ਜਲੰਧਰ (ਗੁਲਸ਼ਨ)— ਤਾਲਾਬੰਦੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਭੇਜਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਸਿਟੀ ਰੇਲਵੇ ਸਟੇਸ਼ਨ ਤੋਂ ਸੋਮਵਾਰ ਨੂੰ ਚਾਰ ਰੇਲ ਗੱਡੀਆਂ ਵੱਖ-ਵੱਖ ਮਾਰਗਾਂ 'ਤੇ ਚਲਾਈਆਂ ਗਈਆਂ। ਸਵੇਰੇ 8 ਵਜੇ ਛਪਰਾ, 11 ਵਜੇ ਆਜਮਗੜ੍ਹ, ਸ਼ਾਮ 5 ਵਜੇ ਕਟਨੀ ਅਤੇ ਫੈਜ਼ਾਬਾਦ ਲਈ ਰਾਤ 11 ਵਜੇ ਰੇਲ ਗੱਡੀਆਂ ਚਲਾਉਣ ਦਾ ਸਮਾਂ ਤੈਅ ਕੀਤਾ ਗਿਆ ਸੀ ਪਰ ਸ਼ਾਮ 5 ਵਜੇ ਕਟਨੀ ਜਾਣ ਵਾਲੀ ਰੇਲ ਗੱਡੀ ਲਗਭਗ 3 ਘੰਟੇ ਦੇਰੀ ਨਾਲ ਰਵਾਨਾ ਹੋਈ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ।
ਜਾਣਕਾਰੀ ਅਨੁਸਾਰ ਸ਼ਾਮ 5 ਵਜੇ ਦੀ ਟ੍ਰੇਨ 'ਚ ਜਾਣ ਵਾਲੇ ਪ੍ਰਵਾਸੀ ਮੈਡੀਕਲ ਚੈਕਅਪ ਤੋਂ ਬਾਅਦ ਦੁਪਹਿਰ 3 ਵਜੇ ਪ੍ਰਸ਼ਾਸਨ ਵੱਲੋਂ ਲਗਾਈਆਂ ਬੱਸਾਂ 'ਚ ਸਿਟੀ ਸਟੇਸ਼ਨ ਪਹੁੰਚਣੇ ਸ਼ੁਰੂ ਹੋ ਗਏ ਸਨ । ਜਿਨ੍ਹਾਂ ਨੂੰ ਵਾਰੀ-ਵਾਰੀ ਰੇਲ ਗੱਡੀਆਂ 'ਚ ਬਿਠਾਇਆ ਗਿਆ। 5 ਵਜੇ ਤੋਂ ਪਹਿਲਾਂ ਲਗਭਗ 1000 ਪ੍ਰਵਾਸੀ ਮਜ਼ਦੂਰ ਰੇਲਗੱਡੀ ਵਿਚ ਸਵਾਰ ਹੋ ਗਏ ਸਨ ਪਰ ਰੇਲ ਗੱਡੀ ਵਿਚ 1200 ਯਾਤਰੀਆਂ ਦੇ ਜਾਣ ਦੀ ਵਿਵਸਥਾ ਸੀ । ਯਾਤਰੀਆਂ ਦੇ ਗਿਣਤੀ ਪੂਰੀ ਨਾ ਹੋਣ ਕਾਰਨ ਰੇਲਗੱਡੀ ਰੋਕ ਦਿੱਤੀ ਗਈ । ਦੱਸਿਆ ਜਾ ਰਿਹਾ ਸੀ ਕਿ ਕਟਨੀ ਜਾਣ ਵਾਲੇ ਲਗਭਗ 250 ਯਾਤਰੀਆਂ ਨੂੰ ਬੱਲੇ-ਬੱਲੇ ਫਾਰਮ ਬੁਲਾਇਆ ਗਿਆ ਸੀ ਪਰ ਉਹ ਸਮੇਂ ਸਿਰ ਨਹੀਂ ਪਹੁੰਚੇ, ਜਿਸ ਕਾਰਨ ਰੇਲਗੱਡੀ ਰੋਕ ਦਿੱਤੀ ਗਈ । ਯਾਤਰੀ ਪੂਰੇ ਹੋਣ ਤੋਂ ਬਾਅਦ ਰੇਲਗੱਡੀ ਰਵਾਨਾ ਹੋਈ । ਜਦ ਕਿ ਬਾਕੀ ਤਿੰਨ ਰੇਲ ਗੱਡੀਆਂ ਆਪਣੇ ਮਿੱਥੇ ਸਮੇਂ ਅਨੁਸਾਰ ਚੱਲੀਆਂ ।
ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਨੇ ਵਧਦੀ ਭੀੜ ਕਾਰਨ ਲਾਡੋਵਾਲੀ ਰੋਡ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮੈਡੀਕਲ ਚੈਕਅਪ ਲਈ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਨਕੋਦਰ ਰੋਡ ਸਥਿਤ ਖਾਲਸਾ ਕਾਲਜ ਗਰਾਉਂਡ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ । ਹੁਣ ਪ੍ਰਵਾਸੀਆਂ ਨੂੰ ਬੱਲੇ-ਬੱਲੇ ਫਾਰਮ ਅਤੇ ਲੈਦਰ ਕੰਪਲੈਕਸ 'ਚ ਸਥਿਤ ਸੰਤ ਨਿਰੰਕਾਰੀ ਭਵਨ ਪਹੁੰਚਣ ਲਈ ਕਿਹਾ ਜਾ ਰਿਹਾ ਹੈ । ਇਨ੍ਹਾਂ ਦੋਵਾਂ ਥਾਵਾਂ ਦੇ ਬਾਹਰ ਭੀੜ ਰੁਕਣ ਦਾ ਨਾਮ ਨਹੀਂ ਲੈ ਰਹੀ । ਇਸ ਭੀੜ ਨੂੰ ਕੰਟਰੋਲ ਕਰਨਾ ਪ੍ਰਸ਼ਾਸਨ ਲਈ ਚੁਣੌਤੀ ਬਣਦਾ ਜਾ ਰਿਹਾ ਹੈ ।
ਰੇਲ ਗੱਡੀਆਂ ਦੀ ਗਿਣਤੀ ਵਧੀ, ਅੱਜ 5 ਰੇਲ ਗੱਡੀਆਂ ਚੱਲਣਗੀਆਂ
ਪੰਜਾਬ ਛੱਡ ਕੇ ਆਪਣੇ ਸੂਬਿਆਂ ਨੂੰ ਜਾਣ ਵਾਲੇ ਪ੍ਰਵਾਸੀ ਯਾਤਰੀਆਂ ਦੀ ਗਿਣਤੀ ਅਜੇ ਵੀ ਬਹੁਤ ਜ਼ਿਆਦਾ ਹੈ । ਇਸ ਸਮੇਂ ਚੱਲ ਰਹੀਆਂ ਰੇਲ ਗੱਡੀਆਂ ਮੁਤਾਬਕ ਪ੍ਰਵਾਸੀ ਲੋਕਾਂ ਨੂੰ ਭੇਜਣ ਵਿਚ 1 ਮਹੀਨੇ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਇਸ ਲਈ ਪ੍ਰਸ਼ਾਸਨ ਹੁਣ ਰੇਲ ਗੱਡੀਆਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਹਿਲਾਂ ਇਥੇ ਰੋਜ਼ਾਨਾ ਤਿੰਨ ਰੇਲ ਗੱਡੀਆਂ ਚੱਲਦੀਆਂ ਸਨ, ਜਿਨ੍ਹਾਂ ਵਿਚ 3600 ਪ੍ਰਵਾਸੀ ਮਜ਼ਦੂਰ ਜਾਂਦੇ ਸਨ, ਸੋਮਵਾਰ ਨੂੰ 4 ਰੇਲ ਗੱਡੀਆਂ ਚਲਾਈਆਂ ਗਈਆਂ, ਜਿਸ ਵਿਚ ਲਗਭਗ 4800 ਪ੍ਰਵਾਸੀ ਮਜ਼ਦੂਰ ਆਪਣੇ ਪਿੰਡ ਲਈ ਰਵਾਨਾ ਹੋਏ ।
ਹੁਣ ਮੰਗਲਵਾਰ ਨੂੰ ਪੰਜ ਰੇਲ ਗੱਡੀਆਂ ਚਲਾਈਆਂ ਜਾਣਗੀਆਂ, ਜਿਸ 'ਚ ਬੇਤੀਆ ਸਵੇਰੇ 7 ਵਜੇ, ਗਯਾ ਸਵੇਰੇ 8 ਵਜੇ, ਗੋਰਖਪੁਰ ਸਵੇਰੇ 10 ਵਜੇ, ਗੋਂਡਾ ਦੁਪਹਿਰ 2 ਵਜੇ, ਇਕ ਹੋਰ ਰੇਲਗੱਡੀ ਰਾਤ 11 ਵਜੇ ਗੋਂਡਾ ਲਈ ਚਲਾਈਆਂ ਜਾਣਗੀਆਂ । ਇਨ੍ਹਾਂ 'ਚ ਕੁੱਲ 6000 ਪ੍ਰਵਾਸੀ ਯਾਤਰੀ ਆਪਣੇ ਸੂਬਿਆਂ ਲਈ ਰਵਾਨਾ ਹੋਣਗੇ। ਦੂਜੇ ਪਾਸੇ ਰੇਲਵੇ ਨਾਲ ਸਬੰਧਤ ਲੋਕਾਂ ਨੇ ਕਿਹਾ ਕਿ ਅਜੇ ਹੋਰ ਰੇਲ ਗੱਡੀਆਂ ਵਧਾਉਣ ਦੀ ਜ਼ਰੂਰਤ ਹੈ। ਭੀੜ ਨੂੰ ਸਿਰਫ ਰੇਲ ਗੱਡੀਆਂ ਦੀ ਗਿਣਤੀ ਵਧਾ ਕੇ ਹੀ ਘਟਾਇਆ ਜਾ ਸਕਦਾ ਹੈ।
ਹੈਰਾਨੀਜਨਕ: ਸਰਕਾਰੀ ਲੈਬਜ਼ 'ਚ 'ਕੋਰੋਨਾ' ਪਾਜ਼ੇਟਿਵ ਹੋ ਰਹੀਆਂ ਨੈਗੇਟਿਵ ਮਰੀਜ਼ਾਂ ਦੀਆਂ ਰਿਪੋਰਟਾਂ
NEXT STORY