ਪਠਲਾਵਾ/ਗੜ੍ਹਸ਼ੰਕਰ (ਸ਼ੋਰੀ) : ਪੰਜਾਬ ਵਿਚ ਕੋਰੋਨਾ ਪ੍ਰਭਾਵਿਤ ਸਭ ਤੋਂ ਪਹਿਲੀ ਮੌਤ ਪਿੰਡ ਪਠਲਾਵਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 'ਚ ਬਾਬਾ ਬਲਦੇਵ ਸਿੰਘ ਦੀ ਹੋਈ ਸੀ, ਉਨ੍ਹਾਂ ਦਾ ਅੰਤਿਮ ਸੰਸਕਾਰ 18 ਮਾਰਚ ਨੂੰ ਹੋਏ 16 ਦਿਨ ਲੰਘ ਜਾਣ ਦੇ ਬਾਵਜੂਦ ਉਨ੍ਹਾਂ ਦੇ ਫੁੱਲ ਨਹੀਂ ਚੁਗੇ ਗਏ। ਬਾਬਾ ਬਲਦੇਵ ਸਿੰਘ ਦੇ ਜ਼ਿਆਦਾਤਰ ਪਰਿਵਾਰਕ ਮੈਂਬਰ ਕੋਰੋਨਾ ਪਾਜ਼ੇਟਿਵ ਹੋਣ ਕਾਰਣ ਸਿਹਤ ਵਿਭਾਗ ਵੱਲੋਂ ਆਈਸੋਲੇਸ਼ਨ ਵਾਰਡ ਨਵਾਂਸ਼ਹਿਰ ਵਿਚ ਹੀ ਰੱਖੇ ਗਏ ਹਨ, ਕਰਫਿਊ ਅਤੇ ਪਿੰਡ ਸੀਲ ਕੀਤਾ ਹੋਣ ਕਾਰਣ ਪਿੰਡ ਦੇ ਲੋਕ ਇਹ ਕੰਮ ਪ੍ਰਸ਼ਾਸਨ ਤੋਂ ਬਿਨਾਂ ਆਪ ਨਹੀਂ ਕਰ ਸਕਦੇ। ਪ੍ਰਸ਼ਾਸਨ ਨੇ ਇਸ ਪਾਸੇ ਹਾਲੇ ਤੱਕ ਕਿਉਂ ਧਿਆਨ ਨਹੀਂ ਦਿੱਤਾ, ਇਹ ਇਕ ਵੱਡਾ ਸਵਾਲ ਆਮ ਲੋਕਾਂ ਦੇ ਜ਼ਿਹਨ 'ਚ ਉੱਠ ਰਿਹਾ ਹੈ।
ਇਹ ਵੀ ਪੜ੍ਹੋ : ਫਰੀਦਕੋਟ 'ਚ ਕੋਰੋਨਾ ਵਾਇਰਸ ਦੀ ਦਸਤਕ, 35 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ
ਪਿੰਡ ਪਠਲਾਵਾ 'ਚ 18 ਲੋਕ ਹਾਲੇ ਵੀ ਹਨ ਕੋਰੋਨਾ ਪਾਜ਼ੇਟਿਵ
ਪਿੰਡ ਪਠਲਾਵਾ (ਨਵਾਂਸ਼ਹਿਰ) ਪੰਜਾਬ ਦਾ ਇਕ-ਇਕੋ ਅਜਿਹਾ ਪਿੰਡ ਹੈ ਜਿੱਥੇ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਪਾਏ ਗਏ ਹਨ। ਬਾਬਾ ਬਲਦੇਵ ਸਿੰਘ ਦੀ ਮੌਤ ਉਪਰੰਤ ਅੱਜ ਵੀ 18 ਲੋਕ ਕੋਰੋਨਾ ਤੋਂ ਪੀੜਤ ਹਨ, ਜਿਸ ਵਿਚ ਪਿੰਡ ਦਾ ਸਰਪੰਚ ਅਤੇ ਉਸ ਦੀ ਮਾਤਾ ਵੀ ਸ਼ਾਮਲ ਹੈ। ਇਹ ਸਾਰੇ ਲੋਕ ਨਵਾਂਸ਼ਹਿਰ ਜ਼ਿਲਾ ਹੈੱਡਕੁਆਰਟਰ ਤੇ ਸਰਕਾਰੀ ਹਸਪਤਾਲ ਵਿਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਦੀ ਨਿਗਰਾਨੀ ਹੇਠ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਹਤ ਮਹਿਕਮੇ ਵੱਲੋਂ ਅੱਜ ਇਨ੍ਹਾਂ ਵਿਚੋਂ ਅੱਧਾ ਦਰਜਨ ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦਾ ਮੁੜ ਸੈਂਪਲ ਲੈ ਕੇ ਟੈਸਟ ਕਰਨ ਲਈ ਭੇਜਿਆ ਗਿਆ। ਸਿਹਤ ਵਿਭਾਗ ਹਰ 14 ਦਿਨਾਂ ਉਪਰੰਤ ਅਜਿਹੇ ਟੈਸਟ ਕਰਵਾ ਕੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸਥਿਤੀ ਦਾ ਪਤਾ ਕਰਦਾ ਰਹਿੰਦਾ ਹੈ।
ਪਿੰਡ ਦੇ ਆਮ ਲੋਕਾਂ ਦੇ ਚੈੱਕਅਪ ਲਈ ਮਹਿਕਮੇ ਵੱਲੋਂ ਚੰਗੇ ਪ੍ਰਬੰਧ ਕੀਤੇ ਗਏ ਹਨ। ਪਿੰਡ ਵਿਚ ਸਪੈਸ਼ਲਿਸਟ ਡਾਕਟਰਾਂ ਦੀਆਂ ਟੀਮਾਂ ਰੈਗੂਲਰ ਜਾ ਰਹੀਆਂ ਹਨ ਅਤੇ ਲੋਕਾਂ ਦਾ ਚੈੱਕਅਪ ਕਰਕੇ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ, ਗੁ. ਸ਼ਹੀਦ ਗੰਜ ਅਤੇ ਨਾਲ ਲੱਗਦੇ ਗੁਰਦੁਆਰਿਆਂ ''ਚੋਂ ਉੱਡੀਆਂ ਰੌਣਕਾਂ
ਅੰਕੜਿਆਂ ਦੀ ਨਜ਼ਰ 'ਚ ਪਠਲਾਵਾ
ਪਿੰਡ ਪਠਲਾਵਾ ਜ਼ਿਲਾ ਨਵਾਂਸ਼ਹਿਰ ਦੀ ਤਹਿਸੀਲ ਬੰਗਾ ਤੋਂ ਸੱਤ ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਪਿੰਡ ਦੇ ਨਾਲ ਜ਼ਿਲਾ ਹੁਸ਼ਿਆਰਪੁਰ ਦਾ ਪਿੰਡ ਮੋਰਾਂਵਾਲੀ ਦੋ ਕਿਲੋਮੀਟਰ ਦੂਰੀ 'ਤੇ ਹੈ। ਪਿੰਡ ਦੀ ਕੁੱਲ ਆਬਾਦੀ : 2038 ਹੈ ਜਦਕਿ ਪੁਰਸ਼ਾਂ ਦੀ ਗਿਣਤੀ : 1004 ਹੈ, ਔਰਤਾਂ ਦੀ ਗਿਣਤੀ : 1034 ਹੈ ਜਦਕਿ ਬੱਚੇ (0 ਤੋਂ 6 ਸਾਲ) : ਲੜਕੇ 92, ਲੜਕੀਆਂ ਦੀ ਗਿਣਤੀ 70 ਹੈ। ਇਹ ਅੰਕੜੇ 2011 ਦੀ ਜਨਗਣਨਾ ਦੇ ਮੁਤਾਬਕ ਹਨ।
ਇਹ ਵੀ ਪੜ੍ਹੋ : ਭਾਈ ਖਾਲਸਾ ਦੇ ਸਸਕਾਰ ਦੇ ਵਿਰੋਧ ਤੋਂ ਨਾਰਾਜ਼ ਦਰਬਾਰ ਸਾਹਿਬ ਦੇ ਰਾਗੀਆਂ ਦਾ ਸਖਤ ਫੈਸਲਾ
ਪਿੰਡ 'ਚ ਆਈ. ਐੱਮ. ਏ. ਦੀ ਟੀਮ ਨੇ ਕੀਤਾ ਦੌਰਾ
