ਭੋਗਪੁਰ (ਸੂਰੀ) - ਥਾਣਾ ਭੋਗਪੁਰ ਨੇੜਲੇ ਪਿੰਡ ਲੋਹਾਰਾਂ (ਚਾਹੜਕੇ) ਵਿਚ ਇਕ ਗੁੱਜਰ ਵੱਲੋਂ ਆਪਣੀਆਂ ਪਾਲਤੂ ਗਾਵਾਂ ਨੂੰ ਬੀਮਾਰ ਹੋਣ ਕਾਰਨ ਇਲਾਜ ਕਰਵਾਉਣ ਦੀ ਬਜਾਏ ਆਪਣੇ ਨੇੜਲੇ ਕਿਸਾਨ ਦੇ ਖੇਤਾਂ ਵਿਚ ਸੁੱਟ ਦਿੱਤੇ ਜਾਣ ਕਾਰਨ ਇਲਾਜ ਨਾ ਮਿਲਣ ਕਾਰਣ 5 ਦਿਨ ਤੜਫਣ ਤੋਂ ਬਾਅਦ 2 ਗਾਵਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਿੰਡ ਲੋਹਾਰਾਂ ਨੇੜੇ ਬਸ਼ੀਰ ਨਾਮਕ ਗੁਜਰਾਂ ਦਾ ਡੇਰਾ ਹੈ, ਇਹ ਡੇਰਾ ਪਿੰਡ ਲੜੋਈ ਦੀ ਜ਼ਮੀਨ ਵਿਚ ਸਥਿਤ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬਸ਼ੀਰ ਗੁੱਜਰ ਨੇ ਲੋਹਾਰਾ ਰੋਡ ’ਤੇ ਦੋ ਗਾਵਾਂ ਨੂੰ ਭੁਖੇ ਅਤੇ ਪਿਆਸੇ ਰੱਖ ਕੇ ਉਨ੍ਹਾਂ ਨੂੰ ਤੜਪਾ ਕੇ ਮਾਰ ਦਿੱਤਾ। ਅੱਜ ਲੜੋਈ ਪਿੰਡ ਦੇ ਲੋਕਾਂ ਨੇ ਸਾਰੀ ਘਟਨਾ ਦੱਸੀ ਕਿ ਜਦੋਂ ਵੇਖਿਆ ਤਾਂ ਬਸ਼ੀਰ ਦੇ ਡੇਰੇ ਨੇੜਲੇ ਖੇਤਾਂ ਵਿਚ 2 ਗਾਵਾਂ ਮਾਰੀਆਂ ਪਈਆਂ ਸਨ ਜਦਕਿ ਇਹ ਗਾਵਾਂ ਬਸ਼ੀਰ ਦੀਆਂ ਸਨ ਤੇ ਉਸ ਨੇ ਗਾਵਾਂ ਨੂੰ ਭੁਖੇ-ਪਿਆਸੇ ਰੱਖ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਜਿਸ ਖੇਤ ’ਚ ਬਸ਼ੀਰ ਵੱਲੋਂ ਬੀਮਾਰ ਗਾਵਾਂ ਨੂੰ ਸੁੱਟਿਆ ਉਸ ਖੇਤ ਵਿਚ ਖੇਤੀ ਕਰਨ ਵਾਲੇ ਕਿਸਾਨ ਵੱਲੋਂ ਕੁਝ ਦਿਨ ਪਹਿਲਾਂ ਬਸ਼ੀਰ ਨੂੰ ਕਿਹਾ ਸੀ ਕਿ ਉਹ ਗਾਵਾਂ ਨੂੰ ਆਪਣੇ ਡੇਰੇ ਵਿਚ ਲਿਜਾ ਕੇ ਉਨ੍ਹਾਂ ਦਾ ਇਲਾਜ ਕਰਵਾਏ ਪਰ ਬਸ਼ੀਰ ਵੱਲੋਂ ਕਈ ਦਿਨਾਂ ਤੋਂ ਪੈ ਰਹੀ ਬਰਸਾਤ ਵਿਚ ਗਾਵਾਂ ਨੂੰ ਜਾਣ-ਬੁਝ ਕੇ ਮਰਨ ਲਈ ਛੱਡ ਦਿੱਤਾ ਗਿਆ।
ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਗਾਵਾਂ ਦੀ ਮੌਤ ਹੋ ਜਾਣ ਤੋਂ ਬਾਅਦ ਆਸ-ਪਾਸ ਬਦਬੂ ਆ ਰਹੀ ਸੀ ਪਰ ਬਸ਼ੀਰ ਗੁੱਜਰ ਦਾ ਕਹਿਣਾ ਸੀ ਕਿ ਇਹ ਗਾਵਾਂ ਪਿਛਲੀ ਰਾਤ ਹੀ ਮਰੀਆਂ ਹਨ। ਇਲਾਕੇ ਦੇ ਲੋਕਾਂ ਵੱਲੋਂ ਇਸ ਸੰਗੀਨ ਮਾਮਲੇ ਸਬੰਧੀ ਭੋਗਪੁਰ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਥਾਣਾ ਭੋਗਪੁਰ ਤੋਂ ਥਾਣੇਦਾਰ ਸੁਲਿੰਦਰ ਸਿੰਘ ਅਤੇ ਐੱਸ. ਐੱਚ. ਓ. ਰਾਜੇਸ਼ ਕੁਮਾਰ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਵੈਟਰਨਰੀ ਡਾਕਟਰ ਨੂੰ ਬੁਲਾਇਆ ਤੇ ਇਸ ਦੀ ਡਾਕਟਰੀ ਰਿਪੋਰਟ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਸੀਰ ਗੁਜਰ ਦਾ ਕਹਿਣਾ ਹੈ ਕਿ ਅਸੀਂ ਇਸ ਦਾ ਡਾਕਟਰੀ ਇਲਾਜ ਕਰਵਾਇਆ ਹੈ ਪਰ ਪਿੰਡ ਵਾਸੀ ਕਹਿੰਦੇ ਹਨ ਕਿ ਇਹ ਸਿਧੇ ਤੌਰ ’ਤੇ ਗਾਵਾਂ ਦੇ ਕਤਲ ਦਾ ਮਾਮਲਾ ਹੈ।
ਕੀ ਕਹਿਣਾ ਹੈ ਥਾਣਾ ਮੁਖੀ ਭੋਗਪੁਰ ਰਾਜੇਸ਼ ਕੁਮਾਰ ਦਾ
ਇਸ ਮਾਮਲੇ ਸਬੰਧੀ ਥਾਣਾ ਮੁਖੀ ਭੋਗਪੁਰ ਰਾਜੇਸ਼ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਵੱਲੋਂ ਇਲਾਕਾ ਐੱਸ. ਡੀ. ਐੱਮ. ਅਤੇ ਵੈਟਰਨਰੀ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਵੈਟਰਨਰੀ ਡਾਕਟਰਾਂ ਦੀ ਟੀਮ ਵੱਲੋਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਮ੍ਰਿਤਕ ਗਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਜਾਂਚ ਜਾਰੀ ਸੀ।
ਪੰਜਾਬ ਦੇ 1902 ਪਿੰਡਾਂ 'ਚ ਪਈ ਹੜ੍ਹਾਂ ਦੀ ਮਾਰ, ਮੌਤਾਂ ਦਾ ਅੰਕੜਾ ਵਧ ਕੇ ਹੋਇਆ 43
NEXT STORY