ਲੁਧਿਆਣਾ, (ਸਹਿਗਲ)- ਹਾਲਾਂਕਿ ਮਹਾਨਗਰ ਵਿਚ ਕੋਰੋਨਾ ਵਾਇਰਸ ਦਾ ਕੋਈ ਵੀ ਪਾਜ਼ੇਟਿਵ ਮਰੀਜ਼ ਸਾਹਮਣੇ ਨਹੀਂ ਆਇਆ। ਫਿਰ ਵੀ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਆਪਣੇ ਵੱਲੋਂ ਤਿਆਰੀਆਂ ’ਚ ਜੁਟ ਗਿਆ ਹੈ। ਅਹਿਤਿਆਤ ਵਜੋਂ ਲੋਕਾਂ ਨੂੰ ਭੀਡ਼ ਵਾਲੀਆਂ ਥਾਵਾਂ ’ਤੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਨੇ ਸਾਰੇ ਮਾਲ, ਸਥਾਨਕ ਕਿਸਾਨ ਮੰਡੀ ਬੰਦ ਕਰਨ, ਮੈਰਿਜ ਪੈਲੇਸਾਂ ਵਿਚ 50 ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਨਾ ਹੋਣ ਲਈ ਕਿਹਾ ਗਿਆ ਹੈ, ਜਿਸ ਨੂੰ ਲੈ ਕੇ ਕਈਆਂ ਨੇ ਵਿਵਹਾਰਕ ਤੌਰ ’ਤੇ ਨਿਰਦੇਸ਼ਾਂ ’ਤੇ ਅਮਲ ਸ਼ੁਰੂ ਕਰ ਦਿੱਤਾ ਅਤੇ ਮਾਲ ਦੇ ਬਾਹਰ ਲਿਖ ਕੇ ਲਾ ਦਿੱਤਾ ਹੈ ਕਿ ‘ਮਾਲ ਬੰਦ ਹੈ’। ਦੂਜੇ ਪਾਸੇ ਸਿੱਕੇ ਦੇ ਦੂਜੇ ਪਹਿਲੂ ਨੂੰ ਦੇਖੀਏ ਤਾਂ ਸ਼ਹਿਰ ਦੀ 30 ਲੱਖ ਦੀ ਆਬਾਦੀ ਪਿੱਛੇ 309 ਬੈੱਡ ਅਤੇ 42 ਵੈਂਟੀਲੇਟਰ ਰਾਖਵੇਂ ਰੱਖੇ ਗਏ ਹਨ।
ਸਿਹਤ ਵਿਭਾਗ ਨੇ ਕੀਤਾ 2700 ਟੀਮਾਂ ਦਾ ਗਠਨ
ਸਿਹਤ ਵਿਭਾਗ ਨੇ ਸਾਰੇ ਜ਼ਿਲਿਆਂ ਤੋਂ ਅੱਗੇ ਜਾਂਦੇ ਹੋਏ ਪਲਸ ਪੋਲੀਓ ਦੀ ਤਰਜ਼ ’ਤੇ 2700 ਦੇ ਕਰੀਬ ਟੀਮਾਂ ਬਣਾ ਕੇ ਉਨ੍ਹਾਂ ਨੂੰ ਘਰ-ਘਰ ਜਾ ਕੇ ਸਰਵੇ ਕਰਨ ਨੂੰ ਕਿਹਾ ਹੈ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਦੇ ਮੁਤਾਬਕ ਇਹ ਟੀਮਾਂ ਨਾ ਸਿਰਫ ਘਰ-ਘਰ ਜਾ ਕੇ ਸਰਵੇ ਕਰਨਗੀਆਂ, ਸਗੋਂ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਵੀ ਕਰਨਗੀਆਂ। ਉਨ੍ਹਾਂ ਕਿਹਾ ਕਿ ਸਰਵੇ ਵਿਚ ਖਾਂਸੀ-ਜ਼ੁਕਾਮ ਦੇ ਮਰੀਜ਼ਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਇਹ ਆਪਣੀ ਤਰ੍ਹਾਂ ਦਾ ਪਹਿਲਾ ਵੱਡਾ ਪ੍ਰੋਗਰਾਮ ਹੋਵੇਗਾ। ਸਰਵੇ ਕੱਲ ਤੋਂ ਸ਼ੁਰੂ ਹੋ ਜਾਵੇਗਾ ਅਤੇ 26 ਤਰੀਕ ਤੱਕ ਮੁਕੰਮਲ ਕਰ ਲਿਆ ਜਾਵੇਗਾ। ਦੁਨੀਆ ਭਰ ਵਿਚ ਕੋਰੋਨਾ ਵਾਇਰਸ (ਕੋਵਿਡ-19) ਕਾਰਣ ਹੋਣ ਵਾਲੀ ਸਥਿਤੀ ਨੂੰ ਦੇਖਦੇ ਹੋਏ ਅੱਜ ਸਥਾਨਕ ਪ੍ਰਸ਼ਾਸਨਿਕ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸਿਵਲ ਹਸਪਤਾਲ, ਮੁੱਖ ਬੱਸ ਅੱਡਾ ਅਤੇ ਪੈਵੇਲੀਅਨ ਮਾਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਵੀ ਹਾਜ਼ਰ ਸਨ।
ਅਧਿਕਾਰੀਆਂ ਨੇ ਜਾਰੀ ਕੀਤੇ ਨਿਰਦੇਸ਼
ਸਿਵਲ ਹਸਪਤਾਲ ਦੇ ਦੌਰੇ ਦੌਰਾਨ, ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਪਾਰਕਿੰਗ ਸਥਾਨ ਕੋਲ ਰੋਗੀਆਂ ਲਈ ਇਕ ਹੈਲਪ ਡੈਸਕ ਸਥਾਪਤ ਕਰਨ ਦਾ ਨਿਰਦੇਸ਼ ਦਿੱਤਾ ਤਾਂ ਕਿ ਸ਼ੱਕੀ ਰੋਗੀ ਇਧਰ-ਉਧਰ ਨਾ ਭਟਕਣ। ਉਨ੍ਹਾਂ ਨੇ ਆਈਸੋਲੇਸ਼ਨ ਰੂਮ, ਫਲੂ ਕਾਰਨਰ ਦਾ ਵੀ ਦੌਰਾ ਕੀਤਾ। ਉਨ੍ਹਾਂ ਨਿਰਦੇਸ਼ ਦਿੱਤਾ ਕਿ ਪੂਰੇ ਹਸਪਤਾਲ ਵਿਚ ਸਫਾਈ ਵਿਵਸਥਾ ਬਣਾਈ ਰੱਖੀ ਜਾਵੇ। ਸਿਵਲ ਹਸਪਤਾਲ ਵਿਚ ਆਉਣ ਵਾਲੇ ਹਰ ਰੋਗੀ ਲਈ ਹੈਂਡ ਸੈਨੀਟਾਈਜ਼ਰ ਅਤੇ ਸਾਬਣ ਰੱਖਿਆ ਜਾਣਾ ਚਾਹੀਦਾ ਹੈ। ਬੱਸ ਅੱਡੇ ਦਾ ਦੌਰਾ ਕਰਦੇ ਹੋਏ ਸ਼੍ਰੀ ਅਗਰਵਾਲ ਨੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਨੂੰ ਇਹ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਕਿ ਬੱਸ ਅੱਡੇ ਦੇ ਅੰਦਰ ਅਤੇ ਬਾਹਰ ਆਉਣ ਵਾਲੀ ਹਰ ਬੱਸ ਅਤੇ ਬੱਸ ਸਟੇਸ਼ਨ ਦੇ ਹਰ ਕੋਨੇ ’ਤੇ ਛਿਡ਼ਕਾਅ ਕੀਤਾ ਜਾਵੇ। ਉਨ੍ਹਾਂ ਨੇ ਜਨਤਕ ਪਖਾਨਿਆਂ ਦੀ ਵੀ ਸਮੀਖਿਆ ਕੀਤੀ ਅਤੇ ਪਖਾਨਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਸਾਬਣ ਦੀ ਵਿਵਸਥਾ ਕਰਨ ਲਈ ਕਿਹਾ। ਜਨਰਲ ਮੈਨੇਜਰ ਨੇ ਇਸ ਸਬੰਧੀ ਕੀਤੀ ਗਈ ਵਿਵਸਥਾ ਸਬੰਧੀ ਦੱਸਿਆ। ਸਥਾਨਕ ਮਾਲ ਵਿਚ ਪ੍ਰਸ਼ਾਸਕਾਂ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਮਾਲ ਵਿਚ ਆਉਣ ਵਾਲੇ ਸਾਰੇ ਲੋਕਾਂ ਲਈ ਹੈਂਡ ਸੈਨੀਟਾਈਜ਼ਰ ਅਤੇ ਸਾਬਣ ਦੀ ਵਿਵਸਥਾ ਕਰਨ। ਮਾਲ ਦੇ ਹਰ ਕੋਨੇ ਵਿਚ ਦਵਾਈ ਦਾ ਲਗਾਤਾਰ ਛਿਡ਼ਕਾਅ ਜ਼ਰੂਰ ਕਰਨ।
ਸੰਭਾਵਿਤ ਮਰੀਜ਼ ਘਰ ਹੀ ਰਹਿਣ, ਕਿਸੇ ਨੂੰ ਨਾ ਮਿਲਣ-ਜੁਲਣ
ਅਧਿਕਾਰੀਆਂ ਮੁਤਾਬਕ ਜੇਕਰ ਕਿਸੇ ਵਿਅਕਤੀ ਵਿਚ ਲੱਛਣ ਪਾਏ ਜਾਂਦੇ ਹਨ ਤਾਂ ਉਹ ਆਪਣੇ ਘਰ ਵਿਚ ਵੱਖ-ਵੱਖ ਵੀ ਰਹਿ ਸਕਦੇ ਹਨ। ਬੀਮਾਰੀ ਦੇ ਇਲਾਜ ਲਈ ਕਿਸੇ ਵਿਸ਼ੇਸ਼ ਦਵਾਈ ਦੀ ਲੋਡ਼ ਨਹੀਂ ਹੁੰਦੀ। ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਵਿਚ 14 ਜਾਂ ਜ਼ਿਆਦਾ ਦਿਨਾਂ ਤੱਕ ਵੱਖ-ਵੱਖ ਰਹਿ ਕੇ ਅਰਾਮ ਨਾਲ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਪੁਲਸ ਨੂੰ ਨਿਰਦੇਸ਼ ਦਿੱਤਾ ਕਿ ਜੇਕਰ ਉਹ ਜਾਂਚ ਵਿਚ ਸਹਿਯੋਗ ਨਹੀਂ ਦਿੰਦੇ ਤਾਂ ਕਿਸੇ ਨੂੰ ਵੀ ਗ੍ਰਿਫਤਾਰ ਨਾ ਕਰਨ ਪਰ ਜਿੱਥੇ ਕਿਤੇ ਵੀ ਪਾਇਆ ਗਿਆ, ਜਾਂਚ ਆਦਿ ਦਾ ਸੰਚਾਲਨ ਕਰ ਕੇ ਵੱਖ-ਵੱਖ ਕਰਨ ਦੀ ਪ੍ਰਕਿਰਿਆ ਨੂੰ ਸਿਹਤ ਵਿਭਾਗ ਦੇ ਸਹਿਯੋਗ ਨਾਲ ਚਲਾਇਆ ਜਾਣਾ ਚਾਹੀਦਾ ਹੈ।
