ਜਲੰਧਰ, (ਵਿਸ਼ੇਸ਼)– ਪੰਜਾਬ ’ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 637 ਨਵੇਂ ਮਰੀਜ਼ ਸਾਹਮਣੇ ਆਏ, ਜੋ ਕਿ ਰਾਹਤ ਭਰੀ ਖਬਰ ਰਹੀ ਪਰ ਨਾਲ ਹੀ 26 ਮਰੀਜ਼ਾਂ ਦੇ ਦਮ ਤੋੜ ਦੇਣ ਦੀ ਸੂਚਨਾ ਨਾਲ ਸੂਬੇ ਵਿਚ ਮੌਤ ਦੀ ਦਰ 3.06 ਫੀਸਦੀ ’ਤੇ ਪਹੁੰਚ ਜਾਣਾ ਝੰਜੋੜ ਦੇਣ ਵਾਲੀ ਖਬਰ ਰਹੀ। ਪੰਜਾਬ ਵਿਚ ਇਹ ਮੌਤ ਦਰ ਮਹਾਰਾਸ਼ਟਰ ਦੇ ਮੁਕਾਬਲੇ .42 ਫੀਸਦੀ ਵੱਧ (3.06-2.64) ਹੈ, ਜਦੋਂਕਿ ਵਿਸ਼ਵ ਭਰ ਵਿਚ ਕੋਰੋਨਾ ਕਾਰਣ ਹੋ ਰਹੀਆਂ ਮੌਤਾਂ ਦੀ ਦਰ 2.93 ਫੀਸਦੀ ਤੋਂ ਕਿਤੇ ਵੱਧ ਹੈ। ਇਹ ਮੌਤ ਦਰ ਪੰਜਾਬ ਲਈ ਬਹੁਤ ਚਿੰਤਾ ਦਾ ਵਿਸ਼ਾ ਤਾਂ ਹੈ ਹੀ, ਨਾਲ ਹੀ ਸੂਬਾ ਸਰਕਾਰ ਦੇ ਬਿਹਤਰ ਸਿਹਤ ਸੇਵਾਵਾਂ ਦੇ ਦਾਅਵਿਆਂ ਦੀ ਪੋਲ ਵੀ ਖੋਲ੍ਹਦੀ ਜਾਪਦੀ ਹੈ।
ਸੂਬੇ ਵਿਚ ਸੋਮਵਾਰ ਨੂੰ ਕੋਰੋਨਾ ਪ੍ਰਭਾਵਿਤ ਕੁਲ ਮਰੀਜ਼ਾਂ ਦਾ ਅੰਕੜਾ 1,16,978 ਸੀ। ਇਨ੍ਹਾਂ ਵਿਚੋਂ 1,00,420 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ 3,591 ਵਿਅਕਤੀ ਕੋਰੋਨਾ ਤੋਂ ਜੰਗ ਹਾਰ ਚੁੁੱਕੇ ਹਨ। ਵਰਣਨਯੋਗ ਹੈ ਕਿ ਪੰਜਾਬ ਵਿਚ 31 ਅਗਸਤ ਤਕ 1494 ਵਿਅਕਤੀਆਂ ਦੀ ਮੌਤ ਕੋਰੋਨਾ ਇਨਫੈਕਸ਼ਨ ਕਾਰਣ ਹੋਈ ਸੀ, ਜਦੋਂਕਿ 31 ਅਗਸਤ ਤੋਂ ਬਾਅਦ 5 ਅਕਤੂਬਰ ਤਕ 3591 ਵਿਅਕਤੀਆਂ ਦੀ ਮੌਤ ਇਨਫੈਕਸ਼ਨ ਨਾਲ ਹੋ ਚੁੱਕੀ ਹੈ। ਭਾਵ 31 ਅਗਸਤ ਤੋਂ ਬਾਅਦ ਅਸੀਂ ਹਰ ਰੋਜ਼ ਔਸਤਨ 59 ਵਿਅਕਤੀਆਂ ਨੂੰ ਸੂਬੇ ਵਿਚ ਗੁਆ ਦਿੱਤਾ ਹੈ।
