ਚੰਡੀਗੜ੍ਹ, (ਸ਼ਰਮਾ)- ਸੂਬੇ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਮੋਹਾਲੀ ਦੇ 65 ਸਾਲ ਦੇ ਬਜ਼ੁਰਗ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਸਵੇਰੇ ਹੀ ਹੋ ਗਈ ਸੀ ਪਰ ਸ਼ਾਮ ਹੁੰਦੇ-ਹੁੰਦੇ 2 ਹੋਰ ਨਵੇਂ ਮਾਮਲਿਆਂ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋ ਗਈ। ਇਕ ਮਾਮਲਾ ਜ਼ਿਲਾ ਲੁਧਿਆਣਾ ਨਾਲ ਸਬੰਧਤ ਹੈ, ਜਿਸ 'ਚ ਮਰੀਜ਼ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਹਸਪਤਾਲ 'ਚ ਸ਼ਿਫਟ ਕੀਤਾ ਗਿਆ ਸੀ। ਜਿੱਥੇ ਇਲਾਜ ਦੌਰਾਨ ਸ਼ਾਮ 6 ਵਜੇ ਉਸ ਦੀ ਮੌਤ ਹੋ ਗਈ। ਤੀਜਾ ਮਾਮਲਾ ਜ਼ਿਲਾ ਪਟਿਆਲਾ ਨਾਲ ਸਬੰਧਤ ਹੈ। ਦੁਬਈ ਦੀ ਟ੍ਰੈਵਲ ਹਿਸਟਰੀ ਵਾਲੇ ਇਸ ਮਰੀਜ਼ ਦੇ ਸੈਂਪਲ 'ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਹੁਣ ਤੱਕ ਕੋਰੋਨਾ ਵਾਇਰਸ ਨਾਲ ਸੂਬੇ 'ਚ ਪੀੜਤ ਮਰੀਜ਼ਾਂ ਦੀ ਗਿਣਤੀ 41 ਹੋ ਗਈ ਹੈ।
ਸਰਕਾਰ ਵਲੋਂ ਜਾਰੀ ਸੋਧੇ ਹੋਏ ਹੈਲਥ ਬੁਲੇਟਿਨ ਅਨੁਸਾਰ ਸੋਮਵਾਰ ਤੱਕ ਰਾਜ 'ਚ 1051 ਸ਼ੱਕੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ 41 ਮਾਮਲਿਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਜਦੋਂ ਕਿ 881 ਦੀ ਰਿਪੋਰਟ ਨੈਗੇਟਿਵ ਰਹੀ ਹੈ ਅਤੇ 129 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਇਸ ਦੌਰਾਨ ਕੋਰੋਨਾ ਪੀੜਤਾਂ 'ਚੋਂ 3 ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਜਦੋਂ ਕਿ ਇਕ ਮਰੀਜ਼ ਠੀਕ ਹੋ ਚੁੱਕਿਆ ਹੈ। ਬੁਲੇਟਿਨ ਅਨੁਸਾਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਹੋਣ ਦੇ ਸਭ ਤੋਂ ਜ਼ਿਆਦਾ 19 ਮਾਮਲੇ ਐੱਸ. ਬੀ. ਐੱਸ. ਨਗਰ ਜ਼ਿਲੇ ਨਾਲ ਸਬੰਧਤ ਹਨ, ਜਦੋਂ ਕਿ ਮੋਹਾਲੀ ਜ਼ਿਲੇ ਤੋਂ 7, ਹੁਸ਼ਿਆਰਪੁਰ ਜ਼ਿਲੇ ਤੋਂ 6, ਜਲੰਧਰ ਜ਼ਿਲੇ ਤੋਂ 5, ਲੁਧਿਆਣਾ ਜ਼ਿਲੇ ਤੋਂ 2 ਅਤੇ ਅੰਮ੍ਰਿਤਸਰ ਅਤੇ ਪਟਿਆਲਾ ਜ਼ਿਲਾ ਤੋਂ 1-1 ਮਾਮਲਾ ਸਾਹਮਣੇ ਆਇਆ ਹੈ।
ਸੈਂਟਰਲ ਜੇਲ 'ਚੋਂ ਫਰਾਰ 4 ਹਵਾਲਾਤੀਆਂ ਤੋਂ 1 ਚੜ੍ਹਿਆ ਪੁਲਸ ਹੱਥੇ
NEXT STORY