ਫਾਜ਼ਿਲਕਾ (ਸੇਤੀਆ)— ਫਾਜ਼ਿਲਕਾ 'ਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਜ਼ਿਲੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 39 ਹੋ ਗਈ ਹੈ। ਇਥੇ ਦੱਸ ਦੇਈਏ ਕਿ ਬੀਤੇ ਦਿਨੀਂ ਫਾਜ਼ਿਲਕਾ 'ਚ ਕੁੱਲ ਮਾਮਲਿਆਂ ਦੀ ਗਿਣਤੀ 38 ਸੀ ਅਤੇ ਅੱਜ ਦੇ ਮਿਲੇ ਕੇਸ ਨੂੰ ਮਿਲਾ ਕੇ ਜ਼ਿਲੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 39 ਤੱਕ ਪਹੁੰਚ ਗਿਆ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਹਰਚੰਦ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਘਬਰਾਹਟ 'ਚ ਨਾ ਆਉਣ ਅਤੇ ਕਰਫਿਊ ਦੀ ਸਖਤੀ ਨਾਲ ਪਾਲਣਾ ਜਾਰੀ ਰੱਖਣ ਤਾਂ ਹੀ ਅਸੀਂ ਇਸ ਬੀਮਾਰੀ ਨੂੰ ਅੱਗੇ ਫੈਲਣ ਤੋਂ ਰੋਕ ਸਕਦੇ ਹਾਂ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 1409 ਸੈਂਪਲ ਭੇਜੇ ਗਏ ਹਨ, ਜਿਨ੍ਹਾਂ ਵਿਚੋਂ 60 ਨਮੂਨੇ ਮਿਤੀ 5 ਮਈ ਨੂੰ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ 647 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ ਅਤੇ ਕੁੱਲ 762 ਰਿਪੋਰਟਾਂ ਬਕਾਇਆ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਕੋਰੋਨਾ ਪਾਜ਼ੇਟਿਵ ਕੇਸ ਆ ਰਹੇ ਹਨ ਉਨ੍ਹਾਂ 'ਚ ਲੱਛਣ ਨਜ਼ਰ ਨਹੀਂ ਆ ਰਹੇ ਹਨ।
ਇਥੇ ਦੱਸਣਯੋਗ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਚੱਲ ਰਹੇ ਸਿਵਲ ਹਸਪਤਾਲ ਜਲਾਲਾਬਾਦ 'ਚ ਸਥਾਪਤ ਆਈਸੋਲੇਸ਼ਨ ਵਾਰਡ ਬਣੇ ਹੋਏ ਹਨ, ਉਨ੍ਹਾਂ ਲਈ ਵਖਰਾ ਰਸਤਾ ਰੱਖਿਆ ਜਾਂਦਾ ਹੈ ਤਾਂਕਿ ਉਸ ਰਸਤੇ 'ਤੇ ਆਮ ਲੋਕਾਂ ਜਾਂ ਮਰੀਜ਼ਾਂ ਦੀ ਆਵਾਜਾਈ ਨਾ ਹੋ ਸਕੇ। ਇਥੇ ਦੱਸ ਦੇਈਏ ਕਿ ਸਿਵਲ ਹਸਪਤਾਲ ਜਲਾਲਾਬਾਦ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਚੱਲ ਰਿਹਾ ਹੈ ਪਰ ਸਹੂਲਤਾਂ ਤੇ ਮੈਡੀਕਲ ਸੇਵਾਵਾਂ ਨੂੰ ਲੈ ਕੇ ਅਕਸਰ ਹੀ ਸਵਾਲ ਖੜ੍ਹੇ ਹੁੰਦੇ ਰਹੇ ਹਨ। ਉਧਰ ਇਸ ਸਬੰਧੀ ਸਿਵਲ ਸਰਜਨ ਡਾ. ਹਰਚੰਦ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਮੇਰੇ ਧਿਆਨ 'ਚ ਆ ਗਿਆ ਹੈ ਜਲਦੀ ਹੀ ਇਨ੍ਹਾਂ ਰਸਤਿਆਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾਵੇਗਾ।
ਬਰਸੀ ’ਤੇ ਵਿਸ਼ੇਸ਼ : ਬਿਰਹੋ ਦਾ ਸ਼ਾਇਰ ‘ਸ਼ਿਵ ਕੁਮਾਰ ਬਟਾਲਵੀ’
NEXT STORY