ਜਲੰਧਰ (ਰੱਤਾ)— ਜਲੰਧਰ 'ਚ ਦਿਨੋਂ ਦਿਨ ਕੋਰੋਨਾ ਵਾਇਰਸ ਦੇ ਕੇਸ ਵੱਧਦੇ ਜਾ ਰਹੇ ਹਨ। ਅੱਜ ਫਿਰ ਜਲੰਧਰ 'ਚ ਦੋ ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸ਼ਾਹਕੋਟ 'ਚ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਮਰੀ ਕੁਲਜੀਤ ਕੌਰ ਦੇ ਪਤੀ ਮਲਕੀਤ ਸਿੰਘ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।
ਮਲਕੀਤ ਸਿੰਘ ਹਾਲ ਹੀ 'ਚ ਦੁਬਈ ਤੋਂ ਆਇਆ ਸੀ। ਇਸ ਦੇ ਇਲਾਵਾ ਦੂਜਾ ਕੇਸ ਕਿਲੇ ਮੁਹੱਲੇ 'ਚੋਂ ਸਾਹਮਣੇ ਆਇਆ ਹੈ, ਜਿਸ ਦੀ ਪਛਾਣ ਸਰਨੀਤ ਕਪੂਰ (40) ਸਾਲਾ ਦੇ ਰੂਪ 'ਚ ਹੋਈ ਹੈ, ਜੋਕਿ ਕਾਂਗਰਸੀ ਆਗੂ ਦੀਪਕ ਸ਼ਰਮਾ ਦੇ ਸੰਪਰਕ 'ਚ ਸੀ ਅਤੇ ਅਕਸਰ ਉਸ ਦੇ ਨਾਲ ਘੁੰਮਦਾ ਰਹਿੰਦਾ ਸੀ। ਇਥੇ ਦੱਸ ਦੇਈਏ ਕਿ ਜਲੰਧਰ 'ਚ ਹੁਣ ਤੱਕ ਕੁਲ ਪਾਜ਼ੀਟਿਵ ਕੇਸਾਂ ਦੀ ਗਿਣਤੀ 27 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਪਿੰਡ ਕੋਟਲਾ ਹੇਰਾਂ ਜਲੰਧਰ ਦੀ ਔਰਤ ਕੁਲਜੀਤ ਕੌਰ (50) ਪਤਨੀ ਮਲਕੀਤ ਸਿੰਘ, ਜੋ ਕਿ ਬੁਖਾਰ ਅਤੇ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ, ਜਿਸ ਨੂੰ ਪਹਿਲਾਂ ਤਲਵਾੜ ਹਸਪਤਾਲ ਜਲੰਧਰ ਅਤੇ ਉਸ ਉਪਰੰਤ ਦੋਆਬਾ ਹਸਪਤਾਲ ਅਤੇ ਫਿਰ ਇਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਇਸ ਦੀ 9 ਅਪ੍ਰੈਲ 2 ਵਜੇ ਰਾਤ ਨੂੰ ਮੌਤ ਹੋ ਗਈ ਸੀ ਅਤੇ ਪਰਿਵਾਰ ਵੱਲੋਂ ਇਸ ਦਾ ਸਸਕਾਰ 10 ਅਪ੍ਰੈਲ ਨੂੰ ਕਰ ਦਿੱਤਾ ਗਿਆ। ਹਸਪਤਾਲ ਵੱਲੋਂ ਇਸ ਔਰਤ ਦੀ ਮੌਤ ਉਪਰੰਤ ਜਾਂਚ ਕੀਤੀ ਗਈ ਤਾਂ ਇਹ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਪਾਈ ਗਈ ਸੀ, ਜਿਸ 'ਤੇ ਪ੍ਰਸ਼ਾਸਨ ਹਰਕਤ 'ਚ ਆਇਆ ਅਤੇ ਵਿਸ਼ੇਸ਼ ਕਦਮ ਚੁੱਕਦਿਆਂ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ।
ਜਾਣੋ ਹੁਣ ਤੱਕ ਪੰਜਾਬ 'ਚ ਹੋਈਆਂ ਮੌਤਾਂ ਦਾ ਵੇਰਵਾ
ਜ਼ਿਕਰਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਤੱਕ ਪੰਜਾਬ 'ਚੋਂ ਕੁੱਲ 193 ਕੇਸ ਸਾਹਮਣੇ ਆ ਚੁੱਕੇ ਹਨ ਜਦਕਿ 14 ਦੀ ਮੌਤ ਹੋ ਚੁੱਕੀ ਹੈ ਅਤੇ 27 ਲੋਕ ਠੀਕ ਹੋ ਚੁੱਕੇ ਹਨ। ਕੋਰੋਨਾ ਕਾਰਨ ਸਭ ਤੋਂ ਪਹਿਲੀ ਮੌਤ 18 ਮਾਰਚ ਨੂੰ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦੇ ਬਜ਼ੁਰਗ ਦੀ ਮੌਤ ਹੋਈ, ਜੋਕਿ ਜਰਮਨੀ ਤੋਂ ਵਾਇਆ ਇਟਲੀ ਹੁੰਦਾ ਹੋਇਆ ਪੰਜਾਬ ਆਇਆ ਸੀ। ਦੂਜੀ ਮੌਤ 29 ਮਾਰਚ ਨੂੰ ਨਵਾਂਸ਼ਹਿਰ ਦੇ ਪਾਠੀ ਬਲਦੇਵ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਹੁਸ਼ਿਆਰਪੁਰ ਦੇ ਹਰਭਜਨ ਸਿੰਘ ਦੀ ਮੌਤ ਹੋਈ, ਜੋ ਅੰਮ੍ਰਿਤਸਰ ਦੇ ਹਸਪਤਾਲ 'ਚ ਦਾਖਲ ਸੀ। ਤੀਜੀ ਮੌਤ 30 ਮਾਰਚ ਨੂੰ ਲੁਧਿਆਣਾ ਦੀ 42 ਸਾਲਾ ਔਰਤ ਪੂਜਾ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਦਮ ਤੋੜ ਦਿੱਤਾ। ਇਸੇ ਤਰ੍ਹਾਂ 31 ਮਾਰਚ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਦਾਖਲ ਮੋਹਾਲੀ ਦੇ 65 ਸਾਲਾ ਬਜ਼ੁਰਗ ਦੀ ਚੌਥੀ ਮੌਤ ਹੋਈ ਸੀ।
5ਵੀਂ ਮੌਤ 3 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਹੋਈ ਸੀ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਦਮ ਤੋੜਿਆ। 6ਵੀਂ ਮੌਤ ਕੋਰੋਨਾ ਨਾਲ 5 ਅਪ੍ਰੈਲ ਨੂੰ ਲੁਧਿਆਣਾ ਵਿਖੇ 70 ਸਾਲ ਦੇ ਕਰੀਬ ਮਹਿਲਾ ਦੀ ਹੋਈ। ਉਸ ਨੂੰ 31 ਮਾਰਚ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ ਅਤੇ 2 ਅਪ੍ਰੈਲ ਨੂੰ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ।
7ਵੀਂ ਮੌਤ 'ਚ ਪਠਾਨਕੋਟ ਜ਼ਿਲੇ 'ਚ ਪਹਿਲੇ ਪਾਜ਼ੀਟਿਵ ਕੇਸ 75 ਸਾਲਾ ਔਰਤ ਦਾ ਆਇਆ ਸੀ, ਜਿਸ ਨੂੰ 1 ਅਪ੍ਰੈਲ ਨੂੰ ਪਠਾਨਕੋਟ ਤੋਂ ਅੰਮ੍ਰਿਤਸਰ ਰੈਫਰ ਕੀਤਾ ਗਿਆ ਸੀ। 4 ਅਪ੍ਰੈਲ ਨੂੰ ਉਸ 'ਚ ਕੋਰੋਨਾ ਦੀ ਪੁਸ਼ਟੀ ਹੋਈ, ਜਿਸ ਦੀ ਮੌਤ ਹੋ ਗਈ ਸੀ। 8ਵੀਂ ਮੌਤ 'ਚ 6 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਨਗਰ ਨਿਗਮ ਤੋਂ ਰਿਟਾਇਰ ਹੋ ਚੁੱਕੇ 65 ਸਾਲਾ ਇਕ ਵਿਅਕਤੀ ਨੇ ਦਮ ਤੋੜ ਦਿੱਤਾ। ਹਾਲਾਂਕਿ ਪਹਿਲਾਂ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ। 5 ਅਪ੍ਰੈਲ ਨੂੰ ਦੋਬਾਰਾ ਦਾਖਲ ਕੀਤੇ ਜਾਣ 'ਤੇ ਉਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ।
