ਹੁਸ਼ਿਆਰਪੁਰ (ਅਮਰੀਕ)— ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਪੰਜਾਬ 'ਚ ਵੀ ਮਾਰੂ ਹੋ ਚੁੱਕਾ ਹੈ। ਪੰਜਾਬ 'ਚ ਇਕ ਪਾਸੇ ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਕੋਰੋਨਾ ਪੀੜਤ ਮੌਤ ਦੇ ਮੂੰਹ 'ਚ ਜਾ ਰਹੇ ਹਨ। ਅੱਜ ਜ਼ਿਲ੍ਹੇ ਹੁਸ਼ਿਆਰਪੁਰ 'ਚ ਕੋਰੋਨਾ ਦਾ ਉਸ ਸਮੇਂ ਵੱਡਾ ਧਮਾਕਾ ਹੋ ਗਿਆ, ਜਦੋਂ ਇਥੇ ਕੋਰੋਨਾ ਦੇ ਇਕੱਠੇ 51 ਨਵੇਂ ਮਾਮਲੇ ਦਰਜ ਕੀਤੇ ਗਏ। ਨਵੇਂ ਕੇਸਾਂ ਦੀ ਹੋਈ ਪੁਸ਼ਟੀ 'ਚ ਜ਼ਿਆਦਾਤਰ ਬੀ. ਐੱਸ. ਐੱਫ. ਦੇ ਜਵਾਨ ਸ਼ਾਮਲ ਹਨ।
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਦੇ 43 ਜਵਾਨਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ 8 ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਅੱਜ ਦੇ ਮਿਲੇ 51 ਪਾਜ਼ੇਟਿਵ ਕੇਸਾਂ ਨੂੰ ਮਿਲਾ ਕੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 459 ਤੱਕ ਪਹੁੰਚ ਚੁੱਕੀ ਹੈ, ਜਿਨ੍ਹਾਂ 'ਚੋਂ 13 ਲੋਕ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।
ਦੱਸਣਯੋਗ ਹੈ ਕਿ ਜ਼ਿਲ੍ਹੇ 'ਚ ਹੁਣ ਤੱਕ ਸ਼ੱਕੀ ਮਰੀਜ਼ਾਂ ਦੇ ਲਏ ਗਏ 24,380 ਸੈਂਪਲਾਂ 'ਚੋਂ 22,813 ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 1163 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਜ਼ਿਲ੍ਹੇ 'ਚ ਸਰਗਰਮ ਕੇਸਾਂ ਦੀ ਗਿਣਤੀ 174 ਤੋਂ ਵਧੇਰੇ ਹੋ ਗਈ ਹੈ।
ਸਿਵਲ ਸਰਜਨ ਨੇ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ 10 ਸਾਲ ਤੱਕ ਦੀ ਉਮਰ ਦੇ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦਿਓ। ਘਰ ਤੋਂ ਨਿਕਲਦੇ ਸਮੇਂ ਫੇਸ ਮਾਸਕ ਦਾ ਇਸਤੇਮਾਲ ਯਕੀਨੀ ਬਣਾਇਆ ਜਾਵੇ ਅਤੇ ਆਪਣੇ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਵੋ। ਸਮਾਜਿਕ ਦੂਰੀ ਦਾ ਵੀ ਵਿਸ਼ੇਸ਼ ਧਿਆਨ ਰੱਖੋ ਤਾਂ ਕਿ ਕੋਰੋਨਾ ਵਾਇਰਸ ਦੀ ਅੱਗੇ ਵਧਦੀ ਚੇਨ ਨੂੰ ਤੋੜਿਆ ਜਾ ਸਕੇ।
ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ 'ਤੇ ਜਾਣੋ ਕੀ ਬੋਲੇ ਰਾਜ ਕੁਮਾਰ ਵੇਰਕਾ
NEXT STORY