ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਸੂਬੇ ਅੰਦਰ ਦਿਨੋਂ-ਦਿਨ ਖੇਤੀ ਧੰਦੇ ਲਈ ਕੀਤੀ ਜਾ ਰਹੀ ਅੰਨੇਵਾਹ ਰਸਾਇਣਕ ਖਾਦਾਂ ਦੀ ਵਰਤੋਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨੇ ਵੱਡੀ ਪੱਧਰ 'ਤੇ ਮਨੁੱਖਾਂ ਨੂੰ ਕਈ ਖਤਰਨਾਕ ਬੀਮਾਰੀਆਂ ਦੀ ਜਕੜ 'ਚ ਲੈ ਰੱਖਿਆ ਹੈ।ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਿਸਾਨ ਫਸਲਾਂ ਤੇ ਸਬਜ਼ੀਆਂ ਆਦਿ ਦਾ ਵੱਧ ਝਾੜ ਲੈਣ ਲਈ ਕਰ ਰਹੇ ਹਨ ਜੋ ਬੇਹੱਦ ਹਾਨੀਕਾਰਕ ਹੈ ਪਰ ਕੁਝ ਉੱਦਮੀ ਨੌਜਵਾਨਾਂ ਨੇ ਜਹਿਰ ਮੁਕਤ ਖੇਤੀ ਕਰਨ ਲਈ ਬੀੜਾ ਚੁੱਕਿਆ ਹੋਇਆ ਹੈ ਤਾਂ ਕਿ ਨਾ-ਮੁਰਾਦ ਬੀਮਾਰੀਆਂ ਨੂੰ ਘਟਾਇਆ ਜਾ ਸਕੇ। ਜੇਕਰ ਮਾਲਵਾ ਖੇਤਰ ਦੀ ਗੱਲ ਕਰੀਏ ਤਾਂ ਅਜਿਹੇ ਅਗਾਂਹਵਧੂ ਨੌਜਵਾਨਾਂ 'ਚ ਪਿੰਡ ਰੱਤੇਵਾਲਾ-ਸੋਹਣਗੜ੍ਹ ਦੇ ਨੌਜਵਾਨ ਕਮਲਜੀਤ ਸਿੰਘ ਹੇਅਰ ਦਾ ਨਾਮ ਪਹਿਲੀ ਕਤਾਰ 'ਚ ਆਉਦਾ ਹੈ। ਜੋ ਵਕਾਲਤ ਛੱਡ ਕੇ ਜਹਿਰ ਮੁਕਤ ਖੇਤੀ ਕਰਨ ਵਾਲਾ ਸਫਲ ਕਿਸਾਨ ਬਣਿਆ ਹੈ।
ਇਹ ਵੀ ਪੜ੍ਹੋ: ਮਿਟ ਜਾਵੇਗਾ ਨਿਸ਼ਾਨ-ਏ-ਥਰਮਲ, ਮਿੱਟੀ 'ਚ ਮਿਲ ਜਾਵੇਗੀ ਝੀਲਾਂ ਦੇ ਸ਼ਹਿਰ ਦੀ ਵਿਰਾਸਤ
ਜ਼ਿਕਰਯੋਗ ਹੈ ਕਿ ਚਾਲੀ ਮੁਕਤਿਆਂ ਦੀ ਧਰਤੀ ਇਤਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੀ ਅਦਾਲਤ 'ਚ ਕਮਲਜੀਤ ਸਿੰਘ ਹੇਅਰ ਵਕਾਲਤ ਕਰਦਾ ਸੀ, ਪਰ ਜਹਿਰ ਮੁਕਤ ਖੇਤੀ ਕਰਨ ਦੀ ਤਮੰਨਾ ਨੇ ਉਸ ਨੂੰ ਵਕਾਲਤ ਛੁਡਵਾ ਕੇ ਇਕ ਸਫਲ ਕਿਸਾਨ ਬਣਾ ਦਿੱਤਾ। ਸ੍ਰੀ ਮੁਕਤਸਰ ਸਾਹਿਬ ਤੋਂ ਕਰੀਬ 20 ਕਿਲੋਮੀਟਰ ਦੂਰ ਗੁਰੂਹਰਸਹਾਏ ਨੂੰ ਜਾਣ ਵਾਲੀ ਸੜਕ 'ਤੇ ਪੈਂਦੇ ਸੋਹਣਗੜ੍ਹ-ਰੱਤੇਵਾਲਾ ਵਿਖੇ ਉਸ ਨੇ ਆਪਣੇ ਖੇਤ 'ਚ 'ਸੋਹਣਗੜ ਫਾਰਮ' ਬਣਾ ਦਿੱਤਾ। ਉਸ ਦਾ ਕਹਿਣਾ ਹੈ ਕਿ ਵਕਾਲਤ ਕਰਕੇ ਭਾਵੇਂ ਉਹ ਲੱਖਾਂ ਰੁਪਏ ਕਮਾ ਰਿਹਾ ਸੀ ਪਰ ਆਰਗੈਨਿਕ ਖੇਤੀ ਕਰਕੇ ਉਸ ਦੇ ਮਨ ਨੂੰ ਬਹੁਤ ਸ਼ਾਂਤੀ ਮਿਲ ਰਹੀ ਹੈ ਤੇ ਉਹ ਹਮੇਸ਼ਾ ਹੀ ਇਸ ਕੰਮ ਨੂੰ ਅੱਗੇ ਵਧਾਉਣ ਲਈ ਤਤਪਰ ਰਹੇਗਾ। ਕਮਲਜੀਤ ਹੇਅਰ ਦਾ ਸੁਪਨਾ ਹੈ ਕਿ ਪੂਰਾ ਸੂਬਾ ਹੀ ਜਹਿਰ ਮੁਕਤ ਖੇਤੀ ਕਰੇ ਤਾਂ ਕਿ ਭਿਆਨਕ ਬਿਮਾਰੀਆਂ ਤੋਂ ਬਚ ਸਕਣ।ਕਿਉਂਕਿ ਤੰਦਰੁਸਤੀ ਹੀ ਮਨੁੱਖ ਲਈ ਸਭ ਤੋਂ ਵੱਡੀ ਚੀਜ਼ ਹੈ।ਕਮਲਜੀਤ ਦੱਸਦਾ ਹੈ ਕਿ ਉਸ ਨੇ ਸਭ ਤੋਂ ਪਹਿਲਾਂ 2012 'ਚ ਖੇਤੀ ਵਿਰਾਸਤ ਮਿਸ਼ਨ ਵਾਲੇ ਓਮੇਂਦਰ ਦੱਤ ਨਾਲ ਸੰਪਰਕ ਕੀਤਾ, ਜਿਨ੍ਹਾਂ ਰਾਹੀਂ ਉਨ੍ਹਾਂ ਦਾ ਸੰਪਰਕ ਪ੍ਰਸਿੱਧ ਖੇਤੀ ਵਿਗਿਆਨੀ ਓਮ ਪ੍ਰਕਾਸ਼ ਰੁਪੇਲਾ ਨਾਲ ਹੋਇਆ। ਰੁਪੇਲਾ ਜੀ ਨੇ ਉਸ ਨੂੰ ਜਦ ਇਹ ਕਿਹਾ ਕਿ ਕੋਈ ਅਜਿਹਾ ਮਾਡਲ ਫਾਰਮ ਵਿਕਸਿਤ ਕੀਤਾ ਜਾਵੇ ਜੋ ਹੋਰਨਾਂ ਲਈ ਇਕ ਮਿਸਾਲ ਬਣ ਜਾਵੇ ਤਾਂ ਝੱਟ ਹੀ ਕਮਲਜੀਤ ਨੇ ਹਾਂ ਕਰ ਦਿੱਤੀ।
ਇਹ ਵੀ ਪੜ੍ਹੋ: ਪ੍ਰੇਮ ਵਿਆਹ ਪਿੱਛੋਂ ਹੋਇਆ ਸੀ ਤਲਾਕ ,ਹੁਣ ਸਹੁਰੇ ਘਰੋਂ ਮਿਲੀ ਕੁੜੀ ਦੀ ਲਾਸ਼
ਕਮਲਜੀਤ ਨੇ ਆਪਣੇ ਸਾਥੀਆਂ ਐਡਵੋਕੇਟ ਗੁਰਬਾਜ ਸਿੰਘ ਦੁਸਾਂਝ, ਅਸ਼ੋਕ ਕੁਮਾਰ ਤੇ ਪੱਪੂ ਕੁਮਾਰ ਨਾਲ ਰਲ ਕੇ 'ਸੋਹਣਗੜ੍ਹ ਆਰਗੈਨਿਕ ਫੂਡ ਸੁਸਾਇਟੀ' ਬਣਾਈ ਤੇ 15 ਏਕੜ ਜ਼ਮੀਨ 'ਚ ਕੁਦਰਤੀ ਖੇਤੀ ਸ਼ੁਰੂ ਕੀਤੀ। ਉਸ ਤੋਂ ਬਾਅਦ ਫਿਰ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਰਕਬੇ ਨੂੰ ਹੋਰ ਵਧਾ ਲਿਆ ਗਿਆ। ਕਣਕ ਤੋਂ ਇਲਾਵਾ ਕਈ ਹੋਰ ਫਸਲਾਂ, ਫਲ, ਦਾਲਾਂ ਅਤੇ ਸਬਜ਼ੀਆਂ ਇਸ ਫਾਰਮ 'ਚ ਜਹਿਰ ਮੁਕਤ ਤਿਆਰ ਹੋਣ ਲੱਗੇ। ਇਸ ਫਾਰਮ 'ਚ ਵੱਡੀ ਗਿਣਤੀ 'ਚ ਵੱਖ-ਵੱਖ ਤਰ੍ਹਾਂ ਦੇ ਬੂਟੇ ਸਥਿਤ ਹਨ। ਕਈ ਬੂਟਿਆਂ ਤੋਂ ਦਵਾਈਆਂ ਵੀ ਬਣਦੀਆਂ ਹਨ। ਹਰ ਤਰ੍ਹਾਂ ਦੀਆਂ ਸਬਜ਼ੀਆਂ ਤਿਆਰ ਹੁੰਦੀਆਂ ਹਨ ਤੇ ਫਲ ਵੀ ਤਿਆਰ ਹੁੰਦੇ ਹਨ। ਫਾਰਮ ਨੂੰ ਹਰ ਢੰਗ ਨਾਲ ਸਜਾਇਆ ਗਿਆ ਹੈ ਤੇ ਹਰ ਚੀਜ਼ ਹੀ ਤਿਆਰ ਕੀਤੀ ਜਾ ਰਹੀ ਹੈ।ਬਾਹਰ ਤੋਂ ਹੀ ਇਸ ਫਾਰਮ ਦੀ ਦਿਖ ਬਹੁਤ ਸੁੰਦਰ ਦਿਖਾਈ ਦੇ ਰਹੀ ਹੈ ਤੇ ਅੰਦਰ ਸ਼ਾਨਦਾਰ ਕੱਚੇ-ਕੋਠੇ ਤੇ ਝੁੱਗੀਆਂ-ਝੋਪੜੀਆਂ ਆਦਿ ਬਣਾਈਆਂ ਹੋਈਆਂ ਹਨ। ਆਰਗੈਨਿਕ ਖੇਤੀ ਕਰਨ ਬਦਲੇ ਕਮਲਜੀਤ ਹੇਅਰ ਨੂੰ ਜਿੱਥੇ ਵੱਖ-ਵੱਖ ਸੰਸਥਾਵਾਂ ਨੇ ਸਨਮਾਨਿਤ ਕੀਤਾ ਹੈ ਉਥੇ ਪੰਜਾਬ ਸਰਕਾਰ ਵਲੋਂ ਵੀ ਉਸ ਨੂੰ ਇਨਾਮ ਦਿੱਤੇ ਗਏ ਹਨ।ਪੰਜਾਬ ਸਰਕਾਰ ਨੇ ਉਸ ਨੂੰ 'ਪੰਜਾਬ ਯੂਥ ਅਚੀਵਰ ਐਵਾਰਡ' ਦੇ ਕੇ ਸਨਮਾਨਿਤ ਕੀਤਾ ਹੈ।
