ਜਲੰਧਰ (ਸੋਨੂੰ)- ਜਲੰਧਰ ਦੀ ਸਿਆਸਤ ਵਿਚ ਉਸ ਸਮੇਂ ਵੱਡੀ ਹਲਚਲ ਵੇਖਣ ਨੂੰ ਮਿਲ ਜਦੋਂ ਵਾਰਡ ਨੰਬਰ 23 ਦੀ ਕੌਂਸਲਰ ਪਰਮਜੀਤ ਕੌਰ ਅਤੇ ਉਸ ਦੇ ਪਤੀ ਹਰਪਾਲ ਮਿੰਟੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਇਸ ਰਾਜਨੀਤਿਕ ਘਟਨਾਕ੍ਰਮ ਨੂੰ ਕਾਂਗਰਸ ਲਈ ਇਕ ਵੱਡੇ ਝਟਕੇ ਵਜੋਂ ਵੇਖਿਆ ਜਾ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ ਲਈ ਇਸ ਨੂੰ ਜ਼ਮੀਨੀ ਪੱਧਰ 'ਤੇ ਇਸ ਦੀ ਵਧਦੀ ਭਰੋਸੇਯੋਗਤਾ ਅਤੇ ਮਜ਼ਬੂਤ ਲੀਡਰਸ਼ਿਪ ਦਾ ਪ੍ਰਮਾਣ ਮੰਨਿਆ ਜਾ ਰਿਹਾ ਹੈ। ਕੌਂਸਲਰ ਪਰਮਜੀਤ ਕੌਰ ਸਵੇਰੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਦੇ ਦਫ਼ਤਰ ਵਿਖੇ ਪਾਰਟੀ ਵਿੱਚ ਸ਼ਾਮਲ ਹੋਏ ਜਦਕਿ ਉਨ੍ਹਾਂ ਦੇ ਪਤੀ ਹਰਪਾਲ ਮਿੰਟੂ ਨੇ ਮੁੱਖ ਮੰਤਰੀ ਘਰ ਵਿਖੇ ਪਾਰਟੀ ਮੈਂਬਰਸ਼ਿਪ ਸਵੀਕਾਰ ਕੀਤੀ।
ਇਹ ਵੀ ਪੜ੍ਹੋ: ਡਿਜੀਟਲ ਅਰੈਸਟ ਮਾਮਲੇ 'ਚ ED ਦੀ ਕਾਰਵਾਈ! ਪੰਜਾਬ ਸਣੇ 5 ਸੂਬਿਆਂ 'ਚ ਛਾਪੇ, ਔਰਤ ਨਿਕਲੀ ਮਾਸਟਰਮਾਈਂਡ
ਕੌਂਸਲਰ ਹਰਪਾਲ ਮਿੰਟੂ ਜੋਕਿ ਕੌਂਸਲਰ ਦੇ ਪਤੀ ਹਨ, ਨੂੰ ਮੁੱਖ ਮੰਤਰੀ ਨਿਵਾਸ (ਸੀ. ਐੱਮ ਹਾਊਸ) ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ. ਐੱਸ. ਡੀ, ਰਾਜਬੀਰ ਸਿੰਘ ਘੁੰਮਣ ਅਤੇ ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਦੀ ਹਾਜ਼ਰੀ ਵਿੱਚ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਮੌਕੇ ਰਾਜਬੀਰ ਸਿੰਘ ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖ਼ੁਦ ਹਰਪਾਲ ਮਿੰਟੂ ਨੂੰ ਪਾਰਟੀ ਵਿੱਚ ਸ਼ਾਮਲ ਕਰਨਾ ਸੀ, ਪਰ ਭਾਰੀ ਧੁੰਦ ਕਾਰਨ ਉਹ ਮੁੱਖ ਮੰਤਰੀ ਘਰ ਨਹੀਂ ਪਹੁੰਚ ਸਕੇ ਅਤੇ ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਣਾ ਪਿਆ। ਉਨ੍ਹਾਂ ਨੇ ਨਵੇਂ ਮੈਂਬਰਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।

ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ! ਕਰਿਆਨੇ ਦੇ ਗੋਦਾਮ ’ਤੇ ਫਾਇਰਿੰਗ, ਵ੍ਹਟਸਐਪ ’ਤੇ ਆਇਆ...
