ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ 101 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 8 ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਕਈ ਲੋਕਾਂ ਨੇ ਇਸ 'ਤੇ ਫਤਿਹ ਵੀ ਹਾਸਲ ਕੀਤੀ ਹੈ। ਨਵਾਂਸ਼ਹਿਰ 'ਚ ਕੋਰੋਨਾ ਨਾਲ ਮਰੇ ਬਲਦੇਵ ਸਿੰਘ ਦੇ ਪੁੱਤਰ ਫਤਿਹ ਸਿੰਘ ਨੇ ਇਸ ਬੀਮਾਰੀ 'ਤੇ ਜਿੱਤ ਹਾਸਲ ਕੀਤੀ ਹੈ।
ਇਸ ਦੇ ਇਲਾਵਾ ਕੋਵਿਡ-19 ਨਾਲ ਜੰਗ ਲੜ ਰਹੇ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲਾ ਪ੍ਰਸ਼ਾਸਨ ਅਤੇ ਲੋਕਾਂ ਨੂੰ ਬੀਤੇ ਦਿਨ ਜ਼ਿਲਾ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ 'ਚੋਂ 8 ਮਰੀਜ਼ਾਂ ਦੇ ਸਿਹਤਯਾਬ ਹੋ ਕੇ ਨਿਕਲਣ ਨਾਲ ਵੱਡੀ ਸਫਲਤਾ ਮਿਲੀ ਹੈ।
ਇਹ ਵੀ ਪੜ੍ਹੋ : ਆਦਮਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਕੋਰੋਨਾ ਨਾਲ ਨਿਊਯਾਰਕ 'ਚ ਮੌਤ
ਕੋਰੋਨਾ ਮੁਕਤ ਹੋਣ ਵਾਲੇ ਮਰੀਜ਼
ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਪਾਏ ਗਏ ਮਰੀਜ਼ਾਂ 'ਚ ਫਤਿਹ ਸਿੰਘ (35), ਮਨਜਿੰਦਰ ਸਿੰਘ (2), ਕਿਰਨਪ੍ਰੀਤ ਕੌਰ (12), ਹਰਪਾਲ ਸਿੰਘ (48), ਦਲਜਿੰਦਰ ਸਿੰਘ (60), ਗੁਰਬਚਨ ਸਿੰਘ (78), ਹਰਪ੍ਰੀਤ ਕੌਰ (18) ਅਤੇ ਗੁਰਲੀਨ ਕੌਰ (8) ਨੂੰ ਬੀਤੇ ਦਿਨ ਦੂਜਾ ਟੈਸਟ ਨੈਗੇਟਿਵ ਆਉਣ 'ਤੇ ਕੋਰੋਨਾ ਮੁਕਤ ਐਲਾਨਿਆ ਗਿਆ ਹੈ, ਜਦਕਿ ਆਈਸੋਲੇਸ਼ਨ ਵਾਰਡ 'ਚ ਇਲਾਜ ਅਧੀਨ ਇੰਦਰਪ੍ਰੀਤ ਸਿੰਘ (10) ਅਤੇ ਮਨਜਿੰਦਰ ਸਿੰਘ (6) ਦੇ ਪਹਿਲੇ ਟੈਸਟ ਨੈਗੇਟਿਵ ਆਉਣ ਉਪਰੰਤ ਬੁੱਧਵਾਰ ਨੂੰ ਆਉਣ ਵਾਲੇ ਦੂਜੇ ਟੈਸਟ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਵਾਇਰਸ ਨੇ ਫੜੀ ਤੇਜ਼ੀ, ਜਲੰਧਰ 'ਚ ਇਕ ਹੋਰ ਪਾਜ਼ੀਟਿਵ ਕੇਸ ਆਇਆ ਸਾਹਮਣੇ
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਤੇ ਐੱਸ. ਐੱਸ. ਪੀ. ਅਲਕਾ ਮੀਨਾ ਨੇ ਆਈਸੋਲੇਸ਼ਨ ਵਾਰਡ 'ਚੋਂ ਬਾਹਰ ਆਏ ਇਨ੍ਹਾਂ ਸਾਰੇ ਵਿਅਕਤੀਆਂ/ਬੱਚਿਆਂ ਨੂੰ ਫੁੱਲ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਵੱਲੋਂ ਬੀਮਾਰੀ ਨਾਲ ਲੜਨ ਲਈ ਦਿਖਾਏ ਲਦਸਾਨੀ ਹੌਂਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਆਈਸੋਲੇਸ਼ਨ 'ਚ ਇਲਾਜ ਅਧੀਨ ਸਮੂਹ ਕੋਵਿਡ-19 ਮਰੀਜ਼ਾਂ ਨੂੰ ਆਪਣੇ ਵੱਲੋਂ ਚੰਗੀ ਸਾਂਭ-ਸੰਭਾਲ ਦੇਣ ਦਾ ਉਪਰਾਲਾ ਕੀਤਾ ਗਿਆ ਤਾਂ ਜੋ ਉਹ ਜਲਦ ਸਿਹਤਯਾਬ ਹੋ ਸਕਣ।
