ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲਾ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਜਦੋਂ ਜ਼ਿਲੇ ਨੂੰ ਕੋਰੋਨਾ ਦੇ ਪਰਛਾਵੇਂ 'ਚੋਂ ਬਾਹਰ ਕੱਢਣ ਲਈ ਯਤਨਸ਼ੀਲ ਸਨ ਤਾਂ ਦੂਜੇ ਪਾਸੇ ਜ਼ਿਲੇ ਦੇ ਦੋ ਸਰਕਾਰੀ ਹਸਪਤਾਲਾਂ, ਬਲਾਚੌਰ ਅਤੇ ਰਾਹੋਂ 'ਚ ਨਵ-ਜੰਮਿਆਂ ਦੀਆਂ ਕਿਲਕਾਰੀਆਂ ਗੂੰਜ ਰਹੀਆਂ ਸਨ। ਜ਼ਿਲਾ ਹਸਪਤਾਲ ਨਵਾਂਸ਼ਹਿਰ ਨੂੰ ਕੋਰੋਨਾ ਪੀੜਤਾਂ ਦੇ ਇਲਾਜ ਲਈ ਰਾਖਵਾਂ ਕਰ ਦਿੱਤੇ ਜਾਣ ਬਾਅਦ ਸਿਹਤ ਵਿਭਾਗ ਵੱਲੋਂ ਸਬ ਡਿਵੀਜ਼ਨ ਹਸਪਤਾਲ ਬਲਾਚੌਰ ਅਤੇ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਜਣੇਪਾ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਸਨ।
ਇਸ ਲਾਕਡਾਊਨ ਪੀਰੀਅਡ ਦੌਰਾਨ ਜਿੱਥੇ ਬਲਾਚੌਰ ਦੇ ਸਰਕਾਰੀ ਹਸਪਤਾਲ 'ਚ 145 ਨਵ-ਜੰਮੇ ਬੱਚਿਆਂ ਨੇ ਅੱਖਾਂ ਖੋਲ੍ਹੀਆਂ, ਉੱਥੇ ਹੀ ਰਾਹੋਂ 'ਚ ਲਾਕ ਡਾਊਨ ਸਮੇਂ ਤੋਂ ਹੁਣ ਤੱਕ 32 ਨਵ-ਜੰਮੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ। ਇਸੇ ਤਰ੍ਹਾਂ ਮੁਕੰਦਪੁਰ ਦੇ ਸਰਕਾਰੀ ਹਸਪਤਾਲ 'ਚ 21 ਅਤੇ ਬੰਗਾ ਦੇ ਸਰਕਾਰੀ ਹਸਪਤਾਲ 'ਚ 9 ਘਰਾਂ 'ਚ ਨਵੇਂ ਜੀਆਂ ਦੀ ਆਮਦ ਨਾਲ ਖੁਸ਼ੀਆਂ ਦੀ ਛਹਿਬਰ ਲੱਗੀ।
ਐੱਮ. ਐੱਮ. ਓ. ਬਲਾਚੌਰ ਡਾ. ਰਵਿੰਦਰ ਕੁਮਾਰ ਠਾਕੁਰ ਅਨੁਸਾਰ ਜ਼ਿਲਾ ਹਸਪਤਾਲ ਨਵਾਂਸ਼ਹਿਰ ਆਈਸੋਲੇਸ਼ਨ ਵਾਰਡ 'ਚ ਤਬਦੀਲ ਹੋਣ ਕਾਰਨ, ਬਲਾਚੌਰ ਸਬ ਡਿਵੀਜ਼ਨਲ ਹਸਪਤਾਲ ਹੋਣ ਕਾਰਨ ਅਤੇ ਬਲਾਚੌਰ ਦਾ ਸਮੁੱਚਾ ਇਲਾਕਾ ਇਸੇ ਹਸਪਤਾਲ 'ਤੇ ਇਲਾਜ ਲਈ ਨਿਰਭਰ ਹੋਣ ਕਾਰਨ ਅਤੇ ਤੀਜਾ ਜ਼ਿਲੇ ਦੀ ਜ਼ਿਆਦਾਤਰ ਓ. ਪੀ. ਡੀ. ਦਾ ਭਾਰ ਵੀ ਇਥੇ ਹੀ ਪੈਣ ਕਾਰਨ, ਉਨ੍ਹਾਂ ਅਤੇ ਸਟਾਫ ਲਈ ਜਣੇਪੇ ਕਰਵਾਉਣਾ ਕਿਸੇ ਚਣੌਤੀ ਤੋਂ ਘੱਟ ਨਹੀਂ ਸੀ। ਉਨ੍ਹਾਂ ਦੇ ਹਸਪਤਾਲ ਦੇ ਪ੍ਰਤੀਬੱਧ ਸਟਾਫ ਨੇ ਜ਼ਿਲੇ 'ਤੇ ਪਈ ਇਸ ਮੁਸ਼ਕਿਲ ਦੀ ਘੜੀ 'ਚ ਆਪਣਾ ਫਰਜ਼ ਬਾਖੂਬੀ ਨਿਭਾਇਆ।
ਹਸਪਤਾਲ 'ਚ 23 ਮਾਰਚ ਤੋਂ 24 ਅਪ੍ਰੈਲ ਤੱਕ ਹੋਏ 145 ਜਣੇਪਿਆਂ 'ਚੋਂ 103 ਆਮ ਸਨ ਜਦਕਿ 42 'ਚ ਸੀਜੇਰੀਅਨ ਸਨ ਪਰ ਗਾਇਨੀ ਡਾ. ਦੁਪਾਲੀ, ਡਾ. ਮਨਦੀਪ ਕਮਲ, ਬੇਹੋਸ਼ੀ ਮਾਹਿਰ ਡਾ. ਸੁਖਜੀਤ ਪਾਲ ਕੌਰ, ਬੱਚਿਆਂ ਦੇ ਮਾਹਿਰ ਡਾ. ਦਵਿੰਦਰ ਅਤੇ ਨਰਸਿੰਗ ਸਟਾਫ ਨੇ ਪੂਰੇ ਪੇਸ਼ੇਵਰ ਤਰੀਕੇ ਅਤੇ ਮਾਨਵੀ ਸੰਵੇਦਨਾ ਨਾਲ ਇਨ੍ਹਾਂ ਨੂੰ ਸਿਰੇ ਚੜ੍ਹਾਇਆ ਗਿਆ।
ਕਮਿਊਨਿਟੀ ਹੈਲਥ ਸੈਂਟਰ ਰਾਹੋਂ ਦੇ ਐੱਸ. ਐੱਮ. ਓ. ਡਾ. ਊਸ਼ਾ ਕਿਰਨ ਦੱਸਦੇ ਹਨ ਕਿ ਜ਼ਿਲਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਬਣਨ ਬਾਅਦ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਵੱਲੋਂ ਓ. ਪੀ. ਡੀ ਅਤੇ ਜਣੇਪਿਆਂ ਲਈ ਨਿਰਧਾਰਤ ਕੀਤੇ ਗਏ ਹਸਪਤਾਲਾਂ 'ਚ ਉਨ੍ਹਾਂ ਦਾ ਹਸਪਤਾਲ ਵੀ ਸ਼ਾਮਲ ਕੀਤਾ ਗਿਆ ਸੀ। ਲਾਕ ਡਾਊਨ ਪੀਰੀਅਡ ਹੋਣ ਕਾਰਨ ਅਤੇ ਕੋਰੋਨਾ ਦੀ ਦਹਿਸ਼ਤ ਦਾ ਪਰਛਾਵਾਂ ਹੋਣ ਕਾਰਨ ਜਦੋਂ ਡਾਕਟਰ ਦਾ ਮਰੀਜ਼ਾਂ ਨੇੜੇ ਆਉਣਾ ਖਤਰਨਾਕ ਸਮਝਿਆ ਜਾਣ ਲੱਗ ਪਿਆ ਸੀ ਤਾਂ ਵੀ ਉਨ੍ਹਾਂ ਦੇ ਮਿਹਨਤੀ ਸਟਾਫ ਨੇ ਆਪਣੇ ਫਰਜ਼ਾਂ ਦੀ ਪੂਰਤੀ ਕਰਦਿਆਂ ਲਾਕ ਡਾਊਨ ਦੌਰਾਨ 32 ਜਣੇਪੇ ਕਰਵਾਏ ਅਤੇ ਉਹ ਵੀ ਸਾਰੇ ਨਾਰਮਲ (ਬਿਨਾਂ ਸੀਜੇਰੀਅਨ) ਢੰਗ ਨਾਲ।
