ਬਿਹਾਰ ਦੀ ਰਾਜਨੀਤੀ ’ਚ ਸਸਪੈਂਸ ਸਿਖਰ ’ਤੇ ਹੈ। ਰਾਜ ਸਭਾ ਲਈ ਨਾਮਜ਼ਦਗੀ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੀ ਦੋ ਦਹਾਕਿਆਂ ਤੋਂ ਪੁਰਾਣੀ ਮੁੱਖ ਮੰਤਰੀ ਦੀ ਕੁਰਸੀ ਤੋਂ ਮੋਹ ਤਿਆਗਣ ਦਾ ਫ਼ੈਸਲਾ ਕਰ ਲਿਆ ਹੈ। ਇਹ ਬਿਹਾਰ ’ਚ ਨਿਤੀਸ਼ ਯੁੱਗ ਦੇ ਸਮਾਪਤ ਹੋਣ ਦਾ ਐਲਾਨ ਹੈ। 1 ਮਾਰਚ ਨੂੰ ਹੀ ਨਿਤੀਸ਼ ਨੇ ਉਮਰ ਦਾ 75 ਸਾਲ ਦਾ ਪੜਾਅ ਪਾਰ ਕੀਤਾ ਹੈ।
ਭਾਰਤੀ ਰਾਜਨੀਤੀ ’ਚ ਪਿਛਲੇ ਇਕ ਦਹਾਕੇ ਤੋਂ ਨੇਤਾਵਾਂ ਲਈ 75ਵਾਂ ਸਾਲ ਵਾਨਪ੍ਰਸਥ ਦੇ ਰੂਪ ’ਚ ਪ੍ਰਚਾਰਿਆ ਜਾ ਰਿਹਾ ਹੈ। ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕਲਰਾਜ ਮਿਸ਼ਰ ਦਾ ਹੀ ਨਾਂ ਇਸ ਸੂਚੀ ’ਚ ਨਹੀਂ ਹੈ। ਸਾਲ 2016 ’ਚ ਆਨੰਦੀਬੇਨ ਪਟੇਲ ਨੇ ਗੁਜਰਾਤ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ ਅਤੇ ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਮੈਂ 75 ਸਾਲ ਦੀ ਹੋਣ ਜਾ ਰਹੀ ਹਾਂ। ਬੀ. ਐੱਸ. ਯੇਦੀਯੁਰੱਪਾ ਨੇ ਵੀ ਜਦੋਂ ਕਰਨਾਟਕ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਿਆ ਸੀ, ਉਦੋਂ ਉਨ੍ਹਾਂ ਦੀ ਉਮਰ 78 ਸਾਲ ਸੀ। ਭਾਜਪਾ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਵੀ ਅਡਵਾਨੀ ਅਤੇ ਜੋਸ਼ੀ ਵਾਂਗ ਸਰਗਰਮ ਰਾਜਨੀਤੀ ਤੋਂ ਵੱਖ ਹੋ ਗਏ ਸਨ। ਪਿਛਲੀਆਂ ਦੋ ਲੋਕ ਸਭਾ ਚੋਣਾਂ ’ਚ ਕਈ ਨੇਤਾਵਾਂ ਨੂੰ ਟਿਕਟ ਇਸੇ ਕਾਰਨ ਨਹੀਂ ਦਿੱਤੀ ਗਈ ਸੀ, ਕਿਉਂਕਿ ਉਨ੍ਹਾਂ ਦੀ ਉਮਰ 75 ਸਾਲ ਤੋਂ ਵੱਧ ਹੋ ਚੁੱਕੀ ਸੀ। ਹਾਲਾਂਕਿ ਕੁਝ ਅਪਵਾਦ ਵੀ ਰਹੇ।
ਹਾਲਾਂਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਦੇਸ਼ ਦੀ ਰਾਜਨੀਤੀ ਤੋਂ ਵੱਖ ਹੋਣ ਦੀ ਇੱਛਾ ਜ਼ਾਹਿਰ ਕਰਦੇ ਸਮੇਂ ਆਪਣੀ ਉਮਰ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ ਪਰ ਉਮਰ ਦਾ ਪੜਾਅ ਇਕ ਅਜਿਹਾ ਸੱਚ ਹੈ, ਜੋ ਕਿਸੇ ਤੋਂ ਲੁਕਿਆ ਵੀ ਨਹੀਂ ਹੈ। ਉਂਝ ਵੀ ਨਿਤੀਸ਼ ਕੁਮਾਰ ਰਾਜ ਸਭਾ ’ਚ ਤਾਂ ਰਹਿਣਗੇ ਹੀ ਅਤੇ ਉਨ੍ਹਾਂ ਨੇ ਆਪਣੇ ਰਾਜ ਸਭਾ ਜਾਣ ਦੇ ਫ਼ੈਸਲੇ ’ਚ ਜੋ ਸੰਦੇਸ਼ ‘ਐਕਸ’ ’ਤੇ ਜਾਰੀ ਕੀਤਾ ਸੀ, ਉਸ ’ਚ ਵੀ ਜ਼ਿਕਰ ਹੈ ਕਿ ਉਨ੍ਹਾਂ ਦੀ ਸਹਿਯੋਗੀ ਦੀ ਭੂਮਿਕਾ ਬਣੀ ਰਹੇਗੀ। ਉਧਰ ਭਾਜਪਾ ਦੇ ਨੇਤਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਿਛਲੇ ਦਿਨੀਂ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਪਾਰਟੀ ਸੰਵਿਧਾਨ ’ਚ ਅਜਿਹੀ ਕੋਈ ਪਾਬੰਦੀ ਨਹੀਂ ਹੈ।
ਬਿਹਾਰ ’ਚ ਵਿਧਾਨ ਸਭਾ ਚੋਣਾਂ ਹੋਏ ਨੂੰ ਅਜੇ ਠੀਕ ਤਰ੍ਹਾਂ ਨਾਲ ਤਿੰਨ ਮਹੀਨਿਆਂ ਤੋਂ ਕੁਝ ਜ਼ਿਆਦਾ ਹੀ ਸਮਾਂ ਹੋਇਆ ਹੈ। ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਭਾਜਪਾ-ਜਦ ਯੂ ਗੱਠਜੋੜ ਨੇ ਨਿਤੀਸ਼ ਦੇ ਚਿਹਰੇ ’ਤੇ ਹੀ ਜਿੱਤੀਆਂ ਸਨ। ਚੋਣਾਂ ’ਚ ਗੱਠਜੋੜ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਵੀ ਚੁੱਕੀ। ਹਾਲਾਂਕਿ ਚੋਣਾਂ ਦੌਰਾਨ ਕੁਝ ਲੋਕ ਅੰਦਾਜ਼ੇ ਲਗਾ ਰਹੇ ਸਨ ਕਿ ਵੱਡੀ ਜਿੱਤ ਤੋਂ ਬਾਅਦ ਭਾਜਪਾ ਮੁੱਖ ਮੰਤਰੀ ਅਹੁਦੇ ਦਾ ਦਾਅਵਾ ਕਰ ਸਕਦੀ ਸੀ ਪਰ ਨਿਤੀਸ਼ ਦੀ ਅਗਵਾਈ ’ਚ ਚੋਣ ਜਿੱਤੀ ਗਈ ਸੀ, ਇਸੇ ਲਈ ਉਹ ਰਿਕਾਰਡ ਦਸਵੀਂ ਵਾਰ ਮੁੱਖ ਮੰਤਰੀ ਵੀ ਬਣੇ।
