ਫਿਲੌਰ(ਭਾਖੜੀ)-ਕਪੂਰਥਲਾ ਦੀ ਅਦਾਲਤ ਵੱਲੋਂ ਟੋਲ ਪਲਾਜ਼ਾ 'ਤੇ ਫੀਸ ਵਸੂਲੀ ਬੰਦ ਕਰਨ ਦੇ ਜਾਰੀ ਕੀਤੇ ਨਿਰਦੇਸ਼ਾਂ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ਨੂੰ ਠੇਕੇ 'ਤੇ ਲੈਣ ਵਾਲੀ ਕੰਪਨੀ ਸੋਮਾ ਆਈਸੋਲੈਕਸ ਦੇ ਅਧਿਕਾਰੀਆਂ ਨੇ ਬੁੱਧਵਾਰ ਦੇਰ ਰਾਤ ਨੂੰ ਹੀ ਟੋਲ 'ਤੇ ਫੀਸ ਵਸੂਲੀ ਬੰਦ ਕਰਨ ਦੇ ਨਿਰਦੇਸ਼ ਦੇ ਦਿੱਤੇ ਸਨ, ਜਿਸ ਪਿੱਛੋਂ ਅੱਧੀ ਰਾਤ ਤੋਂ ਬਾਅਦ ਟੋਲ ਪਲਾਜ਼ਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਸਵੇਰੇ 6 ਵਜੇ ਤੋਂ ਪਹਿਲੀ ਸ਼ਿਫਟ ਦੇ ਕਰਮਚਾਰੀ ਟੋਲ ਬੂਥਾਂ 'ਤੇ ਨਹੀਂ ਬੈਠੇ ਸਨ। ਲਾਡੋਵਾਲ ਟੋਲ ਪਲਾਜ਼ਾ ਸਾਲ 2004 'ਚ ਇਥੇ ਲੱਗਾ ਸੀ ਉਕਤ ਟੋਲ ਪਲਾਜ਼ਾ ਲੱਗਣ ਦੇ ਬਾਅਦ ਇਨ੍ਹਾਂ 13 ਸਾਲਾਂ ਵਿਚ ਪਲਾਜ਼ਾ ਦੀ ਵਿਰੋਧਤਾ 'ਚ ਅਨੇਕਾਂ ਵਾਰ ਧਰਨੇ ਪ੍ਰਦਰਸ਼ਨ ਹੋਏ। ਕੁੱਝ ਸੰਸਥਾਵਾਂ ਨੇ ਉੱਪਰ ਤੱਕ ਕੇਂਦਰ ਸਰਕਾਰ ਕੋਲ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਪਰ ਪਲਾਜ਼ਾ ਇਕ ਘੰਟੇ ਲਈ ਵੀ ਬੰਦ ਨਹੀਂ ਹੋ ਸਕਿਆ। ਇਨ੍ਹਾਂ 13 ਸਾਲਾਂ ਵਿਚ ਪਹਿਲੀ ਵਾਰ ਕਪੂਰਥਲਾ ਅਦਾਲਤ ਦੀ ਮਾਣਯੋਗ ਜੱਜ ਦੇ ਸਖ਼ਤ ਰੁਖ ਦੇ ਬਾਅਦ ਠੇਕੇਦਾਰ ਨੂੰ ਪਲਾਜ਼ਾ ਬੰਦ ਕਰਨਾ ਪਿਆ। ਇਸ ਸਬੰਧ ਵਿਚ ਪੁੱਛਣ 'ਤੇ ਪਲਾਜ਼ਾ ਦੇ ਅੰਬਾਲਾ ਹੈੱਡ ਕੁਆਰਟਰ ਵਿਚ ਬੈਠੇ ਵੱਡੇ ਅਧਿਕਾਰੀਆਂ ਨੇ ਕੇਵਲ ਇੰਨਾ ਹੀ ਕਿਹਾ ਕਿ ਹਿਊਮਨ ਰਾਈਟਸ ਪ੍ਰੈੱਸ ਕਲੱਬ ਨੇ ਕਪੂਰਥਲਾ ਦੀ ਅਦਾਲਤ ਵਿਚ ਸ਼ਿਕਾਇਤ ਐੱਨ. ਐੱਚ. ਏ.-1 ਦੀ ਕੀਤੀ ਹੈ। ਹਾਈਵੇ ਅਥਾਰਟੀ ਕਿੰਨੀ ਜਲਦੀ ਅਦਾਲਤ ਨੂੰ ਸੰਤੁਸ਼ਟ ਕਰ ਸਕਦੀ ਹੈ, ਉਸ ਦੇ ਬਾਅਦ ਹੀ ਪਲਾਜ਼ਾ ਖੁੱਲ੍ਹੇਗਾ, ਫਿਲਹਾਲ ਉਹ ਕਾਨੂੰਨੀ ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਉਪਰਲੀ ਅਦਾਲਤ ਵਿਚ ਸਟੇਅ ਲੈਣ ਲਈ ਜਾ ਸਕਦੇ ਹਨ। ਪਲਾਜ਼ਾ ਠੇਕੇਦਾਰ ਨੂੰ ਇਥੋਂ ਹਰ ਰੋਜ਼ ਲਗਭਗ 50 ਲੱਖ ਰੁਪਏ ਦੀ ਉਗਰਾਹੀ ਹੁੰਦੀ ਸੀ, ਜਿਸ ਦਾ 25 ਫੀਸਦੀ ਹਿੱਸਾ ਸਰਕਾਰ ਨੂੰ ਜਾਂਦਾ ਸੀ। ਪਲਾਜ਼ਾ ਬੰਦ ਹੋਣ ਦੇ ਬਾਅਦ ਠੇਕੇਦਾਰ ਨੂੰ ਇਥੋਂ ਹੋਣ ਵਾਲੀ ਉਗਹਾਰੀ ਪੂਰੀ ਤਰ੍ਹਾਂ ਬੰਦ ਹੋ ਗਈ ਹੈ।