ਇਸੇ ਤਰ੍ਹਾਂ 8 ਅਪ੍ਰੈਲ ਨੂੰ ਪੀ. ਜੀ. ਆਈ. 'ਚ ਦਾਖਲ ਰੋਪੜ ਦੇ 55 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ, ਜੋਕਿ ਪੰਜਾਬ 'ਚ 9ਵੀਂ ਮੌਤ ਸੀ। ਪਿੰਡ ਚਤਾਮਲੀ ਦੇ ਉਕਤ ਵਿਅਕਤੀ ਨੂੰ ਸ਼ੂਗਰ ਕਾਰਨ 2 ਅਪ੍ਰੈਲ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ। 10ਵੀਂ ਮੌਤ 9 ਅਪ੍ਰੈਲ ਨੂੰ ਜਲੰਧਰ 'ਚ ਕਾਂਗਰਸੀ ਨੇਤਾ ਦੀਪਕ ਸ਼ਰਮਾ ਦੇ 59 ਸਾਲਾ ਪਿਤਾ ਪ੍ਰਵੀਨ ਕੁਮਾਰ ਨੇ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਇਥੇ ਦੱਸ ਦੇਈਏ ਕਿ ਹੁਣ ਉਸ ਦੇ ਪੁੱਤਰ ਦੀ ਵੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ, ਜਿਸ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ 9 ਅਪ੍ਰੈਲ ਨੂੰ 11ਵੀਂ ਮੌਤ 'ਚ ਬਰਨਾਲਾ ਦੀ ਰਹਿਣ ਵਾਲੀ ਮਹਿਲਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ। ਇਸ ਮਹਿਲਾ ਨੇ ਲੁਧਿਆਣਾ ਦੇ ਫੋਰਟਿਸ ਹਸਪਤਾਲ ਹਸਪਾਤਲ 'ਚ ਦਮ ਤੋੜਿਆ ਸੀ।
12ਵੀਂ ਮੌਤ ਮੋਹਾਲੀ ਦੇ ਮੁੰਡੀ ਖਰੜ ਦੀ 74 ਸਾਲਾ ਔਰਤ ਦੀ 8 ਅਪ੍ਰੈਲ ਨੂੰ ਹੋਈ ਸੀ ਪਰ ਉਸ ਦੀ ਰਿਪੋਰਟ ਸ਼ੁੱਕਰਵਾਰ ਨੂੰ ਪਾਜ਼ੀਟਿਵ ਆਈ ਹੈ। ਪਹਿਲਾਂ ਉਕਤ ਔਰਤ ਦਾ ਕੋਰੋਨਾ ਟੈਸਟ ਨੈਗੇਟਿਵ ਦੱਸ ਕੇ ਉਸ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਸੀ। 8 ਅਪ੍ਰੈਲ ਨੂੰ ਅਚਾਨਕ ਉਸ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਨਮੂਨਾ ਜਾਂਚ ਲਈ ਭੇਜਿਆ ਗਿਆ ਸੀ, ਜਿਸ 'ਚ ਉਹ ਪਾਜ਼ੇਟਿਵ ਪਾਈ ਗਈ ਸੀ। ਇਸੇ ਤਰ੍ਹਾਂ ਪਿੰਡ ਕੋਟਲਾ ਹੇਰਾਂ ਜਲੰਧਰ ਦੀ ਇਕ ਔਰਤ ਨੂੰ ਬੁਖਾਰ ਅਤੇ ਸ਼ੂਗਰ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ ਪਰ ਬਾਅਦ 'ਚ ਉਸ ਦੀ ਕੋਰੋਨਾ ਸਬੰਧੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਇਹ ਮੌਤ ਪੰਜਾਬ 'ਚ 13ਵੀਂ ਮੌਤ ਸੀ। ਇਸੇ ਤਰ੍ਹਾਂ ਅੱਜ ਕੋਰੋਨਾ ਦੇ ਕਾਰਨ ਪੰਜਾਬ ਦੇ ਗੁਰਦਾਸਪੁਰ ਜ਼ਿਲੇ 'ਚ ਦੇ ਰਹਿਣ ਵਾਲੇ ਪਹਿਲੇ ਕੋਰੋਨਾ ਪੀੜਤ ਵਿਅਕਤੀ ਨੇ ਦਮ ਤੋੜ ਦਿੱਤਾ। ਇਹ ਮੌਤ ਪੰਜਾਬ 'ਚ 14ਵੀਂ ਮੌਤ ਹੈ। ਪਿੰਡ ਭੈਣੀ ਪਾਸਵਾਲ ਦੇ ਰਹਿਣ ਵਾਲਾ 60 ਸਾਲਾ ਪੀੜਤ ਵਿਅਕਤੀ ਜ਼ਿਲੇ 'ਚ ਪਹਿਲਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ, ਜਿਸ ਦੀ ਅੱਜ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।
'ਆਯੂਰਵੇਦਾ ਨਾਲ ਵੀ ਹੋ ਸਕਦੈ ਕੋਰੋਨਾ ਵਾਇਰਸ ਦਾ ਜੜ੍ਹ ਤੋਂ ਖਾਤਮਾ'
NEXT STORY