ਪੰਜਾਬ ਸਰਕਾਰ ਦੇ ਸਿਹਤ ਬੁਲੇਟਿਨ ਅਨੁਸਾਰ ਅਜੇ ਵੀ 312 ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਨ੍ਹਾਂ ਵਿਚ 38 ਮਰੀਜ਼ ਵੈਂਟੀਲੇਟਰ ਅਤੇ 274 ਮਰੀਜ਼ ਆਕਸੀਜਨ ਸੁੁਪੋਰਟ ’ਤੇ ਹਨ। ਮੰਗਲਵਾਰ ਨੂੰ ਲੁਧਿਆਣਾ ਵਿਚ 11 ਵਿਅਕਤੀ ਕੋਰੋਨਾ ਨਾਲ ਲੜਦਿਆਂ ਜੰਗ ਹਾਰ ਗਏ। ਇਨ੍ਹਾਂ ਵਿਚ 7 ਮਰੀਜ਼ ਦੂਜੇ ਜ਼ਿਲਿਆਂ ਦੇ ਦੱਸੇ ਜਾ ਰਹੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ 2 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਅੰਮ੍ਰਿਤਸਰ ਵਿਚ ਹੁਣ ਤਕ 399 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਪੰਜਾਬ ਵਿਚ ਸਭ ਤੋਂ ਵੱਧ ਮੌਤਾਂ ਲੁਧਿਆਣਾ ਵਿਚ ਹੋਈਆਂ ਹਨ। ਇੱਥੇ ਹੁਣ ਤਕ 782 ਕੋਰੋਨਾ ਪ੍ਰਭਾਵਿਤਾਂ ਦੀ ਮੌਤ ਹੋ ਚੁੁੱਕੀ ਹੈ। ਦੂਜੇ ਨੰਬਰ ’ਤੇ ਜਲੰਧਰ ਹੈ, ਜਿੱਥੇ ਹੁਣ ਤਕ 417 ਮਰੀਜ਼ ਦਮ ਤੋੜ ਚੁੱਕੇ ਹਨ।
ਕੋਰੋਨਾ ਪੀੜਤ ਗਰੀਬ ਲੋਕਾਂ ਲਈ ਇਲਾਜ ਕਰਵਾ ਸਕਣਾ ਮੁਸ਼ਕਲ, ਸਰਕਾਰ ਦੇਵੇ ਸਬਸਿਡੀ
ਜਲੰਧਰ–ਨਿੱਜੀ ਹਸਪਤਾਲਾਂ ਅਤੇ ਕੋਵਿਡ ਸਪੈਸ਼ਲਿਟੀ ਸੈਂਟਰਾਂ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਪਰ ਮਹਾਮਾਰੀ ਦਰਮਿਆਨ ਲੋਕ ਹਸਪਤਾਲਾਂ ਦੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਸਕਦੇ। ਸਥਾਨਕ ਨਿੱਜੀ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਵਧ ਰਹੇ ਮਾਮਲਿਆਂ ਅਤੇ ਗਰੀਬ ਪਰਿਵਾਰਾਂ ਦੀ ਹਾਲਤ ਨੂੰ ਦੇਖਦਿਆਂ ਸੂਬਾ ਸਰਕਾਰ ਨੂੰ ਉਨ੍ਹਾਂ ਪਰਿਵਾਰਾਂ ਜੋ ਹਸਪਤਾਲ ਦਾ ਖਰਚਾ ਨਹੀਂ ਸਹਿ ਸਕਦੇ, ਲਈ ਸਬਸਿਡੀ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣਾ ਚੰਗੇ ਢੰਗ ਨਾਲ ਇਲਾਜ ਕਰਵਾ ਸਕਣ।
ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਇਕ ਟੀਮ, ਜਿਸ ਵਿਚ ਡਾ. ਐੱਸ. ਪੀ. ਐੱਸ. ਗਰੋਵਰ, ਡਾ. ਵਿਜੇ ਮਹਾਜਨ, ਡਾ. ਮੁਕੇਸ਼ ਜੋਸ਼ੀ ਸ਼ਾਮਲ ਹਨ, ਨੇ ਮਨੱਖਤਾ ਦੇ ਨਾਤੇ ਇਕ ਪਰਿਵਾਰ ’ਤੇ ਹਸਪਤਾਲ ਦੇ ਬਿੱਲਾਂ ਦਾ ਤੁਰੰਤ ਭੁਗਤਾਨ ਕਰਨ ਦਾ ਦਬਾਅ ਨਾ ਪਾਉਂਦਿਆਂ 3 ਅਕਤੂਬਰ ਨੂੰ ਫੋਨ ਕੀਤਾ ਸੀ। 2 ਭਰਾਵਾਂ ਦੇ 3 ਲੱਖ ਰੁਪਏ ਦੇ ਬਿੱਲ, ਜਿਨ੍ਹਾਂ ਆਪਣੀ ਮਾਂ ਨੂੰ ਗੁੁਆ ਦਿੱਤਾ ਅਤੇ ਮਹਾਮਾਰੀ ਤੋਂ ਬਚ ਗਏ, ਅਜੇ ਤਕ ਪੈਂਡਿੰਗ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ।
ਗੁੁਲਾਬ ਦੇਵੀ ਹਸਪਤਾਲ ਵਿਚ ਕੋਵਿਡ ਕੇਅਰ ਸੈਂਟਰ ਦੇ ਕੰਸਲਟੈਂਟ ਡਾਕਟਰ ਐੱਸ. ਪੀ. ਐੱਸ. ਗਰੋਵਰ ਕਹਿੰਦੇ ਹਨ,‘‘ਗਰੀਬ ਮਰੀਜ਼ਾਂ ਲਈ ਕੋਵਿਡ ਸਹੂਲਤਾਂ ਨੂੰ ਸਹਿਣ ਕਰ ਸਕਣਾ ਕਾਫੀ ਮੁਸ਼ਕਲ ਹੈ। ਜਿੱਥੇ 3 ਤੋਂ 4 ਪਰਿਵਾਰ ਅਜਿਹੇ ਹਨ, ਜਿਨ੍ਹਾਂ ਨੂੰ ਅਸੀਂ ਡਿਸਕਾਊਂਟ ਦਿੱਤਾ ਹੈ। ਇਕ ਪਰਿਵਾਰ ਨੇ ਆਪਣੇ 60-65 ਸਾਲਾ ਬਜ਼ੁਰਗ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ। ਪਰਿਵਾਰ ਫੋਨ ’ਤੇ ਬਜ਼ੁਰਗ ਦਾ ਹਾਲ-ਚਾਲ ਪੁੱਛਦਾ ਰਿਹਾ ਪਰ ਇਲਾਜ ਦੇ ਅਖੀਰ ਵਿਚ ਉਨ੍ਹਾਂ ਕੋਲ ਪੈਸੇ ਨਹੀਂ ਸਨ। 2 ਲੱਖ ਰੁਪਏ ਦੇ ਬਿੱਲ ਵਿਚੋਂ ਉਨ੍ਹਾਂ 1 ਲੱਖ ਰੁਪਿਆ ਦਿੱਤਾ। ਅਸੀਂ ਦੇਖਿਆ ਕਿ ਮਰੀਜ਼ ਨੂੰ ਅਟੈਂਡੈਂਟ ਵੀ ਨਹੀਂ ਮਿਲੇ। ਇਸ ਲਈ ਬਿੱਲ ਬਾਰੇ ਕੀ ਗੱਲ ਕਰੀਏ? ਅਸੀਂ ਪੀ. ਪੀ. ਈ. ਕਿੱਟ, ਭੋਜਨ ਅਤੇ ਸਟਾਫ ਫੀਸ ’ਤੇ ਖਰਚਾ ਕੀਤਾ, ਜੋ ਜੋਖਮ ਕਾਰਣ ਦੁੱਗਣਾ ਹੈ। ਕੋਵਿਡ ਦੇ ਗੰਭੀਰ ਮਾਮਲਿਆਂ ਵਿਚ ਆਕਸੀਜਨ ਫੀਸ ਵੀ ਸ਼ਾਮਲ ਹੈ। ਕਾਫੀ ਪਰਿਵਾਰ ਅਜਿਹੇ ਹਨ, ਜੋ ਭੁਗਤਾਨ ਨਹੀਂ ਕਰ ਸਕਦੇ। ਅਜਿਹੀ ਹਾਲਤ ਵਿਚ ਹਸਪਤਾਲਾਂ ਨੂੰ ਕੀ ਕਰਨਾ ਚਾਹੀਦਾ ਹੈ?’’
