ਜਲੰਧਰ (ਗੁਲਸ਼ਨ)— ਪੰਜਾਬ ਨੂੰ ਛੱਡ ਕੇ ਆਪਣੇ ਗ੍ਰਹਿ ਸੂਬਿਆਂ ਨੂੰ ਜਾਣ ਵਾਲੇ ਪ੍ਰਵਾਸੀ ਲੋਕਾਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਕੰਮ 5 ਮਈ ਤੋਂ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਸਿਟੀ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ 5 ਮਜ਼ਦੂਰ ਵਿਸ਼ੇਸ਼ ਰੇਲ ਗੱਡੀਆਂ ਚੱਲ ਰਹੀਆਂ ਸਨ ਪਰ ਮੰਗਲਵਾਰ ਨੂੰ 6 ਰੇਲ ਗੱਡੀਆਂ ਚਲਾਈਆਂ ਗਈਆਂ, ਜਿਨ੍ਹਾਂ 'ਚ ਸਵੇਰੇ 9 ਵਜੇ ਬਿਹਾਰ ਦੇ ਅਰਰੀਆ, 12 ਵਜੇ ਪੂਰਨੀਆ, ਸ਼ਾਮ 3 ਵਜੇ ਫੈਜ਼ਾਬਾਦ, ਗੋਂਡਾ ਲਈ ਸ਼ਾਮ 5 ਵਜੇ, ਰਾਤ 9 ਵਜੇ ਫਿਰ ਫੈਜ਼ਾਬਾਦ ਲਈ ਅਤੇ ਤ੍ਰਿਵੇਂਦ੍ਰਮ ਜੰਕਸ਼ਨ ਲਈ ਰਾਤ 11 ਵਜੇ ਰੇਲ ਗੱਡੀਆਂ ਚੱਲੀਆਂ ।
ਸੂਚਨਾ ਅਨੁਸਾਰ ਤ੍ਰਿਵੇਂਦ੍ਰਮ ਜਾਣ ਵਾਲੀ ਰੇਲਗੱਡੀ ਡੀ. ਸੀ. ਕਪੂਰਥਲਾ ਦੀਪਤੀ ਉੱਪਲ ਦੀ ਨਿਗਰਾਨੀ ਹੇਠ ਰਵਾਨਾ ਹੋਈ। ਕਈ ਸਟੇਸ਼ਨਾਂ 'ਤੇ ਇਸ ਰੇਲ ਦੇ ਸਟਾਪੇਜ ਵੀ ਦਿੱਤੇ ਗਏ ਸਨ । ਸਿਟੀ ਸਟੇਸ਼ਨ ਤੋਂ ਜਾਣ ਵਾਲੀਆਂ ਰੇਲ ਗੱਡੀਆਂ 'ਚ ਲਗਭਗ 7 ਹਜ਼ਾਰ ਪ੍ਰਵਾਸੀ ਲੋਕ ਆਪਣੇ ਘਰਾਂ ਨੂੰ ਰਵਾਨਾ ਹੋਏ ।
ਪ੍ਰਵਾਸੀਆਂ ਦੇ ਸਵਾਰ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਸਕਰੀਨਿੰਗ ਕੀਤੀ ਜਾ ਰਹੀ ਹੈ। ਇਸ ਦੇ ਲਈ ਮਿੱਥੇ ਸਥਾਨਾਂ ਬੱਲੇ-ਬੱਲੇ ਫਾਰਮ ਅਤੇ ਸੰਤ ਨਿਰੰਕਾਰੀ ਭਵਨ ਲੈਦਰ ਕੰਪਲੈਕਸ ਦੇ ਬਾਹਰ ਕਾਫੀ ਭੀੜ ਪ੍ਰਵਾਸੀਆਂ ਦੀ ਦੇਖਣ ਨੂੰ ਮਿਲ ਰਹੀ ਹੈ । ਇਨ੍ਹਾਂ ਥਾਵਾਂ 'ਤੇ ਅਜਿਹੇ ਕਾਫੀ ਪਰਿਵਾਰ ਬੈਠੇ ਹੋਏ ਹਨ, ਜੋ ਪਿਛਲੇ 1 ਹਫਤੇ ਤੋਂ ਰੇਲ ਗੱਡੀਆਂ ਵਿਚ ਬੈਠਣ ਦਾ ਇੰਤਜ਼ਾਰ ਕਰ ਰਹੇ ਹਨ । ਇਸ ਤੋਂ ਇਲਾਵਾ ਕੁਝ ਗੱਡੀਆਂ ਅਜਿਹੀਆਂ ਵੀ ਹਨ, ਜਿਨ੍ਹਾਂ 'ਚ ਸਵਾਰੀਆਂ ਦੀ ਗਿਣਤੀ ਪੂਰੀ ਨਹੀਂ ਹੋ ਰਹੀ ਹੈ । ਇਨ੍ਹਾਂ ਵਿਚੋਂ ਜ਼ਿਆਦਾਤਰ ਰੇਲ ਗੱਡੀਆਂ ਉੱਤਰ ਪ੍ਰਦੇਸ਼ (ਯੂ. ਪੀ.) ਵੱਲ ਜਾਣ ਵਾਲੀਆਂ ਹਨ, ਇਨ੍ਹਾਂ ਵਿਚ ਹਰ ਰੋਜ਼ ਕਈ ਕੋਚ ਖਾਲੀ ਹੁੰਦੇ ਹਨ । ਜਾਣਕਾਰੀ ਅਨੁਸਾਰ ਬਿਹਾਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਯੂ. ਪੀ. ਤੋਂ ਜ਼ਿਆਦਾ ਹੈ ।
ਫੈਜ਼ਾਬਾਦ ਜਾਣ ਵਾਲੀਆਂ ਰੇਲ ਗੱਡੀਆਂ ਲਈ ਨਹੀਂ ਮਿਲੇ ਯਾਤਰੀ
2 ਰੇਲ ਗੱਡੀਆਂ ਮੰਗਲਵਾਰ ਨੂੰ ਸਿਟੀ ਸਟੇਸ਼ਨ ਤੋਂ ਫੈਜ਼ਾਬਾਦ ਲਈ ਰਵਾਨਾ ਹੋਈਆਂ। ਇਕ ਦੇ ਚੱਲਣ ਦਾ ਸਮਾਂ ਦੁਪਹਿਰ 3 ਵਜੇ ਅਤੇ ਦੂਜੀ ਦਾ 9 ਵਜੇ ਸੀ। ਦੋਵੇਂ ਗੱਡੀਆਂ ਆਪਣੇ ਮਿੱਥੇ ਸਮੇਂ ਤੋਂ ਅੱਧਾ ਘੰਟਾ ਦੇਰੀ ਨਾਲ ਰਵਾਨਾ ਹੋਈਆਂ । ਇਸ ਦਾ ਕਾਰਨ ਇਹ ਸੀ ਕਿ ਦੋਵੇਂ ਰੇਲ ਗੱਡੀਆਂ ਵਿਚ ਯਾਤਰੀ ਪੂਰੇ ਨਹੀਂ ਸਨ। ਬਾਅਦ ਦੁਪਹਿਰ 3 ਵਜੇ ਜਾਣ ਵਾਲੀ ਰੇਲ 'ਚ 57 ਅਤੇ ਰਾਤ 9 ਵਜੇ ਜਾ ਰਹੀ ਰੇਲ ਵਿਚ 392 ਯਾਤਰੀ ਘੱਟ ਸਵਾਰ ਹੋਏ । ਯੂ. ਪੀ. ਜਾਣ ਵਾਲੇ ਯਾਤਰੀਆਂ ਦੀ ਗਿਣਤੀ ਘੱਟ ਹੋਣ ਕਾਰਨ 449 ਟਿਕਟਾਂ ਬੇਕਾਰ ਹੋ ਗਈਆਂ ।
ਕੁਝ ਹੋਰ ਦਿਨ ਵਿਸ਼ੇਸ਼ ਰੇਲ ਗੱਡੀਆਂ ਚੱਲਣ ਦੀ ਸੰਭਾਵਨਾ
ਸੂਤਰਾਂ ਅਨੁਸਾਰ ਲੇਬਰ ਸਪੈਸ਼ਲ ਗੱਡੀਆਂ ਦੇ ਅਜੇ ਲਗਭਗ ਇਕ ਹਫਤਾ ਹੋਰ ਚੱਲਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਰੇਲ ਗੱਡੀਆਂ ਦੀ ਗਿਣਤੀ ਨੂੰ ਘੱਟ ਕੀਤਾ ਜਾ ਸਕਦਾ ਹੈ ਪਰ ਸਰਕਾਰ ਉਨ੍ਹਾਂ ਪ੍ਰਵਾਸੀਆਂ ਨੂੰ ਭੇਜੇਗੀ ਜੋ ਆਪਣੇ ਗ੍ਰਹਿ ਸੂਬਿਆਂ ਨੂੰ ਜਾਣ ਲਈ ਉਤਾਵਲੇ ਹਨ । ਜ਼ਿਕਰਯੋਗ ਹੈ ਕਿ ਜਲੰਧਰ ਤੋਂ ਲਗਭਗ ਇਕ ਲੱਖ ਪ੍ਰਵਾਸੀਆਂ ਨੇ ਪ੍ਰਸ਼ਾਸਨ ਕੋਲ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ਵਿਚੋਂ 70 ਹਜ਼ਾਰ ਤੋਂ ਵੱਧ ਪ੍ਰਵਾਸੀ ਆਪਣੇ ਘਰਾਂ ਨੂੰ ਰਵਾਨਾ ਹੋ ਚੁੱਕੇ ਹਨ ।