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੌਂਸਲਰ ਪਰਮਜੀਤ ਕੌਰ ਨੇ ਕਿਹਾ ਕਿ ਉਹ ਨਿਤਿਨ ਕੋਹਲੀ ਦੀ ਸੋਚ ਅਤੇ ਕੰਮਾਂ ਤੋਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਕੁਝ ਸਮੇਂ ਤੋਂ ਉਹ ਜਲੰਧਰ ਸੈਂਟਰਲ ਵਿੱਚ ਹੋ ਰਹੇ ਵਿਕਾਸ ਕਾਰਜਾਂ ਅਤੇ ਜਨਤਾ ਨਾਲ ਸਿੱਧਾ ਸੰਪਰਕ ਸਥਾਪਤ ਕਰਨ ਵਾਲੀ ਰਾਜਨੀਤੀ ਨੂੰ ਨੇੜਿਓਂ ਵੇਖ ਰਹੀ ਸੀ। ਉਨ੍ਹਾਂ ਕਿਹਾ ਕਿ ਨਿਤਿਨ ਕੋਹਲੀ ਦੀ ਇਮਾਨਦਾਰ ਲੀਡਰਸ਼ਿਪ, ਪਾਰਦਰਸ਼ੀ ਕੰਮ ਕਰਨ ਦੇ ਢੰਗ ਅਤੇ ਸਮਾਜ ਦੇ ਹਰ ਵਰਗ ਦੀ ਆਵਾਜ਼ ਦੀ ਕਦਰ ਕਰਨ ਵਾਲੇ ਦ੍ਰਿਸ਼ਟੀਕੋਣ ਨੇ ਅੱਜ ਦੀ ਰਾਜਨੀਤੀ ਵਿੱਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਪਰਮਜੀਤ ਕੌਰ ਨੇ ਕਿਹਾ ਕਿ ਅੱਜ ਸਿਆਸਤ ਨੂੰ ਸੇਵਾ ਦੇ ਮਾਧਿਅਮ ਵਿੱਚ ਬਦਲਣ ਦੀ ਲੋੜ ਹੈ ਅਤੇ ਆਮ ਆਦਮੀ ਪਾਰਟੀ ਇਹ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ। ਕਾਂਗਰਸ ਪਾਰਟੀ ਹੁਣ ਆਮ ਲੋਕਾਂ ਦੀਆਂ ਉਮੀਦਾਂ ਅਤੇ ਜ਼ਮੀਨੀ ਹਕੀਕਤਾਂ ਤੋਂ ਦੂਰ ਹੁੰਦੀ ਜਾ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਬਿਨਾਂ ਕਿਸੇ ਭੇਦਭਾਵ ਦੇ ਹਰ ਨਾਗਰਿਕ ਦੀਆਂ ਸਮੱਸਿਆਵਾਂ ਨੂੰ ਤਰਜੀਹ ਦਿੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਸਿਰਫ਼ ਐਲਾਨਾਂ ਤੱਕ ਸੀਮਤ ਨਹੀਂ ਹਨ, ਸਗੋਂ ਜਨਤਾ ਨੂੰ ਸਿੱਧੇ ਤੌਰ 'ਤੇ ਲਾਭ ਪਹੁੰਚਾ ਰਹੀਆਂ ਹਨ, ਜਿਸ ਕਾਰਨ ਲੋਕ ਲਗਾਤਾਰ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।
ਹਰਪਾਲ ਮਿੰਟੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਲੰਬੇ ਸਮੇਂ ਤੋਂ ਨਿਤਿਨ ਕੋਹਲੀ ਦੀ ਕਾਰਜਸ਼ੈਲੀ ਨੂੰ ਵੇਖਦੇ ਅਤੇ ਸਮਝਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਿਤਿਨ ਕੋਹਲੀ ਹਰ ਗਲੀ, ਹਰ ਮੁਹੱਲੇ ਅਤੇ ਹਰ ਪਰਿਵਾਰ ਦੀਆਂ ਸਮੱਸਿਆਵਾਂ ਨੂੰ ਇਕ ਨਿੱਜੀ ਜ਼ਿੰਮੇਵਾਰੀ ਸਮਝਦੇ ਹਨ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕਰਦੇ ਹਨ, ਜੋ ਉਨ੍ਹਾਂ ਨੂੰ ਦੂਜੇ ਨੇਤਾਵਾਂ ਤੋਂ ਵੱਖਰਾ ਬਣਾਉਂਦਾ ਹੈ।