ਡਾ. ਰਬਿੰਦਰ ਸਿੰਘ ਐੱਸ. ਐੱਮ. ਓ. ਕਮਿਊਨਿਟੀ ਹੈਲਥ ਸੈਂਟਰ ਮੁਕੰਦਪੁਰ ਦੱਸਦੇ ਹਨ ਕਿ ਉਨ੍ਹਾਂ ਦਾ ਹਸਪਤਾਲ ਵੀ ਕੋਵਿਡ ਕਾਰਨ ਕੀਤੇ ਗਏ ਲਾਕਡਾਊਨ ਦੌਰਾਨ ਓ. ਪੀ. ਡੀ. ਅਤੇ ਜਣੇਪਾ ਸੇਵਾਵਾਂ ਦੇਣ ਲਈ ਨਿਰਧਾਰਿਤ ਕੀਤਾ ਗਿਆ ਸੀ। ਇਸ ਸਮੇਂ ਦੌਰਾਨ 23 ਮਾਰਚ ਤੋਂ 24 ਅਪ੍ਰੈਲ ਤੱਕ 21 ਜਣੇਪੇ ਨਾਰਮਲ ਢੰਗ ਨਾਲ ਕਰਵਾਏ ਗਏ ਅਤੇ ਕੋਰੋਨਾ ਦੀ ਦਹਿਸ਼ਤ ਦੇ ਮਾਹੌਲ 'ਚ ਵੀ ਸਟਾਫ ਨੇ ਆਪਣੀ ਡਿਊਟੀ ਪ੍ਰਤੀ ਪੂਰਣ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ: ਜਲੰਧਰ: ਹੈਨਰੀ ਪਰਿਵਾਰ ਦਾ 'ਕੁਆਰੰਟਾਈਨ' ਪੀਰੀਅਡ ਖਤਮ, ਹੁਣ ਕਰਨਗੇ ਲੋਕਾਂ ਦੀ ਸੇਵਾ
ਸੀ. ਐੱਚ. ਸੀ. ਬੰਗਾ ਦੀ ਐੱਸ. ਐੱਮ. ਓ ਡਾ. ਕਵਿਤਾ ਭਾਟੀਆ ਅਨੁਸਾਰ ਉਨ੍ਹਾਂ ਦੇ ਹਸਪਤਾਲ 'ਚ ਮਹਿਲਾ ਰੋਗਾਂ ਦੀ ਮਾਹਿਰ ਦੇ ਛੁੱਟੀ 'ਤੇ ਹੋਣ ਦੇ ਬਾਵਜੂਦ 9 ਜਣੇਪੇ ਕਰਵਾਏ ਗਏ ਅਤੇ ਹੁਣ ਡਾਕਟਰ ਦੇ ਛੁੱਟੀ ਤੋਂ ਵਾਪਸ ਆਉਣ ਨਾਲ ਇਨ੍ਹਾਂ 'ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਸੁਖਵਿੰਦਰ ਅਨੁਸਾਰ ਇਕ ਪਾਸੇ ਜ਼ਿਲੇ ਦਾ ਸਮੁੱਚਾ ਮੈਡੀਕਲ ਅਮਲਾ ਜਦੋਂ ਕੋਵਿਡ ਨਾਲ ਜੂਝ ਰਿਹਾ ਸੀ ਤਾਂ ਦੂਜੇ ਪਾਸੇ ਜ਼ਿਲੇ ਦੇ ਸਰਕਾਰੀ ਹਸਪਤਾਲ ਆਪਣੀ ਆਮ ਲੋਕਾਂ ਨੂੰ ਇਲਾਜ ਦੇਣ ਦੀ ਜ਼ਿੰਮੇਵਾਰੀ ਵੀ ਤਨਦੇਹੀ ਨਾਲ ਨਿਭਾਅ ਰਹੇ ਸਨ, ਜੋ ਕਿ ਇਨ੍ਹਾਂ ਦੀ ਸੰਕਟਕਾਲੀਨ ਸਮੇਂ 'ਚ ਮਨੁੱਖਤਾ ਨੂੰ ਸਭ ਤੋਂ ਵੱਡੀ ਦੇਣ ਹੈ।
ਮੰਤਰੀ ਸਰਕਾਰੀਆ ਨੇ ਬੈਂਕ 'ਚ ਮਾਰਿਆ ਅਚਨਚੇਤ ਛਾਪਾ
NEXT STORY