ਕਾਫੀ ਰੇਲ ਗੱਡੀਆਂ ਯੂ. ਪੀ. ਲਈ ਹੋ ਚੁੱਕੀਆਂ ਨੇ ਰਵਾਨਾ : ਬਬੀਤਾ ਕਲੇਰ
ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ਵਿਚ ਭੇਜਣ ਲਈ ਨਿਯੁਕਤ ਕੀਤੀ ਗਈ ਨੋਡਲ ਅਫਸਰ ਅਤੇ ਨਿਗਮ ਦੀ ਵਧੀਕ ਕਮਿਸ਼ਨਰ ਬਬੀਤਾ ਕਲੇਰ ਨੇ ਕਿਹਾ ਕਿ ਕਾਫੀ ਰੇਲ ਗੱਡੀਆਂ ਯੂ. ਪੀ. ਲਈ ਰਵਾਨਾ ਹੋ ਚੁੱਕੀਆਂ ਹਨ ਪਰ ਹੁਣ ਕਾਫੀ ਯਾਤਰੀ ਬਿਹਾਰ ਵੱਲ ਜਾ ਰਹੇ ਹਨ, ਜਿਨ੍ਹਾਂ ਲਈ ਰੋਜ਼ਾਨਾ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਯਾਤਰੀਆਂ ਦੀ ਗਿਣਤੀ ਵਿਚ ਕਮੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਲਗਭਗ ਸਾਰੀਆਂ ਰੇਲ ਗੱਡੀਆਂ ਵਿਚ ਪੂਰੀਆਂ ਸਵਾਰੀਆਂ ਜਾ ਰਹੀਆਂ ਹਨ। ਕੁਝ ਰੇਲ ਗੱਡੀਆਂ ਲਈ ਯਾਤਰੀਆਂ ਨਾਲ ਸੰਪਰਕ ਨਾ ਹੋਣ ਕਾਰਨ ਅਜਿਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਟੀਮ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਲੋਕਾਂ ਨਾਲ ਲਗਾਤਾਰ ਸੰਪਰਕ ਕਰ ਰਹੀ ਹੈ । ਬੁੱਧਵਾਰ ਨੂੰ ਸਿਟੀ ਰੇਲਵੇ ਸਟੇਸ਼ਨ ਤੋਂ ਸਿਰਫ 2 ਰੇਲ ਗੱਡੀਆਂ ਚਲਾਉਣ ਦੀ ਸੂਚਨਾ ਮਿਲੀ ਸੀ।।ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਭਾਗਲਪੁਰ ਅਤੇ ਰਾਏਬਰੇਲੀ ਲਈ ਦੁਪਹਿਰ 2 ਵਜੇ ਰੇਲ ਗੱਡੀਆਂ ਚੱਲੀਆਂ। 1200-1200 ਯਾਤਰੀ ਇਨ੍ਹਾਂ ਰੇਲ ਗੱਡੀਆਂ 'ਚ ਰਵਾਨਾ ਹੋਏ।
ਵੈਟਨਰੀ ਯੂਨੀਵਰਸਿਟੀ ਦੇ ਵਿੱਦਿਅਕ ਕੋਰਸ
NEXT STORY