ਹਰਪਾਲ ਮਿੰਟੂ ਨੇ ਕਿਹਾ ਕਿ ਅੱਜ ਜਨਤਾ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਜ਼ਮੀਨੀ ਪੱਧਰ 'ਤੇ ਕੰਮ ਕਰੇ, ਨਾ ਕਿ ਕਾਸਮੈਟਿਕ ਰਾਜਨੀਤੀ ਰਾਹੀਂ। ਆਮ ਆਦਮੀ ਪਾਰਟੀ ਅਤੇ ਨਿਤਿਨ ਕੋਹਲੀ ਦੀ ਲੀਡਰਸ਼ਿਪ ਉਸ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਹੁਣ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਅਸੀਂ ਵਾਰਡ ਨੰਬਰ 23 ਦੇ ਵਿਕਾਸ ਲਈ ਪਾਰਟੀ ਨਾਲ ਕੰਮ ਕਰਾਂਗੇ। ਇਸ ਮੌਕੇ ਜਲੰਧਰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਉਦੇਸ਼ ਰਾਜਨੀਤੀ ਨੂੰ ਸੇਵਾ ਨਾਲ ਜੋੜਨਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਪੂਰੀ ਤਰ੍ਹਾਂ ਵਿਕਾਸ, ਪਾਰਦਰਸ਼ਤਾ ਅਤੇ ਜਵਾਬਦੇਹੀ 'ਤੇ ਆਧਾਰਿਤ ਹੈ।
ਇਹ ਵੀ ਪੜ੍ਹੋ: ਬਰਨਾਲਾ 'ਚ ਚੱਲੀਆਂ ਗੋਲ਼ੀਆਂ! ਪੰਜਾਬ ਪੁਲਸ ਕਰ 'ਤਾ ਵੱਡਾ ਐਨਕਾਊਂਟਰ! ਦਹਿਲਿਆ ਇਹ ਇਲਾਕਾ
ਨਿਤਿਨ ਕੋਹਲੀ ਨੇ ਕਿਹਾ ਕਿ ਸਾਡੀ ਤਰਜੀਹ ਜਲੰਧਰ ਸੈਂਟਰਲ ਦੇ ਹਰ ਨਾਗਰਿਕ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੈ, ਭਾਵੇਂ ਉਹ ਸੜਕਾਂ, ਸੀਵਰੇਜ, ਸੈਨੀਟੇਸ਼ਨ, ਪਾਣੀ ਦੀ ਸਪਲਾਈ, ਜਾਂ ਹੋਰ ਨਾਗਰਿਕ ਸਹੂਲਤਾਂ ਹੋਣ। ਆਮ ਆਦਮੀ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਜਨਤਾ ਦੇ ਭਲੇ ਲਈ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਸਖ਼ਤ ਮਿਹਨਤ, ਇਮਾਨਦਾਰੀ ਅਤੇ ਮਜ਼ਬੂਤ ਇਰਾਦੇ ਨਾਲ ਜਲੰਧਰ ਸੈਂਟਰਲ ਨੂੰ ਇਕ ਮਾਡਲ ਖੇਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕਾਕੂ ਆਹਲੂਵਾਲੀਆ ਨੇ ਕਿਹਾ ਕਿ ਪਰਮਜੀਤ ਕੌਰ ਅਤੇ ਹਰਪਾਲ ਮਿੰਟੂ ਦਾ ਸ਼ਾਮਲ ਹੋਣਾ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਨਿਤਿਨ ਕੋਹਲੀ ਦੀ ਲੀਡਰਸ਼ਿਪ ਵਿੱਚ ਵਧ ਰਹੇ ਜਨਤਾ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਜਲੰਧਰ ਸੈਂਟਰਲ ਵਿੱਚ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ ਅਤੇ ਵਿਕਾਸ ਕਾਰਜਾਂ ਨੂੰ ਨਵੀਂ ਊਰਜਾ ਅਤੇ ਦਿਸ਼ਾ ਮਿਲੇਗੀ। ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਲਵ ਰੌਬਿਨ ਅਤੇ ਅਜੀਤ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਵਧਾ 'ਤੀ ਸੁਰੱਖਿਆ! 6 ਸੈਕਟਰਾਂ 'ਚ ਵੰਡਿਆ ਏਰੀਆ, 3,400 ਪੁਲਸ ਮੁਲਾਜ਼ਮ ਤਾਇਨਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
CM ਮਾਨ ਦਾ ਖੇਡ ਵਿਜ਼ਨ: ਜੂਨ 2026 ਤੱਕ ਪੰਜਾਬ 'ਚ ਹੋਣਗੇ 3,100 ਸਟੇਡੀਅਮ
NEXT STORY