ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)- ਬੀਤੀ ਰਾਤ ਸਰਹਿੰਦ ਨਹਿਰ ਕੰਢੇ ਲੁਟੇਰਿਆਂ ਨੇ ਮੱਕੀ ਨਾਲ ਭਰੇ ਕੈਂਟਰ ਦੇ ਡਰਾਈਵਰ ਅਮਰਜੀਤ ਲਾਲ ਨੂੰ ਬੰਨ੍ਹ ਕੇ ਉਸ ਵਿਚੋਂ ਮੱਕੀ ਦੀਆਂ ਬੋਰੀਆਂ ਲੁੱਟ ਲਈਆਂ। ਡਰਾਈਵਰ ਨੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੀਤੀ ਰਾਤ ਬੰਗਾ (ਜ਼ਿਲਾ ਨਵਾਂਸ਼ਹਿਰ) ਤੋਂ 300 ਬੋਰੀਆਂ ਮੱਕੀ ਦੀਆਂ ਭਰ ਕੇ ਕਕਰਾਲਾ ਖੁਰਦ ਪੋਲਟਰੀ ਫਾਰਮ 'ਤੇ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਉਸਦੀ ਗੱਡੀ ਦਾ ਪਿਛਲਾ ਟਾਇਰ ਪੈਂਚਰ ਹੋ ਗਿਆ। ਟਰੱਕ ਡਰਾਈਵਰ ਅਨੁਸਾਰ ਉਹ ਗਲਤੀ ਨਾਲ ਗੜ੍ਹੀ ਪੁਲ ਪਾਰ ਕਰਕੇ ਸਿੱਧਾ ਸਮਰਾਲਾ ਜਾਣ ਦੀ ਬਜਾਏ ਸਰਹਿੰਦ ਨਹਿਰ ਨੀਲੋਂ ਵੱਲ ਨੂੰ ਮੁੜ ਗਿਆ ਤੇ ਕੁਝ ਦੂਰੀ 'ਤੇ ਜਾ ਕੇ ਕੈਂਟਰ ਦਾ ਦੂਜਾ ਟਾਇਰ ਵੀ ਪੈਂਚਰ ਹੋ ਗਿਆ। ਉਹ ਸੜਕ 'ਤੇ ਖੜ੍ਹਾ ਸੀ ਕਿ ਅਚਾਨਕ ਇਕ ਹੋਰ ਕੈਂਟਰ ਆਇਆ, ਜਿਸ ਵਿਚ ਸਵਾਰ ਵਿਅਕਤੀਆਂ ਨੇ ਉਸ ਨੂੰ ਬੰਨ੍ਹ ਦਿੱਤਾ ਤੇ ਉਸਦੇ ਟਰੱਕ ਵਿਚ ਲੱਦੀਆਂ ਮੱਕੀ ਦੀਆਂ 300 'ਚੋਂ 250 ਬੋਰੀਆਂ ਲੁੱਟ ਕੇ ਫ਼ਰਾਰ ਹੋ ਗਏ।
ਕੁਝ ਦੇਰ ਬਾਅਦ ਉਥੋਂ ਲੰਘਦੇ ਰਾਹਗੀਰਾਂ ਨੇ ਡਰਾਈਵਰ ਨੂੰ ਖੋਲ੍ਹਿਆ ਤੇ ਇਸ ਲੁੱਟ ਦੀ ਸੂਚਨਾ ਉਸਨੇ ਆਪਣੇ ਮਾਲਕਾਂ ਨੂੰ ਦਿੱਤੀ। ਕੈਂਟਰ ਡਰਾਈਵਰ ਨੇ ਮਾਛੀਵਾੜਾ ਪੁਲਸ ਕੋਲ ਆ ਕੇ ਆਪਣੇ ਨਾਲ ਹੋਈ ਲੁੱਟ ਸਬੰਧੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਲੁਟੇਰਿਆਂ ਨੇ 1.50 ਲੱਖ ਰੁਪਏ ਤੋਂ ਵੱਧ ਦੀ ਮੱਕੀ ਲੁੱਟ ਲਈ ਹੈ। ਮਾਮਲੇ ਦੀ ਜਾਂਚ ਲਈ ਅੱਜ ਵਿਸ਼ੇਸ਼ ਤੌਰ 'ਤੇ ਡੀ. ਐੱਸ. ਪੀ. ਸਮਰਾਲਾ ਰਣਜੀਤ ਸਿੰਘ ਬਦੇਸ਼ਾ, ਸੀ. ਆਈ. ਏ. ਇੰਚਾਰਜ ਬਲਜਿੰਦਰ ਸਿੰਘ ਵੀ ਪਹੁੰਚੇ ਤੇ ਉਨ੍ਹਾਂ ਡਰਾਈਵਰ ਦੇ ਬਿਆਨ ਦਰਜ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਲਗਾਤਾਰ ਰੁਕ-ਰੁਕ ਕੇ ਬਾਰਸ਼ ਦੇ ਪੈਣ ਕਾਰਨ ਮੱਕੀ ਉਤਪਾਦਕ ਪ੍ਰੇਸ਼ਾਨ
NEXT STORY