ਮਾਛੀਵਾੜਾ ਸਾਹਿਬ (ਟੱਕਰ) : ਕੋਰੋਨਾ ਮਹਾਮਾਰੀ ਨਾਲ ਹਰੇਕ ਵਰਗ ਪ੍ਰਭਾਵਿਤ ਹੈ ਅਤੇ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੀ ਇਸ ਬਿਮਾਰੀ ਦੀ ਕਾਫ਼ੀ ਮਾਰ ਪਈ, ਜਿਸ ਤਹਿਤ ਇਸ ਫਸਲ ਦੇ ਭਾਅ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ, ਜਿਸ ਕਾਰਨ ਕਿਸਾਨ ਮਾਯੂਸ ਨਜ਼ਰ ਆਏ। ਮਾਛੀਵਾੜਾ ਅਨਾਜ ਮੰਡੀ ’ਚ ਅੱਜ ਮੱਕੀ ਦੀ ਫਸਲ ਵਿਕਣ ਦੀ ਸ਼ੁਰੂਆਤ ਹੋਈ ਅਤੇ ਪਿਛਲੇ ਸਾਲ ਇਸ ਮੱਕੀ ਦੀ ਫਸਲ ਦਾ ਭਾਅ 2000 ਰੁਪਏ ਪ੍ਰਤੀ ਕੁਇੰਟਲ ਤੋਂ ਵੀ ਵੱਧ ਰਿਹਾ ਪਰ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ 1200 ਤੋਂ 1300 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ, ਜਿਸ ਦਾ ਸਿੱਧੇ ਤੌਰ ’ਤੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਮੱਕੀ ਦੀ ਫਸਲ ਤੋਂ ਮੁਰਗੀਆਂ ਦੀ ਫੀਡ ਤਿਆਰ ਕੀਤੀ ਜਾਂਦੀ ਹੈ ਪਰ ਕੋਰੋਨਾ ਕਾਰਨ ਵੱਡੇ-ਵੱਡੇ ਪੋਲਟਰੀ ਫਾਰਮ ਖਾਲੀ ਹੋ ਗਏ ਅਤੇ ਕਈ ਲੋਕ ਇਸ ਧੰਦੇ ਨੂੰ ਛੱਡ ਗਏ। ਮੱਕੀ ਦੀ ਫਸਲ ’ਚ ਭਾਰੀ ਗਿਰਾਵਟ ਦਾ ਕਾਰਨ ਪੋਲਟਰੀ ਫਾਰਮ ਦਾ ਧੰਦਾ ਬੰਦ ਹੋਣਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੱਕੀ ਦੀ ਫਸਲ ਤੋਂ ਪਸ਼ੂਆਂ ਦੀ ਫੀਡ ਹੋਰ ਖੁਰਾਕ ਵਾਲੀਆਂ ਵਸਤਾਂ ਵੀ ਤਿਆਰ ਹੁੰਦੀਆਂ ਹਨ ਪਰ ਵੱਡੇ-ਵੱਡੇ ਉਦਯੋਗਿਕ ਘਰਾਣਿਆਂ ਦੀਆਂ ਫੈਕਟਰੀਆਂ ’ਚ ਇਨ੍ਹਾਂ ਦਾ ਉਤਪਾਦਨ ਘਟਣ ਕਾਰਨ ਮੱਕੀ ਦੀ ਮੰਗ ਵੀ ਘਟੀ ਹੋਈ ਹੈ, ਜਿਸ ਦਾ ਸਿੱਧੇ ਤੌਰ ’ਤੇ ਇਹ ਅਸਰ ਹੋਇਆ ਕਿ ਫਸਲ ਦਾ ਭਾਅ 700 ਤੋਂ 800 ਰੁਪਏ ਪ੍ਰਤੀ ਕੁਇੰਟਲ ਘਟ ਗਿਆ।
ਮੱਕੀ ਦੀ ਫਸਲ ’ਚ ਭਾਰੀ ਗਿਰਾਵਟ ਕਾਰਨ ਕਿਸਾਨਾਂ ਦਾ 20 ਤੋਂ 25 ਹਜ਼ਾਰ ਏਕੜ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਅਤੇ ਇਸ ਵਾਰ ਮਾਛੀਵਾੜਾ ਇਲਾਕੇ ’ਚ ਮੱਕੀ ਦੀ ਫਸਲ ਦੀ ਕਾਸ਼ਤ ਵੀ ਬਹੁਤ ਜਿਆਦਾ ਹੈ ਪਰ ਭਾਅ ’ਚ ਗਿਰਾਵਟ ਕਾਰਨ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਫਸਲ ਕੇਂਦਰ ਤੋਂ ਨਿਰਧਾਰਿਤ ਕੀਤੇ ਸਮਰਥਨ ਮੁੱਲ ’ਤੇ ਹੀ ਖਰੀਦੀ ਜਾਵੇ। ਅੱਜ ਮਾਛੀਵਾੜਾ ਅਨਾਜ ਮੰਡੀ ’ਚ ਮੱਕੀ ਦੀ ਫਸਲ ਖਰੀਦ ਸ਼ੁਰੂ ਕਰਵਾਉਣ ਮੌਕੇ ਮਾਰਕਿਟ ਕਮੇਟੀ ਅਧਿਕਾਰੀ ਗੁਰਮੇਲ ਸਿੰਘ, ਸੁਸ਼ੀਲ ਲੂਥਰਾ, ਵਿਨੀਤ ਅਗਰਵਾਲ, ਕਪਿਲ ਆਨੰਦ, ਸੰਜੀਵ ਮਲਹੋਤਰਾ, ਪਰਮਿੰਦਰ ਗੁਲਿਆਣੀ, ਹਰਿੰਦਰ ਮੋਹਣ ਸਿੰਘ ਕਾਲੜਾ, ਵਿਨੀਤ ਜੈਨ ਆਦਿ ਵੀ ਮੌਜ਼ੂਦ ਸਨ।
ਸਰਕਾਰ ਕਿਸਾਨਾਂ ਦੀ ਲੁੱਟ ਬੰਦ ਕਰ ਸਮਰਥਨ ਮੁੱਲ 1850 ਰੁਪਏ ’ਤੇ ਮੱਕੀ ਖਰੀਦੇ : ਲੱਖੋਵਾਲ
ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਸਾਰਾ ਦੇਸ਼ ਕਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ, ਉੱਥੇ ਦੂਜੇ ਪਾਸੇ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਦੀ ਵਪਾਰੀਆਂ ਹੱਥੋਂ ਲੁੱਟ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਸਰਕਾਰ ਨੇ ਮੱਕੀ ਦਾ ਸਮਰਥਨ 1850 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਹੈ ਤਾਂ ਉਸ ਤੋਂ ਘੱਟ ਮੰਡੀਆਂ ’ਚ ਫਸਲ ਨਹੀਂ ਵਿਕਣੀ ਚਾਹੀਦੀ। ਲੱਖੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਹੱਥੋਂ ਕਿਸਾਨਾਂ ਦੀ ਲੁੱਟ ਬੰਦ ਕਰਵਾਏ ਅਤੇ ਆਪਣੇ ਅਦਾਰੇ ਮਾਰਕਫੈੱਡ ਨੂੰ ਨਿਰਦੇਸ਼ ਦੇਵੇ ਕਿ ਕਿਸਾਨਾਂ ਦੀ ਮੱਕੀ ਦੀ ਫਸਲ 1850 ਰੁਪਏ ਪ੍ਰਤੀ ਕੁਇੰਟਲ ਖਰੀਦੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੇ ਸਰਕਾਰਾਂ ਖਿਲਾਫ਼ ਸੰਘਰਸ਼ ਨਾ ਕੀਤਾ ਤਾਂ ਆਉਣ ਵਾਲੇ ਸਮੇਂ ’ਚ ਝੋਨਾ ਤੇ ਕਣਕ ਵੀ ਸਮਰਥਨ ਮੁੱਲ ਤੋਂ ਘੱਟ ਵਿਕੇਗੀ, ਜਿਸ ਕਾਰਨ ਵਪਾਰੀ ਤਾਂ ਮਾਲੋਮਾਲ ਹੋਣਗੇ ਅਤੇ ਕਿਸਾਨ ਕਰਜ਼ੇ ’ਚ ਡੁੱਬ ਖੁਦਕੁਸ਼ੀ ਲਈ ਮਜ਼ਬੂਰ ਹੋਵੇਗਾ।
ਕੋਰੋਨਾ ਹਾਟ ਸਪਾਟ ਬਣੇ ਟਾਂਡਾ ਦੇ ਪਿੰਡ ਨੰਗਲੀ ਤੋਂ ਆਈ ਰਾਹਤ ਭਰੀ ਖਬਰ
NEXT STORY