ ਜਾਵੇਗਾ ਕਿ ਪੰਜਾਬ ਵਿਚ ਕਿਵੇਂ ਇਕ ਯੋਜਨਾਬੰਦ ਤਰੀਕੇ ਨਾਲ ਬਚਪਨ ਤੋਂ ਲੈ ਕੇ ਜਵਾਨੀ ਤੱਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਝਾਕੀਆਂ 'ਚ ਇਹ ਵੀ ਵਿਖਾਇਆ ਜਾਵੇਗਾ ਕਿ ਬੱਚਾ ਕਿਸ ਹਾਲਾਤ 'ਚ ਸਕੂਲ/ਕਾਲਜ 'ਚ ਪੜ੍ਹ ਕੇ ਨੌਕਰੀ ਦੀ ਭਾਲ ਕਰਦਾ ਹੈ ਅਤੇ ਕਿਹੜੇ ਹਾਲਾਤ 'ਚ ਉਨ੍ਹਾਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਵਿਧਾਨ ਸਭਾ 'ਚ ਐਕਟ ਬਣਾਇਆ ਗਿਆ ਸੀ ਪਰ ਹੁਣ ਮੌਜੂਦਾ ਕਾਂਗਰਸ ਸਰਕਾਰ ਐਕਟ 'ਚ ਸੋਧ ਕਰਨ ਜਾ ਰਹੀ ਹੈ ਜੋ ਕਿ ਸਰਾਸਰ ਮੁਲਾਜ਼ਮਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ 2 ਵਾਰ ਮੁੱਖ ਸਕੱਤਰ ਪੰਜਾਬ ਸ਼੍ਰੀ ਕਰਨ ਅਵਤਾਰ ਸਿੰਘ ਨਾਲ ਹੋਈ ਮੀਟਿੰਗ 'ਚ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਜਲਦ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ ਅਤੇ ਪਿਛਲੇ ਮਹੀਨੇ ਸਰਕਾਰ ਵੱਲੋਂ ਬਣਾਈ ਕਮੇਟੀ 'ਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਨਾਲ ਕੀਤੀ ਮੀਟਿੰਗ 'ਚ ਵੀ ਭਰੋਸਾ ਦਿੱਤਾ ਸੀ ਕਿ ਗੁਰਦਾਸਪੁਰ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਮੁਲਾਜ਼ਮਾਂ ਨਾਲ ਮੀਟਿੰਗ ਕਰਨਗੇ ਪਰ ਹੁਣ ਗੁਰਦਾਸਪੁਰ ਚੋਣ ਜਿੱਤਣ ਤੋਂ ਬਾਅਦ ਸਰਕਾਰ ਨੇ ਮੁਲਾਜ਼ਮਾਂ ਤੋਂ ਮੂੰਹ ਮੋੜ ਲਿਆ ਹੈ। ਸਰਕਾਰ ਕੀਤੇ ਵਾਅਦਿਆਂ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ। ਮੁਲਾਜ਼ਮਾਂ ਵੱਲੋਂ 5 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, 16 ਨਵੰਬਰ ਨੂੰ ਲੁਧਿਆਣਾ ਤੇ 25 ਨਵੰਬਰ ਨੂੰ ਪਟਿਆਲਾ ਵਿਖੇ ਕੱਚੇ ਮੁਲਾਜ਼ਮਾਂ ਤੇ ਨੌਜਵਾਨਾਂ ਦੇ ਦੁਖਾਂਤ ਨੂੰ ਦਰਸਾਉਂਦੀਆਂ ਝਾਕੀਆਂ ਕੱਢਣ ਦਾ ਐਲਾਨ ਕਰ ਦਿੱਤਾ ਹੈ।
ਮੁਲਾਜ਼ਮ ਝਾਕੀਆਂ ਬਣਾ ਕੇ ਬਾਜ਼ਾਰਾਂ ਵਿਚ ਰੋਸ ਮਾਰਚ ਕਰਨਗੇ ਅਤੇ ਸਰਕਾਰ ਦੇ ਕੀਤੇ ਵਾਅਦਿਆਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣਗੇ, ਜੇਕਰ ਫਿਰ ਵੀ ਮੁੱਖ ਮੰਤਰੀ ਨੇ ਮੁਲਾਜ਼ਮਾਂ ਦੀ ਗੱਲ ਨਾ ਸੁਣੀ ਤਾਂ ਮੁਲਾਜ਼ਮ ਦਸੰਬਰ ਮਹੀਨੇ 'ਚ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਚੰਡੀਗੜ੍ਹ ਵਿਖੇ ਭੁੱਖ ਹੜਤਾਲ ਸ਼ੁਰੂ ਕਰਨਗੇ।
ਹਿੰਦੂ ਸੰਗਠਨ ਦੇ ਆਗੂ ਦੀ ਹੱਤਿਆ ਨੂੰ ਅੱਤਵਾਦੀ ਗਤੀਵਿਧੀਆਂ ਨਾਲ ਜੋੜ ਕੇ ਵੇਖ ਰਹੀਆਂ ਹਨ ਸੁਰੱਖਿਆ ਏਜੰਸੀਆਂ
NEXT STORY