ਇਹ ਵੀ ਪੜ੍ਹੋ: ਨੌਜਵਾਨ ਦਾ ਮ੍ਰਿਤਕ ਸਰੀਰ ਧੁੱਪ ਵਿਚ ਰਿਹਾ ਸੜਦਾ, ਰਿਸ਼ਤੇਦਾਰਾਂ ਨੇ ਡਾਕਟਰਾਂ 'ਤੇ ਲਾਏ ਲਾਪਰਵਾਹੀ ਦੇ ਦੋਸ਼
ਖੇਤੀ ਵਿਗਿਆਨੀ, ਉੱਚ ਅਧਿਕਾਰੀ ਤੇ ਅਨੇਕਾਂ ਹੋਰ ਜਾਗਰੂਕ ਲੋਕ ਆ ਚੁੱਕੇ ਹਨ ਫਾਰਮ ਤੇ
ਜਦ ਲੋਕਾਂ ਨੂੰ ਸੋਹਣਗੜ੍ਹ ਫਾਰਮ ਦਾ ਪਤਾ ਲੱਗਾ ਤੇ ਇਸ ਦੀ ਚਰਚਾ ਹੋਈ ਤਾਂ ਬਹੁਤ ਸਾਰੇ ਖੇਤੀ ਵਿਗਿਆਨੀ ਤੇ ਉੱਚ ਅਧਿਕਾਰੀਆਂ ਤੋਂ ਇਲਾਵਾ ਅਨੇਕਾਂ ਹੋਰ ਜਾਗਰੂਕ ਲੋਕ ਇਸ ਫਾਰਮ ਤੇ ਆਉਣ ਲੱਗੇ। ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਵੀ ਇਸ ਫਾਰਮ ਦਾ ਨਜ਼ਾਰਾ ਇੱਥੇ ਆ ਕੇ ਵੇਖਿਆ ਹੈ। ਕਈ ਕਾਲਜਾਂ ਦੇ ਵਿਦਿਆਰਥੀ ਵੀ ਜਾਣਕਾਰੀ ਲੈਣ ਲਈ ਪੁੱਜੇ ਹਨ। ਇਸ ਤੋਂ ਇਲਾਵਾ ਇਸ ਫਾਰਮ ਤੇ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਸਮੇਂ-ਸਮੇਂ ਸਿਰ ਕਿਸਾਨ ਸਿਖਲਾਈ ਕੈਂਪ ਲੱਗਦੇ ਰਹਿੰਦੇ ਹਨ ਤੇ ਬਹੁਤ ਸਾਰੇ ਕਿਸਾਨ ਇਨ੍ਹਾਂ ਕੈਪਾਂ ਵਿਚ ਪੁੱਜਦੇ ਹਨ ਅਤੇ ਨਵੀਂ ਜਾਣਕਾਰੀ ਹਾਸਲ ਕਰਦੇ ਹਨ। ਕਈ ਸੈਮੀਨਾਰ ਲੱਗੇ ਹਨ ਤੇ ਖੇਤੀ ਕੈਂਪ ਲੱਗੇ ਹਨ। ਦੂਰ-ਦੂਰ ਤੱਕ ਇਸ ਫਾਰਮ ਦੀ ਚਰਚਾ ਹੋ ਰਹੀ ਹੈ। ਕਈ ਤਰ੍ਹਾਂ ਦੀਆਂ ਸਬਜ਼ੀਆਂ ਦੇ ਬੀਜ ਵੀ ਇਸ ਫਾਰਮ ਤੇ ਤਿਆਰ ਕੀਤੇ ਜਾਂਦੇ ਹਨ।
ਬਟਾਲਾ ਦਾ ਐੱਸ.ਡੀ.ਐੱਮ. ਵੀ ਆਇਆ ਕੋਰੋਨਾ ਦੀ ਚਪੇਟ 'ਚ
NEXT STORY