ਭੁਲੱਥ (ਰਜਿੰਦਰ)— ਨੇੜਲੇ ਪਿੰਡ ਬਾਗੜੀਆਂ ਦੇ ਕੋਰੋਨਾ ਪਾਜ਼ੇਟਿਵ ਵਿਅਕਤੀ ਸੋਢੀ ਰਾਮ ਦੀ ਮੌਤ ਤੋਂ ਬਾਅਦ ਇਸ ਵਿਅਕਤੀ ਦੇ ਸੰਪਰਕ 'ਚ ਆਏ ਲੋਕਾਂ ਦੀ ਸੂਚੀ ਬਣਾਉਣ 'ਚ ਸਿਹਤ ਵਿਭਾਗ ਦੀਆਂ ਟੀਮਾਂ ਜੁੱਟੀਆਂ ਹੋਈਆਂ ਹਨ। ਜਿਸ ਦੇ ਤਹਿਤ ਹੁਣ ਤੱਕ ਬਣਾਈ ਸੂਚੀ ਮੁਤਾਬਕ ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਪਿੰਡ ਬਾਗੜੀਆਂ ਤੇ ਭੁਲੱਥ ਸ਼ਹਿਰ 'ਚੋਂ ਕੁੱਲ 23 ਲੋਕਾਂ ਦੇ ਕੋਰੋਨਾ ਦੇ ਸਵੈਬ ਟੈਸਟ ਲਈ ਸੈਂਪਲ ਲਏ ਹਨ।
ਜ਼ਿਕਰਯੋਗ ਹੈ ਕਿ ਲੰਘੇ ਸ਼ਨੀਵਾਰ 16 ਮਈ ਨੂੰ ਰਾਤ ਸਮੇਂ ਬਾਗੜੀਆਂ ਦੇ ਵਿਅਕਤੀ ਸੋਢੀ ਰਾਮ ਦੀ ਜਲੰਧਰ ਦੇ ਸਿਵਲ ਹਸਪਤਾਲ 'ਚ ਮੌਤ ਹੋਈ ਸੀ। ਜਿਸ ਨੂੰ ਪਰਿਵਾਰ ਵੱਲੋਂ ਪਹਿਲਾਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਸੀ ਪਰ ਨਿੱਜੀ ਹਸਪਤਾਲ ਨੇ ਮਰੀਜ਼ ਨੂੰ ਸਿਵਲ ਹਸਪਤਾਲ ਜਲੰਧਰ ਲਿਜਾਣ ਲਈ ਕਿਹਾ ਸੀ। ਜਿਸ ਤੋਂ ਬਾਅਦ ਉਸੇ ਦਿਨ ਰਾਤ ਨੂੰ ਮਰੀਜ਼ ਦੀ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਕੀਤੇ ਟੈਸਟ ਦੌਰਾਨ ਮ੍ਰਿਤਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ।
ਇਥੇ ਇਹ ਦੱਸਣਯੋਗ ਹੈ ਕਿ ਬਾਗੜੀਆਂ ਦੇ ਕੋਰੋਨਾ ਮ੍ਰਿਤਕ ਵਿਅਕਤੀ ਨੂੰ 16 ਮਈ ਨੂੰ ਇਲਾਜ ਲਈ ਜਲੰਧਰ ਤਾਂ ਲਿਜਾਇਆ ਗਿਆ ਸੀ ਪਰ ਇਸ ਤੋਂ ਪਹਿਲਾਂ 14 ਮਈ ਨੂੰ ਭੁਲੱਥ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਹਸਪਤਾਲ ਦੇ ਬਾਹਰ ਹੀ ਡਾਕਟਰ ਨੇ ਸੋਢੀ ਦੀ ਹਾਲਤ ਦੇਖ ਕੇ ਉਸ ਦਾ ਇਲਾਜ ਪਹਿਲਾਂ ਜਿਥੋਂ ਚੱਲਦਾ ਉਥੇ ਜਾਣ ਬਾਰੇ ਸਲਾਹ ਦਿੱਤੀ ਸੀ। ਜਿਸ ਕਰਕੇ ਇਸ ਹਸਪਤਾਲ ਦੇ ਡਾਕਟਰ ਅਤੇ ਸਟਾਫ ਦੇ ਸੈਂਪਲ ਵੀ ਲਏ ਗਏ ਹਨ।
ਮ੍ਰਿਤਕ ਦੇ ਸੰਪਰਕ 'ਚ ਆਏ ਹੋਰ ਲੋਕਾਂ ਨੂੰ ਕੀਤਾ ਰਿਹਾ ਟ੍ਰੇਸ: ਸਿਵਲ ਸਰਜਨ ਕਪੂਰਥਲਾ
ਇਸ ਸਬੰਧੀ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਸਿਆ ਕਿ ਕੋਰੋਨਾ ਪਾਜ਼ੇਟਿਵ ਮ੍ਰਿਤਕ ਵਿਅਕਤੀ ਸੋਢੀ ਰਾਮ ਨਾਲ ਸੰਬੰਧਤ ਅੱਜ 23 ਲੋਕਾਂ ਦੇ ਸੈਂਪਲ ਲਏ ਗਏ ਹਨ। ਜਿਸ 'ਚੋਂ 16 ਸੈਂਪਲ ਪਿੰਡ ਬਾਗੜੀਆਂ ਤੋਂ ਲਏ ਗਏ, ਜਿਨ੍ਹਾਂ 'ਚ 6 ਪਰਿਵਾਰਕ ਮੈਂਬਰ ਅਤੇ 10 ਹੋਰ ਲੋਕ ਸ਼ਾਮਲ ਹਨ। ਜਦਕਿ ਭੁਲੱਥ ਦੇ ਇਕ ਨਿੱਜੀ ਹਸਪਤਾਲ ਤੋਂ ਡਾਕਟਰ ਸਮੇਤ 5 ਲੋਕਾਂ ਦੇ ਸੈਂਪਲ ਅਤੇ 2 ਹੋਰ ਸੈਂਪਲ ਲਏ ਗਏ ਹਨ। ਡਾ. ਬਾਵਾ ਨੇ ਦੱਸਿਆ ਕਿ ਕੋਰੋਨਾ ਟੈਸਟ ਦੀ ਰਿਪੋਰਟ ਆਉਣ ਤੱਕ ਨਿੱਜੀ ਹਸਪਤਾਲ ਦੇ ਡਾਕਟਰ ਅਤੇ ਸਬੰਧਤ ਸਟਾਫ ਨੂੰ ਘਰ 'ਚ ਰਹਿਣ ਲਈ ਕਿਹਾ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਨੂੰ ਵੀ ਘਰ 'ਚ ਰਹਿਣ ਦੀ ਹਦਾਇਤ ਕੀਤੀ ਗਈ ਹੈ। ਡਾ. ਬਾਵਾ ਨੇ ਹੋਰ ਦਸਿਆ ਕਿ ਮ੍ਰਿਤਕ ਦੇ ਸੰਪਰਕ 'ਚ ਆਏ ਹੋਰ ਲੋਕਾਂ ਨੂੰ ਵੀ ਟ੍ਰੇਸ ਕੀਤਾ ਜਾ ਰਿਹਾ ਹੈ।
ਅੰਮ੍ਰਿਤਸਰ 'ਚ ਕੋਰੋਨਾ ਦੇ ਤਿੰਨ ਹੋਰ ਮਾਮਲੇ, ਬਾਹਰੀ ਸੂਬਿਆਂ ਤੋਂ ਆਏ ਵਿਅਕਤੀ ਆਏ ਰਹੇ ਪਾਜ਼ੇਟਿਵ
NEXT STORY