ਅੰਮ੍ਰਿਤਸਰ (ਅਨਜਾਣ): ਕੋਰੋਨਾ ਦੇ ਵਿਸਫੋਟ ਕਾਰਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਦੀ ਗਿਣਤੀ ਨਾ-ਮਾਤਰ ਹੀ ਰਹੀ। ਦੱਸ ਦੇਈਏ ਕਿ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ 'ਚ ਹੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1213 ਤੱਕ ਪਹੰਚ ਗਈ ਹੈ ਤੇ ਹੁਣ ਤੱਕ ਮਰਨ ਵਾਲਿਆਂ 'ਚ 59 ਲੋਕ ਦਰਸਾਏ ਜਾ ਰਹੇ ਹਨ। ਇਸ ਲਈ ਅੱਤ ਦੀ ਗਰਮੀ ਤੇ ਕੋਰੋਨਾ ਪੀੜਤਾਂ 'ਚ ਹੋਏ ਵੱਡੇ ਇਜਾਫੇ ਕਾਰਨ ਵੀ ਧਾਰਮਿਕ ਅਸਥਾਨਾ ਤੇ ਸੰਗਤਾਂ ਦੀ ਗਿਣਤੀ ਬਹੁਤ ਘਟ ਗਈ ਹੈ। ਭਾਵੇਂ ਸ੍ਰੀ ਹਰਿਮੰਦਰ ਸਾਹਿਬ ਸੰਗਤਾਂ ਨੂੰ ਲੈ ਕੇ ਪੂਰੇ ਇਹਤਿਆਦ ਵਰਤੇ ਜਾ ਰਹੇ ਨੇ ਪਰ ਫਿਰ ਵੀ ਲੋਕ ਧਾਰਮਿਕ ਅਸਥਾਨਾ 'ਤੇ ਜਾਣ ਤੋਂ ਗੁਰੇਜ ਕਰਨ ਲੱਗੇ ਹਨ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਰਲ ਮਿਲ ਕੇ ਸੰਭਾਲੀ ਰੱਖੀ। ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਇਲਾਹੀ ਬਾਣੀ ਦੇ ਕੀਰਤਨ ਦੀਆਂ ਧੁੰਨਾਂ ਗੂੰਜਦੀਆਂ ਰਹੀਆਂ ਤੇ ਸ਼ਾਮ ਵੇਲੇ ਰਹਰਾਸਿ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਸਿੰਘਾਂ ਵਲੋਂ ਆਰਤੀ ਦਾ ਉਚਾਰਣ ਕੀਤਾ ਗਿਆ ਤੇ ਰਾਤ ਨੂੰ ਸੁੱਖ-ਆਸਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚੀ ਤੇ ਪਾਵਨ ਸਰੂਪ ਨੂੰ ਸੁਖਆਸਣ ਅਸਥਾਨ 'ਤੇ ਬਿਰਾਜਮਾਨ ਕੀਤਾ ਗਿਆ। ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਦੇ ਇਸ਼ਨਾਨ ਦੀ ਸੇਵਾ ਦੇ ਨਾਲ-ਨਾਲ ਛਬੀਲ, ਜੌੜਾ ਘਰ ਤੇ ਗੁਰੂ ਕੇ ਲੰਗਰ ਵਿਖੇ ਸੇਵਾ ਨਿਭਾਈ।
ਇਹ ਵੀ ਪੜ੍ਹੋ: ਇਸ ਵਾਰ ਬਾਬਾ ਬਕਾਲਾ ਸਾਹਿਬ 'ਚ ਨਹੀਂ ਹੋ ਸਕਣਗੀਆਂ ਸਿਆਸੀ ਕਾਨਫਰੰਸਾਂ
ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਵਿਖੇ ਹੋਈ ਕੋਰੋਨਾ 'ਤੇ ਫਤਿਹ ਪਾਉਣ ਲਈ ਅਰਦਾਸ :
