ਸੁਨਾਮ ਊਧਮ ਸਿੰਘ ਵਾਲਾ (ਬਾਂਸਲ) - ਸੰਗਰੂਰ ਤੋਂ ਸੁਨਾਮ ਦੇ ਲਖਮੀਰਵਾਲਾ ਵੱਲ ਆਉਂਦੇ ਸਰਹੰਦ ਚੋਅ ਦੇ ਨੇੜੇ ਅੱਜ ਸੀ.ਏ. ਸਟਾਫ ਦੇ ਪੁਲਸ ਕਰਮੀਆਂ ਵੱਲੋਂ ਇਕ ਬਦਮਾਸ਼, ਜਿਸ ’ਤੇ ਕਈ ਮਾਮਲੇ ਦਰਜ ਹਨ ਦਾ ਐਨਕਾਊਂਟਰ ਕੀਤਾ ਗਿਆ ਜਿਸ ਦੇ ਲੱਤ ’ਚ ਗੋਲੀ ਲੱਗੀ ਅਤੇ ਉਸ ਨੂੰ ਸਿਵਲ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਇਸ ਮੌਕੇ ਪੁੱਜੇ ਐੱਸ.ਪੀ. ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਦੇ ਸੀ.ਏ. ਸਟਾਫ ਦੇ ਪੁਲਸ ਕਰਮੀ ਦੌਰਾਨੇ ਗਸ਼ਤ ਇੱਧਰ ਆ ਰਹੇ ਸੀ ਤਾਂ ਇਕ ਮੋਟਰਸਾਈਕਲ ਸਵਾਰ ਜਿਸ ਦੇ ਵਾਹਨ ਦਾ ਨੰਬਰ ਨਹੀਂ ਸੀ ਉਸ ਨੇ ਪੁਲਸ ਨੂੰ ਦੇਖ ਕੇ ਮੋਟਰਸਾਈਕਲ ਘੁਮਾਉਣ ਲੱਗਿਆ ਤਾਂ ਉਹ ਡਿੱਗ ਗਿਆ ਅਤੇ ਉਸ ਨੇ ਪੁਲਸ ’ਤੇ ਫਾਈਰਿੰਗ ਕਰ ਦਿੱਤੀ ਜਿਸ ਕਾਰਨ ਜਵਾਬੀ ਕਾਰਵਾਈ ’ਤੇ ਪੁਲਸ ਨੇ ਵੀ ਉਸ ’ਤੇ ਫਾਈਰਿੰਗ ਕੀਤੀ ਅਤੇ ਉਸਦੀ ਲੱਤ ’ਤੇ ਗੋਲੀ ਲੱਗੀ।
ਉਨ੍ਹਾਂ ਦੱਸਿਆ ਕਿ ਉਸ ਵੱਲੋਂ ਕੀਤੀ ਫਾਈਰਿੰਗ ’ਚ ਵੀ ਪੁਲਸ ਦੀ ਗੱਡੀ ’ਤੇ ਗੋਲੀ ਲੱਗੀ। ਐੱਸ. ਪੀ. ਵਿਰਕ ਨੇ ਦੱਸਿਆ ਕਿ ਜਸਵਿੰਦਰ ਸਿੰਘ ਜੱਸੀ ਜੋ ਕਿ ਰੂਪਾਹੇੜੀ ਪਿੰਡ ਦਾ ਰਹਿਣ ਵਾਲਾ ਹੈ ਹੁਣ ਤੱਕ ਪੜਤਾਲ ’ਚ ਉਸ ’ਤੇ 11 ਮਾਮਲੇ ਦਰਜ ਹਨ ਜਿਸ ’ਚੋਂ ਅੱਠ ਮਾਮਲੇ ਤਾਂ ਸੰਗਰੂਰ ਜ਼ਿਲੇ ’ਚ ਹੀ ਦਰਜ ਹਨ। ਉਨ੍ਹਾਂ ਦੱਸਿਆ ਕਿ ਅੱਗੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ, ਇਸ ’ਤੇ ਕਈ ਹੋਰ ਮਾਮਲੇ ਵੀ ਸਾਹਮਣੇ ਆ ਸਕਦੇ ਹਨ।
ਇਸ ਸਬੰਧੀ ਥਾਣਾ ਮੁਖੀ ਪ੍ਰਤੀਕ ਜਿੰਦਲ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਜਸਵਿੰਦਰ ਸਿੰਘ ਦਾ ਸੁਨਾਮ ਸਿਵਲ ਹਸਪਤਾਲ ’ਚ ਇਲਾਜ ਕਰਵਾਇਆ ਜਾ ਰਿਹਾ ਹੈ ਅੱਗੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੜਬੜ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜ਼ਿਮਨੀ ਚੋਣ ਦੇ ਸੇਕ ਨਾਲ 2 ਹੋਰ DSPs ਮੁਅੱਤਲ
NEXT STORY