11 ਵਿਚੋਂ 10 ਮਰੀਜ਼ਾਂ ਦੇ ਟੈਸਟ ਨੈਗੇਟਿਵ
ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਜ਼ਿਲੇ ਵਿਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਸੰਭਾਵਿਤ ਮਰੀਜ਼ਾਂ ਦੇ ਟੈਸਟ ਜਾਂਚ ਲਈ ਲੈਬ ਵਿਚ ਭੇਜੇ ਗਏ। ਇਨ੍ਹਾਂ ਵਿਚ 10 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਇਕ ਮਰੀਜ਼ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀ ਵਜੋਂ ਕਿਸੇ ਦੇ ਨਾਲ ਹੱਥ ਨਾ ਮਿਲਾਉਣ, ਕਿਸੇ ਨੂੰ ਗੁੰਮਰਾਹ ਨਾ ਕਰਨ, ਖੁੱਲ੍ਹੇ ਵਿਚ ਨਾ ਜਾਣ, ਬੁਖਾਰ ਖਾਂਸੀ ਵਾਲੇ ਮਰੀਜ਼ਾਂ ਨੂੰ ਭੀਡ਼ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਖਾਂਸੀ ਜਾਂ ਬੁਖਾਰ ਹੈ ਤਾਂ ਉਸ ਨੂੰ ਆਪਣੇ ਮੂੰਹ ਨੂੰ ਮਾਸਕ ਜਾਂ ਰੁਮਾਲ ਨਾਲ ਢਕਣਾ ਚਾਹੀਦਾ ਹੈ। ਖਾਂਸੀ ਜਾਂ ਬੁਖਾਰ ਵਾਲੇ ਵਿਅਕਤੀ ਨੂੰ ਨੇਡ਼ੇ ਦੇ ਸਰਕਾਰੀ ਹਸਪਤਾਲ ਨੂੰ ਰਿਪੋਰਟ ਕਰਨੀ ਹੋਵੇਗੀ। ਜੇਕਰ ਕਿਸੇ ਵਿਅਕਤੀ ਨੇ ਪਿਛਲੇ 14 ਦਿਨਾਂ ਦੌਰਾਨ ਚੀਨ, ਨੇਪਾਲ ਦੀ ਯਾਤਰਾ ਕੀਤੀ ਹੈ ਤਾਂ ਉਸ ਨੂੰ 14 ਦਿਨਾਂ ਲਈ ਘਰ ਤੋਂ ਵੱਖ ਰੱਖਿਆ ਜਾਣਾ ਚਾਹੀਦਾ ਹੈ ਅਤੇ ਕਿਸੇ ਵੀ ਭੀਡ਼ ਵਾਲੀ ਜਗ੍ਹਾ ’ਤੇ ਨਹੀਂ ਜਾਣਾ ਚਾਹੀਦਾ।
ਬਿਨਾਂ ਖਾਂਸੀ, ਬੁਖਾਰ ਦੇ ਸਿਹਤਮੰਦ ਵਿਅਕਤੀ ਨੂੰ ਮਾਸਕ ਦੀ ਲੋਡ਼ ਨਹੀਂ
