ਮੋਹਾਲੀ (ਨਿਆਮੀਆਂ) : ਖੰਨਾ ਵਾਸੀ ਬਹਾਦਰ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਦੀ ਲੜਕੀ ਦੇ ਮੰਗੇਤਰ ਨੇ ਲੜਕੀ ਦੇ ਕਾਗਜ਼ ਵਰਤਦਿਆਂ ਕਿਸੇ ਹੋਰ ਲੜਕੀ ਨਾਲ ਕੋਰਟ ਮੈਰਿਜ ਕਰਵਾ ਕੇ ਇੰਗਲੈਂਡ ਦਾ ਵੀਜ਼ਾ ਅਪਲਾਈ ਕਰ ਦਿੱਤਾ ਅਤੇ ਮਾਮਲੇ ਦੀ ਜਾਣਕਾਰੀ ਮਿਲਣ ’ਤੇ ਉਨ੍ਹਾਂ ਵੱਲੋਂ ਦਿੱਤੀ ਸ਼ਿਕਾਇਤ ’ਤੇ ਮਾਮਲਾ ਦਰਜ ਹੋਣ ਦੇ ਬਾਵਜੂਦ ਪੁਲਸ ਵੱਲੋਂ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਸ਼ਨੀਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਲੜਕੀ ਦਾ ਰਿਸ਼ਤਾ ਸਮਰਾਲਾ ਦੇ ਹਰਦੀਪ ਸਿੰਘ ਨਾਲ ਤੈਅ ਕੀਤਾ ਸੀ। ਦੋਵਾਂ ਦੀ ਮੰਗਣੀ ਵੀ ਹੋ ਗਈ ਸੀ। ਇਸ ਦੌਰਾਨ ਧੀ ਦਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਸੀ ਤੇ ਉਸ ਨੇ ਵਿਦੇਸ਼ ਜਾਣਾ ਸੀ। ਉਨ੍ਹਾਂ ਕਿਹਾ ਕਿ ਲੜਕੀ ਦਾ ਵਿਆਹ ਨਹੀਂ ਹੋਇਆ ਸੀ ਪਰ ਇਸ ਤੋਂ ਪਹਿਲਾਂ ਹਰਦੀਪ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਦਸਤਾਵੇਜ਼ ਲੈ ਲਏ ਤੇ ਬਾਅਦ ’ਚ ਉਨ੍ਹਾਂ ਦੀ ਲੜਕੀ ਦੇ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਕਿਸੇ ਹੋਰ ਲੜਕੀ ਦਾ ਪ੍ਰਬੰਧ ਕਰਕੇ ਰਾਜਪੁਰਾ ਤਹਿਸੀਲ ਤੋਂ ਕੋਰਟ ਮੈਰਿਜ ਕਰਵਾ ਲਈ।
ਇਹ ਵੀ ਪੜ੍ਹੋ : ਸ਼ੰਭੂ ਬਾਰਡਰ 'ਤੇ ਕਿਸਾਨ ਨੇ ਨਿਗਲ਼ ਲਈ ਸਲਫ਼ਾਸ, ਦਿੱਲੀ ਕੂਚ 18 ਤੱਕ ਹੋਇਆ ਮੁਲਤਵੀ
ਬਹਾਦਰ ਸਿੰਘ ਨੇ ਦੱਸਿਆ ਕਿ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਇੰਗਲੈਂਡ ’ਚ ਉਨ੍ਹਾਂ ਦੀ ਲੜਕੀ ਨੂੰ ਅੰਬੈਸੀ ਤੋਂ ਫੋਨ ਆਇਆ, ਜਿਸ ’ਚ ਕਿਹਾ ਗਿਆ ਕਿ ਉਸ ਦੇ ਪਤੀ ਨੇ ਇੰਗਲੈਂਡ ਆਉਣ ਲਈ ਫਾਈਲ ਲਗਾਈ ਹੈ, ਇਸ ਲਈ ਉਸ ਨੂੰ ਇੰਟਰਵਿਊ ਲਈ ਆਉਣਾ ਪਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਕੀ ਬਹੁਤ ਹੈਰਾਨ ਹੋਈ ਕਿ ਉਸ ਦਾ ਤਾਂ ਅਜੇ ਵਿਆਹ ਵੀ ਨਹੀਂ ਹੋਇਆ, ਫਿਰ ਹਰਦੀਪ ਨੇ ਫਾਈਲ ਕਿਵੇਂ ਲਗਾ ਦਿੱਤੀ। ਬਹਾਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਨੇ ਇਸ ਬਾਰੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਜਦੋਂ ਉਹ ਤਹਿਸੀਲ ’ਚ ਗਏ ਤਾਂ ਉਕਤ ਜਾਅਲਸਾਜ਼ੀ ਦਾ ਖੁਲਾਸਾ ਹੋਇਆ।
ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਇਸ ਸੱਚਾਈ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਹਰਦੀਪ ਤੇ ਉਸ ਦੇ ਨਾਲ ਦੇ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਪਰ ਪੁਲਸ ਨੇ ਹੁਣ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਅਦਾਲਤ ਦਾ ਰੁਖ ਕਰਨ ਲਈ ਮਜਬੂਰ ਹੋਣਗੇ।
ਇਸ ਸਬੰਧੀ ਸੰਪਰਕ ਕਰਨ ’ਤੇ ਜਾਂਚ ਅਧਿਕਾਰੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਪੁਲਸ ਵੱਲੋਂ ਮੁਲਜ਼ਮ ਹਰਦੀਪ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਅਦਾਲਤ ’ਚੋਂ ਖਾਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਅਦਾਲਤ ਰਾਹੀਂ ਫਰਾਰ ਮੁਲਜ਼ਮਾਂ ਨੂੰ ਭਗੌੜਾ ਐਲਾਨਣ ਬਾਰੇ ਚਾਰਾਜੋਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੈਕਟਰ ਟਰਾਲੀ ਤੇ ਕਾਰ 'ਚ ਹੋਈ ਭਿਆਨਕ ਟੱਕਰ,1 ਦੀ ਮੌਤ ਤੇ 5 ਗੰਭੀਰ ਜ਼ਖਮੀ
NEXT STORY