2 ਅਪ੍ਰੈਲ ਤੱਕ ਪਿੰਡ ਵਿਚ ਕਿਸੇ ਵੀ ਬਾਹਰੀ ਵਿਅਕਤੀ, ਸੰਸਥਾ ਜਾਂ ਜਨ ਪ੍ਰਤੀਨਿਧੀ ਨੂੰ ਜਾਣ ਦੀ ਪ੍ਰਸ਼ਾਸਨ ਵੱਲੋਂ ਇਜਾਜ਼ਤ ਨਹੀਂ ਸੀ, ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਇਕ ਟੀਮ ਨੇ ਪੰਜਾਬ ਪ੍ਰਧਾਨ ਡਾਕਟਰ ਨਵਜੋਤ ਘਈਆ ਦੀ ਅਗਵਾਈ ਹੇਠ ਪਿੰਡ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਜਨਰਲ ਸਕੱਤਰ ਡਾ. ਪਰਮਜੀਤ ਸਿੰਘ ਮਾਨ ਅਤੇ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵੀ ਹਾਜ਼ਰ ਸਨ। ਵਿਧਾਇਕ ਡਾ. ਸੁੱਖੀ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਹੁਣ ਤੱਕ ਸਿਰਫ਼ 30 ਕਿੱਟਾਂ ਰਾਸ਼ਨ ਦੀਆਂ ਲੋਕਾਂ ਨੂੰ ਭੇਜੀਆਂ ਗਈਆਂ ਜੋ ਕਿ ਪਿੰਡ ਦੀ ਜ਼ਰੂਰਤ ਅਨੁਸਾਰ ਨਾਮਾਤਰ ਹਨ। ਉਨ੍ਹਾਂ ਦੱਸਿਆ ਕਿ ਆਈ. ਐੱਮ. ਏ. ਵੱਲੋਂ ਪ੍ਰਸ਼ਾਸਨ ਦੇ ਮਾਧਿਅਮ ਨਾਲ 100 ਰਾਸ਼ਨ ਕਿੱਟਾਂ ਅਤੇ ਜ਼ਰੂਰਤ ਅਨੁਸਾਰ ਦਵਾਈਆਂ ਜਲਦ ਭੇਜੀਆਂ ਜਾਣਗੀਆਂ।
ਇਹ ਵੀ ਪੜ੍ਹੋ : ਕਰਫਿਊ ਕਾਰਨ ਘਟਿਆ ਪ੍ਰਦੂਸ਼ਣ, ਜਲੰਧਰ ਤੋਂ ਨਜ਼ਰ ਆਉਣ ਲੱਗੇ ਬਰਫ ਨਾਲ ਲੱਦੇ ਪਹਾੜ
ਸਰਕਾਰੀ ਪ੍ਰਬੰਧਾਂ 'ਤੇ ਸਰਪੰਚ ਨੇ ਸੰਤੁਸ਼ਟੀ ਪ੍ਰਗਟਾਈ
ਪਿੰਡ ਦੇ ਸਰਪੰਚ ਹਰਪਾਲ ਸਿੰਘ ਨੇ ਸੰਪਰਕ ਕਰਨ 'ਤੇ ਪ੍ਰਸ਼ਾਸਨ ਦੇ ਸਾਰੇ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਅਸੀਂ ਲੋਕ ਜਾਣਦੇ ਹਾਂ ਕਿ ਕੋਰੋਨਾ ਦਾ ਇਲਾਜ ਹਾਲੇ ਤੱਕ ਸੰਭਵ ਨਹੀਂ ਹੈ ਅਤੇ ਇਸ ਦੀ ਕੋਈ ਦਵਾਈ ਨਹੀਂ ਬਣੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਲੋੜ ਇਹ ਹੈ ਕਿ ਆਈਸੋਲੇਸ਼ਨ ਵਾਰਡ ਵਿਚ ਜੋ ਲੋਕ ਮਹਿਕਮੇ ਵੱਲੋਂ ਲਿਜਾਏ ਜਾਂਦੇ ਹਨ, ਉਨ੍ਹਾਂ ਨੂੰ ਜੇਕਰ ਕੋਈ ਹੋਰ ਬੀਮਾਰੀ ਹੈ ਤਾਂ ਉਸ ਦੀ ਨਿਰੰਤਰ ਦਵਾਈ ਜ਼ਰੂਰ ਦਿੱਤੀ ਜਾਵੇ। ਦੱਸਣਯੋਗ ਹੈ ਕਿ ਉਹ ਖੁਦ ਆਈਸੋਲੇਸ਼ਨ ਵਾਰਡ 'ਚ ਹਨ।