ਸੰਗਤਾਂ ਨੇ ਪ੍ਰੀਕਰਮਾ ਵਿੱਚ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਕੋਰੋਨਾ 'ਤੇ ਫਤਿਹ ਪਾਉਣ ਲਈ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ। ਗ੍ਰੰਥੀ ਸਿੰਘ ਨੇ ਏਸ ਅਸਥਾਨ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਬਾਬਾ ਦੀਪ ਸਿੰਘ ਜੀ, ਬਾਰਾਂ ਮਿਸਲਾਂ ਵਿਚੋਂ ਸੁਪ੍ਰਸਿੱਧ ਸ਼ਹੀਦਾਂ ਦੀ ਮਿਸਲ ਦੇ ਮੁਖੀ ਸਨ। ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਦੇ ਨਾਲ 18ਵੀਂ ਸਦੀ ਦੀਆਂ ਵਿਸ਼ੇਸ਼ ਜੰਗਾਂ ਵਿਚ ਅਹਿਮ ਹਿੱਸਾ ਲਿਆ। 1757 ਈ: ਵਿਚ ਤੈਮੂਰਸ਼ਾਹ ਤੇ ਜਹਾਨਖਾਨ ਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਦੀ ਬੇਅਦਬੀ ਕਰਨ, ਪਵਿੱਤਰ ਸਰੋਵਰ ਨੂੰ ਪੂਰ ਦੇਣ ਦੀ ਖਬਰ ਬਾਬਾ ਜੀ ਨੂੰ ਜਦੋਂ ਦਮਦਮਾ ਸਾਹਿਬ ਵਿਖੇ ਪੁੱਜੀ ਤਾਂ ਉਹ 76 ਸਾਲ ਦੀ ਬਜ਼ੁਰਗ ਅਵਸਥਾ ਵਿਚ ਵੀ ਅਠਾਰਾਂ ਸੇਰ ਦਾ ਖੰਡਾ ਹੱਥ ਲੈ ਕੇ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾਉਣ ਤੇ ਜਾਲਮਾਂ ਨੂੰ ਸਬਕ ਸਿਖਾਉਣ ਦੀ ਪ੍ਰਤਿਗਿਆ ਕਰਕੇ ਸ੍ਰੀ ਅੰਮ੍ਰਿਤਸਰ ਵਲ ਚੱਲ ਪਏ। ਅੱਗੋਂ ਜਹਾਨ ਖਾਨ ਇਹ ਖਬਰ ਸੁਣ ਕੇ ਸ਼ਹਿਰ ਦੇ ਬਾਹਰ ਗੋਹਲਵੜ ਪਿੰਡ ਪਾਸ ਹਜ਼ਾਰਾਂ ਦੀ ਗਿਣਤੀ ਵਿਚ ਫੌਜ ਦੇ ਨਾਲ ਮੋਰਚੇ ਮੱਲੀ ਬੈਠਾ ਸੀ। ਆਹਮੋ-ਸਾਹਮਣੇ ਘਮਸਾਨ ਦਾ ਯੁੱਧ ਹੋਇਆ। ਬਾਬਾ ਜੀ ਸ਼ਹਿਰ ਤੋਂ ਹਾਲੇ ਹਟਵੇਂ ਹੀ ਸਨ ਕਿ ਜਮਾਲ ਖਾਨ ਨਾਲ ਹੋ ਰਹੀ ਹੱਥੋ ਹੱਥ ਲੜਾਈ ਵਿਚ ਉਨ੍ਹਾਂ ਦਾ ਸੀਸ ਕੱਟਿਆ ਗਿਆ। ਪਾਸ ਖੜ੍ਹੇ ਇਕ ਸਿੰਘ ਨੇ ਜਦ ਬਾਬਾ ਜੀ ਨੂੰ ਕੀਤਾ ਪ੍ਰਣ ਯਾਦ ਕਰਾਇਆ ਤਾਂ ਐਸਾ ਕ੍ਰਿਸ਼ਮਾਂ ਵਾਪਰਿਆ ਜਿਸਦੀ ਦੁਨੀਆ ਦੇ ਇਤਿਹਾਸ 'ਚ ਹੋਰ ਕੋਈ ਮਿਸਾਲ ਨਹੀਂ। ਬਾਬਾ ਜੀ ਨੇ ਆਪਣਾ ਸੀਸ ਖੱਬੀ ਤਲੀ ਉੱਪਰ ਟਿਕਾਅ ਸੱਜੇ ਹੱਥ ਨਾਲ ਐਸਾ ਖੰਡਾ ਚਲਾਇਆ ਕਿ ਦੁਸ਼ਮਣ ਦੀਆਂ ਸਫ਼ਾਂ ਵਿੱਚ ਭਾਜੜਾਂ ਪੈ ਗਈਆਂ। ਇਸ ਤਰ੍ਹਾਂ ਘਮਸਾਨ ਦਾ ਯੁੱਧ ਕਰਦਿਆਂ ਬਾਬਾ ਜੀ ਅੰਮ੍ਰਿਤਸਰ ਪਹੁੰਚੇ ਤੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਂਟ ਕੀਤਾ। ਪ੍ਰਕਰਮਾ 'ਚ ਸ਼ਹੀਦ ਬੁੰਗੇ ਵਿਖੇ ਇਹ ਗੁਰਦੁਆਰਾ ਬਾਬਾ ਜੀ ਦੀ ਯਾਦ ਤਾਜ਼ਾ ਕਰਦਾ ਹੈ ਤੇ ਗੁਰਧਾਮਾਂ ਦੀ ਪਵਿੱਤਰਤਾ ਬਰਕਰਾਰ ਰੱਖਣ ਲਈ ਪ੍ਰੇਰਣਾ ਸਰੋਤ ਹੈ।
ਇਹ ਵੀ ਪੜ੍ਹੋ: ਵਕਾਲਤ ਛੱਡ ਖੇਤਾਂ ਨੂੰ ਪ੍ਰਣਾਇਆ ਕਮਲਜੀਤ ਸਿੰਘ ਹੇਅਰ, ਜ਼ਹਿਰ ਮੁਕਤ ਖੇਤੀ ਕਰਨ ਵਾਲਾ ਆਦਰਸ਼ ਕਿਸਾਨ
ਵਿਦਿਆਰਥੀਆਂ ਲਈ ਘਾਤਕ ਸਾਬਤ ਹੋ ਰਹੀ 'ਨੰਬਰ ਗੇਮ' ਮਾਪਿਆਂ ਨੂੰ ਭੁਗਤਣਾ ਪੈ ਰਿਹੈ ਖਮਿਆਜਾ
NEXT STORY