ਨਿਤੀਸ਼ ਕੁਮਾਰ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਬਿਹਾਰ ਦੀ ਰਾਜਨੀਤੀ ਦਾ ਧੁਰਾ ਮੰਨੇ ਜਾ ਰਹੇ ਹਨ। ਸੀਟਾਂ ਘੱਟ ਆਈਆਂ ਜਾਂ ਜ਼ਿਆਦਾ, ਕੁਰਸੀ ’ਤੇ ਉਹੀ ਰਹੇ (ਅਪਵਾਦ ਵਜੋਂ ਇਕ ਵਾਰ ਖ਼ੁਦ ਉਨ੍ਹਾਂ ਨੇ ਹੀ ਜੀਤਨ ਰਾਮ ਮਾਂਝੀ ਨੂੰ ਕੁਝ ਮਹੀਨਿਆਂ ਲਈ ਮੁੱਖ ਮੰਤਰੀ ਬਣਾਇਆ ਸੀ)। ਇਸੇ ਨਾਲ ਉਨ੍ਹਾਂ ਦੀ ਇਹ ਦਿੱਖ ਮਜ਼ਬੂਤ ਹੋਈ ਹੈ ਕਿ ਉਹ ਬਿਹਾਰ ਦਾ ਧੁਰਾ ਹਨ। ਦਲਿਤਾਂ ’ਚ ਮਹਾਦਲਿਤ ਬਣਾਉਣ ਦੇ ਵੱਡੇ ਕੰਮ ਤੋਂ ਇਲਾਵਾ ਕੁਰਮੀ-ਕੁਸ਼ਵਾਹਾ ਪੱਛੜੇ ਅਤੇ ਮਹਾ-ਪੱਛੜੇ ਦਾ ਸੰਤੁਲਨ ਬਣਾ ਕੇ ਉਨ੍ਹਾਂ ਨੇ ਪੱਛੜਿਆਂ ਦੇ ਮਸੀਹਾ ਬਣਨ ਦੀ ਕੋਸ਼ਿਸ਼ ਕਰ ਰਹੇ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਾਰਟੀ ਨੂੰ ਬਿਹਾਰ ਦੀ ਰਾਜਨੀਤੀ ਦੇ ਉਸ ਕੋਨੇ ’ਚ ਬਿਠਾ ਦਿੱਤਾ ਹੈ, ਜੋ ਵਿਰੋਧੀ ਧਿਰ ਦਾ ਕੋਨਾ ਕਹਾਉਂਦਾ ਹੈ।
ਨਿਤੀਸ਼ ਕੁਮਾਰ ਨੇ ਕਦੇ ਕਦਰਾਂ-ਕੀਮਤਾਂ ਦੀ ਰਾਜਨੀਤੀ ਨਾਲ ਆਪਣੀ ਪਛਾਣ ਬਣਾਈ ਸੀ। ਅਟਲ ਬਿਹਾਰੀ ਵਾਜਪਾਈ ਦੀ ਰਾਜਗ ਸਰਕਾਰ ’ਚ ਉਨ੍ਹਾਂ ਨੂੰ ਰੇਲ ਮੰਤਰੀ ਬਣਾਇਆ ਗਿਆ ਸੀ, 1 ਅਗਸਤ 1999 ਨੂੰ ਗੈਸਲ ਰੇਲ ਹਾਦਸੇ ਤੋਂ ਬਾਅਦ ਉਨ੍ਹਾਂ ਨੇ ਦੁਰਘਟਨਾ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮਾਰਚ 2000 ’ਚ ਵਾਜਪਾਈ ਸਰਕਾਰ ਦੇ ਸਮਰਥਨ ’ਤੇ ਸਮਤਾ ਪਾਰਟੀ ਦੇ ਮੈਂਬਰ ਵਜੋਂ ਉਹ ਪਹਿਲੀ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਦਾ ਪਹਿਲਾ ਕਾਰਜਕਾਲ ਸਿਰਫ਼ 7 ਦਿਨਾਂ ਦਾ ਸੀ। ਸਦਨ ’ਚ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ। ਉਸ ਤੋਂ ਬਾਅਦ 2005 ’ਚ ਉਨ੍ਹਾਂ ਨੇ ਭਾਜਪਾ ਨਾਲ ਮਿਲ ਕੇ ਬਹੁਮਤ ਨਾਲ ਸਰਕਾਰ ਬਣਾਈ। ਉਨ੍ਹਾਂ ਦਾ ਇਹੀ ਕਾਰਜਕਾਲ ਬਿਹਾਰ ਅਤੇ ਬਿਹਾਰ ਦੀ ਰਾਜਨੀਤੀ ਨੂੰ ਬਦਲਣ ਵਾਲਾ ਕਿਹਾ ਜਾਂਦਾ ਹੈ।
ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਇਕ ਲੱਖ ਤੋਂ ਵੱਧ ਸਕੂਲ ਅਧਿਆਪਕਾਂ ਦੀ ਨਿਯੁਕਤੀ ਕੀਤੀ। ਕਈ ਪਿੰਡਾਂ ’ਚ ਬਿਜਲੀ ਪਹੁੰਚਾਈ, ਸੜਕਾਂ ਦਾ ਨਿਰਮਾਣ ਕੀਤਾ, ਮਹਿਲਾ ਅਨਪੜ੍ਹਤਾ ਦਰ ਨੂੰ ਅੱਧਾ ਕਰ ਦਿੱਤਾ, ਅਪਰਾਧ ਨੂੰ ਨੱਥ ਪਾਈ ਅਤੇ ਬਿਹਾਰ ਦੇ ਲੋਕਾਂ ਦੀ ਔਸਤ ਆਮਦਨ ਵੀ ਤੇਜ਼ੀ ਨਾਲ ਵਧੀ। ਆਪਣੇ ਪਹਿਲੇ ਪੂਰੇ ਕਾਰਜਕਾਲ ’ਚ ਉਨ੍ਹਾਂ ਨੇ ਕਈ ਵੱਡੇ ਕੰਮ ਕੀਤੇ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਾਈਕਲ ਦੇਣ ਅਤੇ ਸਕੂਲ ’ਚ ਮਿਡ-ਡੇ-ਮੀਲ ਪ੍ਰੋਗਰਾਮ ਸ਼ੁਰੂ ਕੀਤਾ। ਇਸ ਨਾਲ ਵੱਡੀ ਗਿਣਤੀ ’ਚ ਕੁੜੀਆਂ ਨੇ ਸਕੂਲਾਂ ’ਚ ਦਾਖ਼ਲਾ ਲੈਣਾ ਸ਼ੁਰੂ ਕੀਤਾ ਅਤੇ ਸਕੂਲ ਛੱਡਣ ਦੀ ਦਰ ’ਚ ਵੀ ਕਮੀ ਆਈ। 2010 ਦੀਆਂ ਚੋਣਾਂ ’ਚ ਪਹਿਲੀ ਵਾਰ ਬਿਹਾਰ ’ਚ ਮਹਿਲਾ ਅਤੇ ਨੌਜਵਾਨ ਵੋਟਰਾਂ ਦੀ ਵੱਡੀ ਸ਼ਮੂਲੀਅਤ ਦੇਖਣ ਨੂੰ ਮਿਲੀ। ਇਹ ਨਿਤੀਸ਼ ਦੀ ਵਧਦੀ ਲੋਕਪ੍ਰਿਯਤਾ ਦਾ ਪ੍ਰਤੀਕ ਸੀ।
