ਖੰਨਾ(ਸੁਨੀਲ)-ਸ਼ਨੀਵਾਰ ਨੂੰ ਪੰਜਾਬ ਪੁਲਸ ਦੇ ਇਕ ਕਰਮਚਾਰੀ ਦਾ ਇਕ ਚੱਲਦੇ ਟਰੱਕ ਦੇ ਕੰਡਕਟਰ ਤੋਂ ਰਿਸ਼ਵਤ ਵਜੋਂ ਰੁਪਏ ਲੈਣ ਦੀ ਵੀਡੀਓ ਜਿਵੇਂ ਹੀ ਵਾਇਰਲ ਹੋਇਆ, ਉਦੋਂ ਹੀ ਲੋਕਾਂ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪਾ ਦਿੱਤਾ। ਵੀਡੀਓ 'ਚ ਪੁਲਸ ਕਰਮਚਾਰੀ ਆਪਣੀ ਕਾਰ ਟਰੱਕ ਦੇ ਨਾਲ ਲਿਆਉਂਦੇ ਹੋਏ ਸਾਫ ਤੌਰ 'ਤੇ ਹੈਲਪਰ ਤੋਂ ਰਿਸ਼ਵਤ ਵਜੋਂ ਰੁਪਏ ਲੈਂਦਾ ਦਿਖਾਈ ਦੇ ਰਿਹਾ ਹੈ। ਇਹ ਮਾਮਲਾ ਚਾਹੇ ਪੁਲਸ ਦੇ ਉੱਚ ਅਧਿਕਾਰੀਆਂ ਦੇ ਕੋਲ ਪੁੱਜ ਗਿਆ ਹੈ ਪਰ ਹਾਲੇ ਤਕ ਨਾ ਤਾਂ ਪੁਲਸ ਕਰਮਚਾਰੀ ਦਾ ਅਤੇ ਨਾ ਹੀ ਟਰੱਕ ਚਾਲਕ ਦਾ ਕੁਝ ਪਤਾ ਲੱਗਿਆ ਹੈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਵੀਡੀਓ 1 ਮਿੰਟ ਤੇ 3 ਸੈਕੰਡ ਦਾ ਹੈ। ਇਕ ਹੋਰ ਮਿਲੀ ਜਾਣਕਾਰੀ ਦੇ ਅਨੁਸਾਰ ਰੁਪਏ ਲੈਣ ਵਾਲਾ ਪੁਲਸ ਕਰਮਚਾਰੀ ਡਿਊਟੀ ਦੌਰਾਨ ਕਿਸੇ ਨਾਕੇ 'ਤੇ ਤਾਇਨਾਤ ਸੀ ਅਤੇ ਉਸ ਨਾਕੇ ਤੋਂ ਇਹ ਟਰੱਕ ਲੰਘ ਰਿਹਾ ਸੀ, ਜਿਥੇ ਇਕ ਪਾਸੇ ਸ਼ੁੱਕਰਵਾਰ ਨੂੰ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਰਿਸ਼ਵਤ ਨਾ ਲੈਣ ਦੇ ਚਲਦਿਆਂ ਦੋ ਮਹਿਲਾ ਕਾਂਸਟੇਬਲਾਂ ਨੂੰ ਵਿਸ਼ੇਸ਼ ਸਨਮਾਨ ਦਿੰਦੇ ਹੋਏ ਸਨਮਾਨਿਤ ਕੀਤਾ ਸੀ, ਉਥੇ ਹੁਣ ਇਸ ਵਾਇਰਲ ਹੋਏ ਵੀਡੀਓ ਨੇ ਪੁਲਸ ਦੀਆਂ ਪਰੇਸ਼ਾਨੀਆਂ 'ਚ ਇਜ਼ਾਫਾ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਵਾਇਰਲ ਹੋਏ ਵੀਡੀਓ 'ਚ ਕਥਿਤ ਪੁਲਸ ਕਰਮਚਾਰੀ ਦੀ ਕਾਫੀ ਹੱਦ ਤਕ ਪਛਾਣ ਕਰ ਲਈ ਗਈ ਹੈ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਇਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਵੀ ਕੀਤਾ ਗਿਆ ਹੈ ਪਰ ਪੁਲਸ ਅਧਿਕਾਰੀ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਜਦੋਂ ਇਸ ਸਬੰਧੀ ਡੀ. ਐੱਸ. ਪੀ. ਰਛਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਵਾਇਰਲ ਹੋਇਆ ਵੀਡੀਓ ਆ ਗਿਆ ਹੈ। ਪੁਲਸ ਵਰਦੀ 'ਚ ਜੋ ਵਿਅਕਤੀ ਕਾਰ ਚਲਾ ਰਿਹਾ ਹੈ, ਦਾ ਚਿਹਰਾ ਸਾਫ ਨਜ਼ਰ ਨਹੀਂ ਆ ਰਿਹਾ ਪਰ ਪੁਲਸ ਵਲੋਂ ਜਾਂਚ ਜਾਰੀ ਹੈ ਅਤੇ ਦੂਜੇ ਪਾਸੇ ਵੀਡੀਓ ਵਾਇਰਲ ਕਰਨ ਵਾਲੇ ਟਰੱਕ ਚਾਲਕ ਦੀ ਵੀ ਭਾਲ ਕੀਤੀ ਜਾ ਰਹੀ ਹੈ। ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਯਕੀਨੀ ਹੈ।
ਚੂਰਾ-ਪੋਸਤ ਸਣੇ ਵਿਅਕਤੀ ਕਾਬੂ
NEXT STORY