ਨਵਾਂਸ਼ਹਿਰ (ਜੋਬਨਪ੍ਰੀਤ, ਮਨੋਰੰਜਨ)—ਜ਼ਿਲਾ ਪੁਲਸ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ 'ਚ ਬਾਹਰੋਂ ਆਉਣ ਵਾਲੇ ਵਿਅਕਤੀਆਂ 'ਤੇ ਕੋਵਿਡ-19 ਦੇ ਮੱਦੇਨਜ਼ਰ ਨਿਗਰਾਨੀ ਰੱਖਣ ਲਈ ਅੱਜ 'ਸਟੋਪ' ਕੋਵਿਡ-19 (ਸਰਵੇਲੈਂਸ ਆਫ ਟ੍ਰੈਵਲਰਜ਼ ਆਨਲਾਈਨ ਪੋਰਟਲ) ਐਪ ਜਾਰੀ ਕੀਤੀ ਹੈ। ਇਸ ਦੇ ਤਹਿਤ ਜ਼ਿਲਾ ਪੁਲਸ ਦੇ ਸਾਰੇ 14 ਨਾਕਿਆਂ 'ਤੇ ਟੈਬ ਰਾਹੀਂ ਬਾਹਰੋਂ ਆਉਣ ਵਾਲੇ ਵਿਅਕਤੀਆਂ ਦਾ ਇਲੈਕਟ੍ਰਾਨਿਕ ਫਾਰਮ 'ਚ ਡਾਟਾ ਰੱਖਿਆ ਜਾਵੇਗਾ।
ਐਪ ਬਾਹਰ ਦੇ ਵਿਅਕਤੀਆਂ ਨੂੰ ਕੁਆਰੰਟਾਈਨ ਕਰਨ 'ਚ ਹੋਵੇਗੀ ਮਦਦਗਾਰ ਸਾਬਤ
ਅੱਜ ਸ਼ਾਮ ਆਪਣੇ ਦਫਤਰ ਵਿਖੇ ਇਸ ਪੋਰਟਲ ਨੂੰ ਜਾਰੀ ਕਰਦਿਆਂ ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਜ਼ਿਲਾ ਮੈਜਿਸਟ੍ਰੇਟ ਵੱਲੋਂ ਹਰੇਕ ਆਉਣ ਵਾਲੇ ਵਿਅਕਤੀ ਦੀ ਕੋਵਿਡ ਦੇ ਮੱਦੇਨਜ਼ਰ ਮੈਡੀਕਲ ਸਕ੍ਰੀਨਿੰਗ ਲਾਜ਼ਮੀ ਕਰਨ ਮੌਕੇ ਉਸ ਦੀ ਸਾਰੀ ਜਾਣਕਾਰੀ ਦਾ ਇੰਦਰਾਜ਼ ਰਜਿਸਟਰ 'ਚ ਕਰਨ ਲਈ ਵੀ ਕਿਹਾ ਗਿਆ ਸੀ। ਜ਼ਿਲਾ ਪੁਲਸ ਵੱਲੋਂ ਇਸ ਨੂੰ ਹੋਰ ਸੁਖਾਲਾ ਬਣਾਉਂਦੇ ਹੋਏ ਇਹ ਸਾਫਟਵੇਅਰ ਵਿਕਸਿਤ ਕਰਵਾਇਆ ਗਿਆ, ਜਿਸ ਨਾਲ ਹੁਣ ਹਰੇਕ ਵਿਅਕਤੀ ਦਾ ਡਾਟਾ ਆਨਲਾਈਨ ਹੀ ਭਰ ਲਿਆ ਜਾਵੇਗਾ ਅਤੇ ਟੈਬ 'ਤੇ ਭਰਨ ਦੇ ਨਾਲ ਹੀ ਉਨ੍ਹਾਂ ਕੋਲ ਅਤੇ ਹੋਰ ਪੁਲਸ ਅਧਿਕਾਰੀਆਂ ਕੋਲ ਇਸ ਦੀ ਨਾਲ ਦੀ ਨਾਲ ਜਾਣਕਾਰੀ ਆਉਂਦੀ ਰਹੇਗੀ।
ਉਨ੍ਹਾਂ ਇਸ ਮੌਕੇ ਆਨਲਾਈਨ ਪੋਰਟਲ 'ਤੇ ਜ਼ਿਲੇ ਦੇ ਵੱਖ-ਵੱਖ ਨਾਕਿਆਂ 'ਤੇ ਭਰੀ ਜਾ ਰਹੀ ਜਾਣਕਾਰੀ ਦਿਖਾਉਂਦਿਆਂ ਦੱਸਿਆ ਕਿ ਇਸ ਨਾਲ ਜ਼ਿਲਾ ਪੁਲਸ ਨੂੰ ਨਾਕਿਆਂ ਤੋਂ ਹੀ ਇਹ ਜਾਣਕਾਰੀ ਮਿਲ ਜਾਵੇਗੀ ਕਿ ਕਿਹੜਾ ਵਿਅਕਤੀ ਦੂਜੇ ਰਾਜ 'ਚੋਂ ਆਇਆ ਹੈ ਅਤੇ ਕਿਹੜਾ ਨਾਲ ਦੇ ਜ਼ਿਲੇ 'ਚੋਂ ਆਇਆ ਹੈ। ਇਹ ਐਪ ਉਨ੍ਹਾਂ ਵਿਅਕਤੀਆਂ ਜਿਹੜੇ ਬਿਨਾਂ ਪਾਸ ਤੋਂ ਬਾਹਰੋਂ ਜ਼ਿਲੇ 'ਚ ਦਾਖਲ ਹੋ ਰਹੇ ਹਨ, ਨੂੰ ਉਨ੍ਹਾਂ ਕੁਆਰੰਟਾਈਨ ਕਰਵਾਉਣ 'ਚ ਮਦਦਗਾਰ ਸਿੱਧ ਹੋਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲੇ 'ਚ ਸਥਿਤ ਇਨ੍ਹਾਂ 14 ਨਾਕਿਆਂ 'ਚ ਨਵਾਂਸ਼ਹਿਰ ਸਬ ਡਿਵੀਜ਼ਨ 'ਚ ਫਿਲੌਰ ਨਵਾਂਸ਼ਹਿਰ ਰੋਡ 'ਤੇ ਚੱਕਦਾਨਾ, ਮੱਤੇਵਾਵਾਂ ਪੁੱਲ, ਮਾਛੀਵਾੜਾ-ਰਾਹੋਂ ਪੁੱਲ 'ਤੇ ਕਨੌਣ, ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਅਲਾਚੌਰ, ਬੰਗਾ ਸਬ ਡਵੀਜ਼ਨ 'ਚ ਬੇਈਂ ਪੁੱਲ 'ਤੇ ਕਟਾਰੀਆਂ, ਫ਼ਗਵਾੜਾਂ-ਬੰਗਾ ਰੋਡ 'ਤੇ ਮੇਹਲੀ, ਗੜ੍ਹਸ਼ੰਕਰ-ਬੰਗਾ ਰੋਡ 'ਤੇ ਕੋਟ ਪੱਤੀ, ਬੱਸ ਅੱਡਾ ਚਾਹਲ ਕਲਾਂ, ਬਲਾਚੌਰ ਸਬ ਡਵੀਜ਼ਨ 'ਚ ਬਲਾਚੌਰ-ਰੋਪੜ ਰੋਡ 'ਤੇ ਆਸਰੋਂ, ਗੜ੍ਹਸ਼ੰਕਰ-ਬਲਾਚੌਰ ਰੋਡ 'ਤੇ ਬਕਾਪੁਰ, ਸ੍ਰੀ ਆਨੰਦਪੁਰ ਸਾਹਿਬ-ਪੋਜੇਵਾਲ ਰੋਡ 'ਤੇ ਸਿੰਘਪੁਰ, ਨਵਾਂਗਰਾਂ, ਨੈਣਵਾਂ ਰੋਡ 'ਤੇ ਟਰੋਵਾਲ ਅਤੇ ਭੱਦੀ ਅੱਡੇ 'ਤੇ ਭੱਦੀ ਸ਼ਾਮਲ ਹਨ।
ਐੱਸ. ਐੱਸ. ਪੀ. ਅਨੁਸਾਰ ਨਾਕਿਆਂ 'ਤੇ ਹੀ ਜ਼ਿਲੇ 'ਚ ਦਾਖਲ ਹੋਣ ਵਾਲੇ ਦੀ ਜਾਣਕਾਰੀ ਆਨਲਾਈਨ ਹੋਣ ਨਾਲ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਵੱਡੀ ਸੁਵਿਧਾ ਮਿਲ ਗਈ ਹੈ, ਜਿਸ ਨਾਲ ਹਰ ਇਕ ਵਿਅਕਤੀ ਦੇ ਕਿੱਥੋਂ ਆਇਆ ਅਤੇ ਕਿੱਥੇ ਜਾਣਾ ਹੈ, ਬਾਰੇ ਵੀ ਜਾਣਕਾਰੀ ਮਿਲ ਸਕੇਗੀ। ਇਸ ਜਾਣਕਾਰੀ ਦੇ ਆਧਾਰ 'ਤੇ ਪੁਲਸ ਵੱਲੋਂ ਆਪਣੀਆਂ ਪੈਟਰੋਲਿੰਗ ਪਾਰਟੀਆਂ ਰਾਹੀਂ ਉਸ ਵਿਅਕਤੀ ਦੇ ਕੁਆਰਨਟਾਈਨ ਹੋਣ ਬਾਰੇ ਵੀ ਯਕੀਨੀ ਬਣਾਇਆ ਜਾਵ ਸਕੇਗਾ। ਇਸ ਮੌਕੇ ਐੱਸ. ਪੀ. (ਡੀ) ਵਜ਼ੀਰ ਸਿੰਘ ਖਹਿਰਾ, ਡੀ. ਐੱਸ. ਪੀ. (ਸਪੈਸ਼ਲ ਬ੍ਰਾਂਚ ਅਤੇ ਟ੍ਰੈਫਿਕ) ਦੀਪਿਕਾ ਸਿੰਘ ਅਤੇ ਡੀ. ਐੱਸ. ਪੀ (ਐੱਚ) ਨਵਨੀਤ ਕੌਰ ਗਿੱਲ ਵੀ ਮੌਜੂਦ ਸਨ।
ਖੇਡ ਰਤਨ ਪੰਜਾਬ ਦੇ : ਸਵਾ ਸਦੀ ਦਾ ਮਾਣ, ਸੁਨਹਿਰਾ ਨਿਸ਼ਾਨਚੀ ‘ਅਭਿਨਵ ਬਿੰਦਰਾ’
NEXT STORY