ਨਿਤੀਸ਼ ਕੁਮਾਰ ਨੂੰ ਬਿਹਾਰ ’ਚ ‘ਸੁਸ਼ਾਸਨ ਬਾਬੂ’ ਦਾ ਨਾਂ ਮਿਲਿਆ ਤਾਂ ਇਸ ਦੇ ਪਿੱਛੇ ਉਨ੍ਹਾਂ ਵੱਲੋਂ ਕੀਤੇ ਗਏ ਕਾਰਜ ਹੀ ਸਨ। ਸ਼ਰਾਬਬੰਦੀ ਨੇ ਔਰਤਾਂ ਵਿਚਾਲੇ ਉਨ੍ਹਾਂ ਦੀ ਲੋਕਪ੍ਰਿਯਤਾ ਨੂੰ ਹੋਰ ਵਧਾਇਆ। ਨਿਤੀਸ਼ ਕੁਮਾਰ ਨੇ ਬਿਹਾਰ ’ਚ ਜੋ ਕੀਤਾ ਹੈ, ਉਸ ਤੋਂ ਬਾਅਦ ਹੁਣ ਉਨ੍ਹਾਂ ਦੀ ਜਗ੍ਹਾ ਲੈਣ ਵਾਲੇ ਮੁੱਖ ਮੰਤਰੀ ਲਈ ਉਸ ਤੋਂ ਅੱਗੇ ਵਧ ਕੇ ਕੰਮ ਕਰਨ ਦੀ ਚੁਣੌਤੀ ਹੋਵੇਗੀ। ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਜੁੜੀਆਂ ਸਮੱਸਿਆਵਾਂ ਅਤੇ ਗਰੀਬੀ ਅਜੇ ਵੀ ਬਿਹਾਰ ਦੀ ਸਭ ਤੋਂ ਵੱਡੀ ਸਮੱਸਿਆ ਹੈ। ਝਾਰਖੰਡ ਦੇ ਵੱਖ ਹੋ ਜਾਣ ਤੋਂ ਬਾਅਦ ਬਿਹਾਰ ਪੂਰੀ ਤਰ੍ਹਾਂ ਖੇਤੀ ’ਤੇ ਨਿਰਭਰ ਹੈ ਅਤੇ ਖੇਤੀ ਅਾਧਾਰਿਤ ਵਿਵਸਥਾ ਮੌਜੂਦਾ ਸਮੇਂ ’ਚ ਬਹੁਤੇ ਲਾਭ ਦਾ ਸੌਦਾ ਨਹੀਂ ਹੈ।
ਮੰਨਿਆ ਜਾ ਰਿਹਾ ਹੈ ਕਿ ਨਵਾਂ ਮੁੱਖ ਮੰਤਰੀ ਭਾਜਪਾ ਤੋਂ ਹੋਵੇਗਾ। ਇਸ ਨੂੰ ਮੰਨਣ ਦੇ ਪਿੱਛੇ ਠੋਸ ਵਜ੍ਹਾ ਇਹ ਹੈ ਕਿ ਭਾਜਪਾ ਸਭ ਤੋਂ ਵੱਡਾ ਦਲ ਹੈ ਅਤੇ ਇਸ ਲਈ ਮੁੱਖ ਮੰਤਰੀ ਉਸ ਦਾ ਹੋਣਾ ਚਾਹੀਦਾ ਹੈ ਪਰ ਬਿਹਾਰ ’ਚ ਮੁੱਖ ਮੰਤਰੀ ਦਾ ਅਹੁਦਾ ਕੰਡਿਆਂ ਦਾ ਤਾਜ ਵੀ ਹੈ। ਇਸ ਦੇ ਨਾਲ ਚੁਣੌਤੀਆਂ ਵੀ ਹਨ। ਉੱਥੇ ਸਿਰਫ਼ ਦਲੀ ਸਮੀਕਰਨ ਹੀ ਮਾਅਨੇ ਨਹੀਂ ਰੱਖਦੇ, ਸਮਾਜਿਕ ਜਾਂ ਕਹੀਏ ਜਾਤੀ ਸਮੀਕਰਨ ਵੀ ਸਾਧਣੇ ਪੈਂਦੇ ਹਨ। ਨਿਤੀਸ਼ ਨੇ ਜਾਤੀ ਸਮੀਕਰਨ ਬੜੇ ਸਲੀਕੇ ਨਾਲ ਸਾਧੇ ਸਨ ਅਤੇ ਜੋ ਵਰਗ ਜਾਂ ਜਾਤੀ ਉਨ੍ਹਾਂ ਦੇ ਨਾਲ ਨਹੀਂ ਸੀ, ਉਹ ਭਾਜਪਾ ਦੇ ਨਾਲ ਸੀ। ਘੱਟਗਿਣਤੀਆਂ ਦਾ ਇਕ ਵਰਗ ਵੀ ਉਨ੍ਹਾਂ ਦੇ ਨਾਲ ਸੀ। ਸੀਮੈਂਟ ਮਜ਼ਬੂਤ ਸੀ।