ਡਾਕਟਰ ਬੱਗਾ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਨੂੰ ਖਾਂਸੀ-ਬੁਖਾਰ ਨਹੀਂ ਹੈ, ਉਨ੍ਹਾਂ ਨੂੰ ਮਾਸਕ ਪਹਿਨਣ ਦੀ ਲੋਡ਼ ਨਹੀਂ ਹੈ। ਮਾਸਕ ਪਹਿਨਣ ਦੀ ਲੋਡ਼ ਉਨ੍ਹਾਂ ਲੋਕਾਂ ਨੂੰ ਹੈ, ਜੋ ਹਸਪਤਾਲਾਂ, ਨਰਸਿੰਗ ਹੋਮ ਵਿਚ ਕੰਮ ਕਰ ਰਹੇ ਹਨ ਅਤੇ ਮਰੀਜ਼ਾਂ ਦੀ ਦੇਖ-ਭਾਲ ਕਰ ਰਹੇ ਹਨ ਜਾਂ ਖਾਂਸੀ ਬੁਖਾਰ ਤੋਂ ਪੀਡ਼ਤ ਮਰੀਜ਼ਾਂ ਨੂੰ ਮਾਸਕ ਪਹਿਨਣਾ ਜ਼ਰੂਰੀ ਹੈ।
ਵਿਦੇਸ਼ਾਂ ਤੋਂ ਯਾਤਰਾ ਕਰ ਕੇ ਵਾਪਸ ਆਏ ਲਾਪਤਾ ਲੋਕਾਂ ਦੀ ਭਾਲ ਜਾਰੀ
ਵਿਦੇਸ਼ਾਂ ਤੋਂ ਵਾਪਸ ਆਏ ਅਜਿਹਾ ਲੋਕ ਜਿਨ੍ਹਾਂ ਦੇ ਨਾਂ, ਪਤੇ ਸਿਹਤ ਵਿਭਾਗ ਅਤੇ ਪੁਲਸ ਵਿਭਾਗ ਨੂੰ ਨਹੀਂ ਮਿਲ ਰਹੇ, ਲਗਾਤਾਰ ਭਾਲ ਜਾਰੀ ਹੈ। ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਦੀ ਛਾਣਬੀਨ ਕੀਤੀ ਜਾ ਰਹੀ ਹੈ। ਇਸ ’ਤੇ ਸਾਰੀ ਮੁਸ਼ਕਲ ਸਬੰਧੀ ਏਅਰਪੋਰਟ ’ਤੇ ਜਾਂਚ ਦਾ ਦਾਇਰਾ ਵਧਾ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ’ਤੇ ਚੱਲ ਰਹੇ ਕਿਸੇ ਤਰ੍ਹਾਂ ਦੇ ਗਲਤ ਪ੍ਰਚਾਰ ’ਤੇ ਧਿਆਨ ਨਾ ਦੇਣ। ਜ਼ਿਆਦਾ ਜਾਣਕਾਰੀ ਲਈ ਹੈਲਪ ਲਾਈਨ ਨੰਬਰ 104 ਤੋਂ ਲੋਡ਼ੀਂਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਸਿਵਲ ਹਸਪਤਾਲ ਵਿਚ ਸਥਾਪਤ ਹੋਣਗੇ 5 ਵੈਂਟੀਲੇਟਰ
ਸਿਵਲ ਸਰਜਨ ਡਾਕਟਰ ਰਾਜੇਸ਼ ਕੁਮਾਰ ਬੱਗਾ ਮੁਤਾਬਕ ਜਲਦ ਸਿਵਲ ਹਸਪਤਾਲ ਵਿਚ 5 ਵੈਂਟੀਲੇਟਰ ਸਥਾਪਤ ਕੀਤੇ ਜਾਣਗੇ, ਜਿਸ ਦੇ ਲਈ ਸਟਾਫ ਨੂੰ ਟ੍ਰੇਨਿੰਗ ਦੇਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਅਤੇ ਇਸ ਸਿਲਸਿਲੇ ਵਿਚ ਸੀ. ਐੱਮ. ਸੀ. ਹਸਪਤਾਲ ਨਾਲ ਇਕ ਕਰਾਰ ਕੀਤਾ ਗਿਆ ਹੈ।
ਕੋਰੋਨਾ ਵਾਇਰਸ ਦੇ ਕਹਿਰ ਨਾਲ ਸਹਿਮਿਆ ਰੇਲਵੇ, ਲੰਬੀ ਦੂਰੀ ਦੀਆਂ ਰੇਲ ਗੱਡੀਆਂ ਰੱਦ
NEXT STORY