ਆਉਣ ਵਾਲੇ ਦਿਨਾਂ 'ਚ ਪਲਾਜ਼ਾ 'ਤੇ ਫਿਰ ਪੈ ਸਕਦੀ ਹੈ ਅਦਾਲਤ ਦੀ ਮਾਰ
ਆਰ. ਟੀ. ਆਈ. ਵਰਕਰ ਪੰਜਾਬ ਰੋਹਿਤ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਵੀ ਉਕਤ ਟੋਲ ਪਲਾਜ਼ਾ ਵਿਰੁੱਧ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੈਸ਼ਨਲ ਹਾਈਵੇ ਅਥਾਰਟੀ ਨੂੰ ਕਈ ਵਾਰ ਸ਼ਿਕਾਇਤਾਂ ਭੇਜ ਕੇ ਮੰਗ ਕਰ ਚੁੱਕੇ ਹਨ ਕਿ ਪਲਾਜ਼ਾ ਠੇਕੇਦਾਰ ਵੱਲੋਂ ਇੰਨਾ ਵੱਧ ਟੋਲ ਵਸੂਲਣ ਦੇ ਬਾਵਜੂਦ ਨਿਯਮਾਂ ਮੁਤਾਬਕ ਆਪਣੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਜਿੱਥੇ ਨਾ ਤਾਂ ਟੋਲ ਵਸੂਲਣ ਦੇ ਬਦਲੇ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਅਤੇ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਹੈ, ਉਸ ਦੀ ਜਾਣਕਾਰੀ ਲਈ ਪਲਾਜ਼ਾ ਦੇ ਦੋਵੇਂ ਪਾਸੇ ਨਾ ਤਾਂ ਹੋਰਡਿੰਗ ਲਾਏ ਗਏ ਹਨ ਅਤੇ ਨਾ ਹੀ ਉਨ੍ਹਾਂ ਨਿਯਮਾਂ ਦੀ ਪਾਲਣਾ ਹੋ ਰਹੀ ਹੈ। ਇਨ੍ਹਾਂ ਸ਼ਰਤਾਂ ਨੂੰ ਲਾਗੂ ਕਰਵਾਉਣ ਲਈ ਉਹ ਵੀ ਉੱਚ ਅਦਾਲਤ ਵਿਚ ਸ਼ਿਕਾਇਤ ਦਰਜ ਕਰਨ ਜਾ ਰਹੇ ਹਨ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪਲਾਜ਼ਾ ਠੇਕੇਦਾਰ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟੋਲ ਪਲਾਜ਼ਾ ਅਦਾਲਤ ਦੇ ਹੁਕਮਾਂ 'ਤੇ ਬੰਦ ਕੀਤਾ ਹੈ, ਸਿਆਸੀ ਪਾਰਟੀਆਂ ਦੇ ਕਹਿਣ 'ਤੇ ਨਹੀਂ
ਟੋਲ ਪਲਾਜ਼ਾ ਦੇ ਸੀਨੀਅਰ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਾਜ਼ਾ ਹਿਊਮਨ ਰਾਈਟਸ ਪ੍ਰੈੱਸ ਕਲੱਬ ਦੀ ਸ਼ਿਕਾਇਤ 'ਤੇ ਅਦਾਲਤ ਨੇ ਕਾਰਵਾਈ ਕਰਦਿਆਂ ਬੰਦ ਕਰਨ ਦੇ ਹੁਕਮ ਦਿੱਤੇ ਹਨ, ਸਿਆਸੀ ਪਾਰਟੀਆਂ ਦੇ ਕਹਿਣ 'ਤੇ ਪਲਾਜ਼ਾ ਬੰਦ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਕ ਸਿਆਸੀ ਪਾਰਟੀ ਵੱਲੋਂ ਇਸ ਦਾ ਸਿਹਰਾ ਆਪਣੇ ਸਿਰ ਲੈਣ ਲਈ ਟੋਲ ਬੂਥਾਂ 'ਤੇ ਆਪਣੇ ਬੈਨਰ ਲਾ ਕੇ ਪੂਰਾ ਦਿਨ ਉਥੋਂ ਲੰਘਣ ਵਾਲੀਆਂ ਗੱਡੀਆਂ ਵਿਚ ਆਪਣੇ ਪੰਫਲੇਟ ਵੀ ਵੰਡੇ ਗਏ, ਜਦੋਂ ਕਿ ਕਾਨੂੰਨ ਮੁਤਾਬਕ ਉਹ ਟੋਲ ਬੂਥਾਂ 'ਤੇ ਆਪਣੇ ਬੈਨਰ ਨਹੀਂ ਲਾ ਸਕਦੇ। ਜੇਕਰ ਉਹ ਜਨਤਾ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ ਤਾਂ ਉਹ ਬਾਕਾਇਦਾ ਮਨਜ਼ੂਰੀ ਲੈ ਕੇ ਆਪਣੇ ਹੋਰਡਿੰਗ ਲਗਵਾ ਸਕਦੇ ਹਨ।
ਜੋ ਕੰਮ 13 ਸਾਲਾਂ 'ਚ ਨਹੀਂ ਹੋਇਆ, ਉਹ ਘੰਟਿਆਂ 'ਚ ਕਰ ਦਿੱਤਾ
ਲਾਡੋਵਾਲ ਟੋਲ ਪਲਾਜ਼ਾ ਸਾਲ 2004 'ਚ ਇਥੇ ਸਥਾਪਤ ਕੀਤਾ ਗਿਆ ਸੀ, ਸਾਲ 2009 'ਚ ਇਸ ਨੂੰ ਸੋਮਾ ਆਈਸੋਲੈਕਸ ਕੰਪਨੀ ਨੇ ਠੇਕੇ 'ਤੇ ਲੈ ਰੱਖਿਆ ਹੈ। ਪਲਾਜ਼ਾ ਲੈਂਦੇ ਸਮੇਂ ਸ਼ਰਤਾਂ ਮੁਤਾਬਕ ਸੜਕਾਂ ਦਾ ਨਵੀਨੀਕਰਨ ਤੇ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਵਾਉਣਾ ਪਲਾਜ਼ਾ ਕੰਪਨੀ ਦਾ ਫਰਜ਼ ਬਣਦਾ ਹੈ ਪਰ ਕੰਪਨੀ ਵੱਲੋਂ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਲਵਲੀ ਯੂਨੀਵਰਸਿਟੀ ਦੇ ਅੱਗੇ ਬੈਰੀਕੇਡ ਲਾ ਕੇ ਰਸਤਾ ਬੰਦ ਤੱਕ ਨਹੀਂ ਕੀਤਾ ਗਿਆ, ਜਿਸ ਕਾਰਨ ਕਈ ਪੜ੍ਹਨ ਵਾਲੇ ਬੱਚਿਆਂ ਦੀਆਂ ਜਾਨਾਂ ਚਲੀਆਂ ਗਈਆਂ। ਇਸ ਰਸਤੇ ਦੀ ਗੰਭੀਰਤਾ ਨੂੰ ਲੈ ਕੇ ਮਾਣਯੋਗ ਅਦਾਲਤ ਵਿਚ ਰਿੱਟ ਦਾਇਰ ਕੀਤੀ ਗਈ ਸੀ। ਠੇਕੇਦਾਰ ਨੂੰ ਜਿਵੇਂ ਹੀ ਅਦਾਲਤ ਨੇ ਸ਼ਰਤਾਂ ਪੂਰੀਆਂ ਨਾ ਕਰਨ 'ਤੇ ਟੋਲ ਟੈਕਸ ਵਸੂਲਣ 'ਤੇ ਪੂਰਨ ਪਾਬੰਦੀ ਲਾ ਦਿੱਤੀ ਤਾਂ ਅੱਜ ਕੁੱਝ ਘੰਟਿਆਂ ਬਾਅਦ ਹੀ ਪਲਾਜ਼ਾ ਠੇਕੇਦਾਰ ਨੇ ਲਵਲੀ ਯੂਨੀਵਰਸਿਟੀ ਦੇ ਅੱਗੇ ਸੜਕ ਬਣਾ ਕੇ ਪੂਰੀ ਤਰ੍ਹਾਂ ਨਾਲ ਬੈਰੀਕੇਡ ਲਾ ਕੇ ਨਿਯਮਾਂ ਦੀ ਪਾਲਣਾ ਦਾ ਕੰਮ ਸਿਰਫ ਕੁੱਝ ਹੀ ਘੰਟਿਆਂ ਵਿਚ ਮੁਕੰਮਲ ਕਰ ਦਿੱਤਾ।
ਚੈਕਿੰਗ ਦੌਰਾਨ ਸੀ. ਆਈ. ਏ. ਵਿੰਗ ਨੇ ਅਫੀਮ ਸਣੇ ਇਕ ਕੀਤਾ ਕਾਬੂ
NEXT STORY