ਇਹ ਵੀ ਪੜ੍ਹੋ : ਸੰਤ ਸੀਚੇਵਾਲ ਤੇ 4 ਸੇਵਾਦਾਰਾਂ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ
18 ਮਾਰਚ ਨੂੰ ਹੀ ਪਿੰਡ ਦੀ ਪੰਚਾਇਤ ਅਤੇ ਲੋਕਾਂ ਨੇ ਕਮਰ ਕੱਸ ਲਈ ਸੀ
ਪਿੰਡ ਪਠਲਾਵਾ ਦੇ ਅਮਰਪ੍ਰੀਤ ਸਿੰਘ ਲਾਡੀ ਨੇ ਦੱਸਿਆ ਕਿ ਕੋਰੋਨਾ ਬੀਮਾਰੀ ਨੇ 18 ਮਾਰਚ ਨੂੰ ਜਦ ਪਿੰਡ ਵਿਚ ਦਸਤਕ ਦਿੱਤੀ ਸੀ ਤਾਂ ਉਸ ਦੇ ਤੁਰੰਤ ਬਾਅਦ ਪਿੰਡ ਦੀ ਪੰਚਾਇਤ ਅਤੇ ਸਮਾਜ ਸੇਵੀ ਸੰਸਥਾ 'ਏਕ ਨੂਰ ਸਵੈ ਸੇਵੀ ਸੰਸਥਾ, ਪਠਲਾਵਾ' ਦੇ ਮੈਂਬਰਾਂ ਨੇ ਮੀਟਿੰਗ ਕਰਕੇ ਸਭ ਤੋਂ ਪਹਿਲਾਂ ਪਿੰਡ ਨੂੰ ਸੈਨੇਟਾਈਜ਼ ਕੀਤਾ ਅਤੇ ਦੂਸਰੇ ਦਿਨ ਮਾਸਕ ਅਤੇ ਸੈਨੇਟਾਈਜ਼ਰ ਪੂਰੇ ਪਿੰਡ ਵਿਚ ਪੂਰੀ ਤਰ੍ਹਾਂ ਮੁਫ਼ਤ ਤਕਸੀਮ ਕੀਤੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਪਿੰਡ ਦੇ ਲੋਕਾਂ ਵੱਲੋਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ 300 ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਹੁਣ ਤੱਕ ਤਕਸੀਮ ਕੀਤੀ ਜਾ ਚੁੱਕੀ ਹੈ।
ਸੋਸ਼ਲ ਮੀਡੀਆ 'ਤੇ ਕੂੜ ਪ੍ਰਚਾਰ ਤੋਂ ਪਿੰਡ ਦੇ ਲੋਕ ਪ੍ਰੇਸ਼ਾਨ
ਪਿੰਡ ਦੇ ਹਰਪ੍ਰੀਤ ਸਿੰਘ, ਨਿਹੰਗ ਸਿੰਘ ਅਤੇ ਖੇਤਰ ਦੇ ਨਿਵਾਸੀ ਚਰਨਪ੍ਰੀਤ ਸਿੰਘ ਲਾਡੀ ਨੇ ਕਿਹਾ ਕਿ ਮ੍ਰਿਤਕ ਬਲਦੇਵ ਸਿੰਘ ਪਠਲਾਵਾ ਸਬੰਧੀ ਸੋਸ਼ਲ ਮੀਡੀਆ 'ਤੇ ਜੋ ਨਿਸ਼ਾਨਾ ਵਿੰਨ੍ਹਿਆ ਜਾ ਰਿਹਾ ਹੈ, ਉਸ ਸਬੰਧੀ ਪਿੰਡ ਦੇ ਲੋਕ ਅਤੇ ਸੰਤ ਬਾਬਾ ਘਨ੍ਹੱਈਆ ਸਿੰਘ ਨਿਰਮਲ ਕੁਟੀਆ ਪਠਲਾਵਾ ਨਾਲ ਜੁੜੀ ਲੱਖਾਂ ਦੀ ਗਿਣਤੀ ਵਿਚ ਸੰਗਤ ਬੇਹੱਦ ਦੁਖੀ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ
ਜਲੰਧਰ: ਏਅਰ ਫੋਰਸ ਦੇ ਵਾਰੰਟ ਅਧਿਕਾਰੀ ਨੇ ਮਿਲਟਰੀ ਹਸਪਤਾਲ 'ਚ ਫਾਹਾ ਲਾ ਕੇ ਕੀਤੀ ਖੁਦਕੁਸ਼ੀ
NEXT STORY