ਪਰ ਹੁਣ ਭਾਜਪਾ ਦੀ ਅਗਵਾਈ ’ਚ ਚੀਜ਼ਾਂ ਆਉਣ ਨਾਲ ਸਮੀਕਰਨਾਂ ਦੀ ਰੀਸੈਟਿੰਗ ਹੋਵੇਗੀ ਹੀ। ਭਾਜਪਾ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਜੋ ਦਿਸ ਰਹੀ ਹੈ, ਉਹ ਹੈ ਪੱਛੜਿਆਂ ਤੋਂ ਇਲਾਵਾ ਅਤਿ-ਪੱਛੜਿਆਂ ਅਤੇ ਦਲਿਤਾਂ ਨੂੰ ਨਾਲ ਜੋੜੀ ਰੱਖਣਾ। ਉਂਝ ਤਾਂ ਇਹ ਵਰਗ ਜਾਂ ਤਾਂ ਜਦ (ਯੂ) ਦੇ ਨਾਲ ਹੈ ਜਾਂ ਫਿਰ ਭਾਜਪਾ ਦੇ ਨਾਲ ਪਰ ਭਾਜਪਾ ਦੀ ਅਗਵਾਈ ’ਚ ਆਉਂਦੇ ਹੀ ਇਨ੍ਹਾਂ ਸਮੀਕਰਨਾਂ ਨੂੰ ਪੁਖ਼ਤਾ ਕਰਨਾ ਨਵੇਂ ਮੁੱਖ ਮੰਤਰੀ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ। ਬਿਹਾਰ ਦੀ ਰਾਜਨੀਤੀ ਦੇ ਮੱਦੇਨਜ਼ਰ ਇਹ ਤੈਅ ਹੈ ਕਿ ਮੁੱਖ ਮੰਤਰੀ ਪੱਛੜੇ/ਅਤਿ-ਪੱਛੜੇ ਵਰਗ ਦਾ ਹੀ ਹੋਵੇਗਾ ਪਰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਆਸਾਨ ਕੰਮ ਨਹੀਂ ਹੋਵੇਗਾ।
ਇਹ ਜ਼ਰੂਰ ਹੈ ਕਿ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਬਹੁਤ ਸਮੇਂ ਬਾਅਦ ਉਸ ਦਾ ਮੂਲ ਵੋਟਰ, ਜਿਸ ’ਚ ਪੱਛੜਿਆਂ ਦਾ ਇਕ ਵਰਗ ਅਤੇ ਸਵਰਨ ਵੋਟ ਹੈ, ਉਹ ਬਾਗੋ-ਬਾਗ ਹੋ ਸਕਦੇ ਹਨ ਪਰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਆਸਾਨ ਨਹੀਂ ਹੋਵੇਗਾ, ਖ਼ਾਸ ਤੌਰ ’ਤੇ ਜਦੋਂ ਜਾਤੀ ਹਿੱਤ ਵੀ ਟਕਰਾਉਂਦੇ ਹਨ। ਉਂਝ ਨਵੇਂ ਮੁੱਖ ਮੰਤਰੀ ਸਾਹਮਣੇ ਸ਼ਾਸਨ ’ਚ ਕਾਇਆਕਲਪ ਦੀ ਚੁਣੌਤੀ ਵੀ ਹੋਵੇਗੀ, ਕਿਉਂਕਿ ਉਸ ਨੂੰ ਕੁਝ ਨਵਾਂ ਕਰ ਕੇ ਦਿਖਾਉਣਾ ਹੋਵੇਗਾ, ਨੀਤੀ ਦੇ ਤੌਰ ’ਤੇ ਵੀ ਅਤੇ ਸਾਹਮਣੇ ਦਿਸਣ ਦੇ ਤੌਰ ’ਤੇ ਵੀ। ਉਮੀਦ ਹੈ ਕਿ ਨਵੀਂ ਸਰਕਾਰ ਕੁਝ ਨਵੇਂ ਰਾਹ ਬਣਾਉਣ ਵਾਲੀ ਹੋਵੇਗੀ।
–ਅੱਕੂ ਸ਼੍ਰੀਵਾਸਤਵ
ਈਰਾਨ ਯੁੱਧ : ਸੱਤਾ ਅਤੇ ਤਾਕਤ ਦਾ ਨਸ਼ਾ ਸਿਰ ਚੜ੍ਹ ਕੇ ਬੋਲ ਰਿਹਾ
NEXT STORY