ਉਨ੍ਹਾਂ ਕਿਹਾ ਕਿ ਬਾਬਾ ਬਲਦੇਵ ਸਿੰਘ ਦੀ ਮੌਤ ਬਾਅਦ 18 ਮਰੀਜ਼ਾਂ ਦੇ ਇਕ ਦਮ ਆਈਸੋਲੇਸ਼ਨ 'ਚ ਆਉਣ ਨਾਲ ਜ਼ਿਲੇ 'ਚ ਕੋਵਿਡ-19 ਕਾਰਨ ਬਣੇ ਦਹਿਸ਼ਤ ਦੇ ਮਾਹੌਲ ਨੂੰ ਇਨ੍ਹਾਂ 8 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਠੱਲ੍ਹ ਪਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਅਗਲੇ ਦਿਨਾਂ 'ਚ ਪ੍ਰਮਾਤਮਾ ਦੀ ਕਿਰਪਾ ਨਾਲ ਬਾਕੀ ਮਰੀਜ਼ ਵੀ ਸਿਹਤਯਾਬ ਹੋ ਕੇ ਬਾਹਰ ਨਿਕਲਣਗੇ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖਬਰ, ਡੀ. ਸੀ. ਨੇ ਜਾਰੀ ਕੀਤੇ ਇਹ ਨਵੇਂ ਹੁਕਮ
ਉਨ੍ਹਾਂ ਨੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਨਾਲ ਲੜੀ ਜਾ ਰਹੀ ਜੰਗ 'ਚ ਅਵੇਸਲੇ ਨਾ ਹੋਣ ਸਗੋਂ ਘਰਾਂ 'ਚ ਰਹਿਣ, ਹੱਥ ਵਾਰ-ਵਾਰ ਧੋਣ, ਭੀੜ ਤੋਂ ਦੂਰੀ ਰੱਖਣ ਅਤੇ ਇੱਕ ਦੂਸਰੇ ਤੋਂ ਵੀ ਡੇਢ ਮੀਟਰ ਦਾ ਫ਼ਾਸਲਾ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਹੁਣ ਜਦੋਂ ਜ਼ਿਲਾ ਬਹੁਤ ਹੀ ਮੁਸ਼ਕਿਲਾਂ ਨੂੰ ਸਰ ਕਰਕੇ ਅੱਗੇ ਵੱਧ ਰਿਹਾ ਹੈ ਤਾਂ ਸਾਡੇ ਇਹਤਿਆਤ ਰੱਖਣ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ।
ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਨੂਰਪੁਰਬੇਦੀ 'ਚ ਫੈਲੀ ਇਹ ਝੂਠੀ ਅਫਵਾਹ, ਕਰਾਉਣੀਆਂ ਪਈਆਂ ਅਨਾਊਂਸਮੈਂਟਾਂ
ਐੱਸ. ਐੱਸ. ਪੀ. ਅਲਕਾ ਮੀਨਾ ਨੇ ਸਮੂਹ ਸਿਹਤਯਾਬ ਹੋਏ ਵਿਅਕਤੀਆਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਵੱਲੋਂ ਬੀਮਾਰੀ ਨਾਲ ਲੜਨ ਲਈ ਦਿਖਾਏ ਅਸਾਧਾਰਨ ਹੌਂਸਲੇ ਦੀ ਪ੍ਰਸ਼ੰਸਾ ਕੀਤੀ। ਬਾਅਦ ਵਿੱਚ ਡਿਪਟੀ ਕਮਿਸ਼ਨਰ ਨੇ ਹਸਪਤਾਲ ਦੇ ਮੈਡੀਕਲ ਸਟਾਫ਼ ਅਤੇ ਸਿਹਤ ਵਿਭਾਗ ਦੇ ਜ਼ਿਲਾ ਅਧਿਕਾਰੀਆਂ ਵੱਲੋਂ ਕੋਵਿਡ-19 ਨੂੰ ਮਾਤ ਦੇਣ 'ਚ ਨਿਭਾਏ ਰੋਲ ਦੀ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਫੁੱਲ ਭੇਟ ਕੀਤੇ। ਇਸ ਮੌਕੇ ਏ. ਡੀ. ਸੀ. ਅਦਿਤਿਆ ਉੱਪਲ, ਸਿਵਲ ਸਰਜਨ ਡਾ. ਰਜਿੰਦਰ ਭਾਟੀਆ, ਡੀ. ਐੱਸ. ਪੀ. ਦੀਪਿਕਾ ਸਿੰਘ ਅਤੇ ਹਰਨੀਲ ਸਿੰਘ, ਐੱਸ. ਐੱਮ. ਓ. ਡਾ. ਹਰਵਿੰਦਰ ਸਿੰਘ ਵੀ ਮੌਜੂਦ ਸਨ।
ਬਰਨਾਲਾ ਵਾਸੀਆਂ ਲਈ ਰਾਹਤ ਭਰੀ ਖਬਰ, 11 'ਚੋਂ 9 ਦੀ ਰਿਪੋਰਟ ਆਈ ਨੈਗੇਟਿਵ
NEXT STORY