ਉਨ੍ਹਾਂ ਕਿਹਾ,‘‘ਗਰੀਬ ਪਰਿਵਾਰਾਂ ਦੇ ਗੰਭੀਰ ਮਰੀਜ਼ਾਂ ਨੂੰ ਭਾਰੀ ਇਲਾਜ ਖਰਚ ਨੂੰ ਦੇਖਦਿਆਂ ਹਸਪਤਾਲਾਂ ਵਲੋਂ ਬੇਸਹਾਰਾ ਛੱਡ ਦਿੱਤਾ ਜਾਂਦਾ ਹੈ।ਇਸ ਲਈ ਜਿਨ੍ਹਾਂ ਗਰੀਬ ਤੇ ਗੰਭੀਰ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿਚ ਟਰਾਂਸਫਰ ਕੀਤਾ ਜਾਂਦਾ ਹੈ, ਉਨ੍ਹਾਂ ਲਈ ਕੁੁਝ ਸਬਸਿਡੀ ਦੀ ਲੋੜ ਹੈ।’’
ਗੁਲਾਬ ਦੇਵੀ ਹਸਪਤਾਲ ’ਚ ਕੋਵਿਡ ਕੇਅਰ ਸੈਂਟਰ ਕਈ ਨਿੱਜੀ ਹਸਪਤਾਲਾਂ ਦੇ ਸਮੂਹ ਵਲੋਂ ਸਥਾਪਤ ਕੀਤਾ ਗਿਆ ਸੈਂਟਰ ਹੈ। ਡਾ. ਐੱਸ. ਪੀ. ਐੱਸ. ਗਰੋਵਰ , ਡਾ. ਵਿਜੇ ਮਹਾਜਨ, ਡਾ. ਮੁਕੇਸ਼ ਜੋਸ਼ੀ ਅਤੇ ਡਾ. ਮਾਨ ਸਮੇਤ ਕਈ ਮਾਹਿਰ ਮਰੀਜ਼ਾਂ ਨੂੰ ਸਰਕਾਰੀ ਦਰਾਂ ’ਤੇ ਕੋਵਿਡ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਸ਼ਹਿਰ ਵਿਚ ਕੁਝ ਮਹੀਨੇ ਪਹਿਲਾਂ ਕੋਵਿਡ ਮਾਮਲਿਆਂ ਵਿਚ ਵਾਧੇ ਦਰਮਿਆਨ ਲੋਕਾਂ ਦੀ ਸਹੂਲਤ ਲਈ ਇਹ ਸੈਂਟਰ ਸ਼ੁਰੂ ਕੀਤਾ ਗਿਆ ਹੈ।
ਮੈਨੂੰ ਪ੍ਰੈੱਸ ਤੇ ਸੰਸਥਾਵਾਂ ਆਜ਼ਾਦ ਦੇ ਦਿਓ, ਮੋਦੀ ਸਰਕਾਰ ਦਾ ਭੋਗ ਪਾ ਦਵਾਂਗਾ: ਰਾਹੁਲ ਗਾਂਧੀ
NEXT STORY