ਜਲਾਲਾਬਾਦ(ਟੀਨੂੰ)-ਬੀਤੀ ਰਾਤ 9 ਵਜੇ ਦੇ ਕਰੀਬ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਸਥਿਤ ਗੋਬਿੰਦ ਨਗਰੀ ਵਿਖੇ ਇਕ ਘਰ 'ਚ ਦਾਖਲ ਹੋ ਕੇ ਵਿਅਕਤੀ ਵੱਲੋਂ ਕਾਤਲਾਨਾ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਮਲੇ 'ਚ ਇਕ ਵਿਅਕਤੀ ਜ਼ਖਮੀ ਹੋਇਆ ਹੈ, ਜਿਸ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਜੋਗਾ ਸਿੰਘ ਪੁੱਤਰ ਆਸਾ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਦਾ ਇਕ ਵਿਅਕਤੀ ਸਾਡੇ ਨਾਲ ਰੰਜਿਸ਼ ਰੱਖਦਾ ਹੈ ਅਤੇ ਉਸ ਨੇ ਇਸ ਤੋਂ ਪਹਿਲਾਂ ਵੀ ਸਾਡੇ 'ਤੇ ਕਈ ਹਮਲੇ ਕੀਤੇ ਹਨ। ਜੋਗਾ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਉਹ ਕਿਸੇ ਕੰਮ ਲਈ ਪੂਰੇ ਪਰਿਵਾਰ ਨਾਲ ਬਾਘਾ ਪੁਰਾਣੇ ਗਿਆ ਹੋਇਆ ਸੀ ਅਤੇ ਪਿੱਛੇ ਘਰ ਆਪਣੀ ਸਾਲੀ ਅਤੇ ਸਾਂਢੂ ਨੂੰ ਛੱਡ ਗਿਆ ਸੀ। ਇਸ ਦੌਰਾਨ ਰਾਤ ਨੂੰ 9 ਵਜੇ ਦੇ ਕਰੀਬ ਸਾਡੇ ਨਾਲ ਰੰਜਿਸ਼ ਰੱਖਣ ਵਾਲੇ ਵਿਅਕਤੀ ਨੇ ਘਰ ਦੇ ਅੰਦਰ ਦਾ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਗੇਟ ਨਾ ਖੁੱਲ੍ਹਿਆ ਤਾਂ ਉਹ ਗੇਟ ਦਾ ਨਾਲ ਲੱਗੀ ਬਾਰੀ 'ਚ ਲੱਗੇ ਸ਼ੀਸ਼ੇ ਨੂੰ ਤੋੜ ਕੇ ਘਰ 'ਚ ਦਾਖਲ ਹੋ ਗਿਆ ਅਤੇ ਉਸ ਨੇ ਅੰਦਰ ਮੌਜੂਦ ਮੇਰੀ ਸਾਲੀ ਅਤੇ ਸਾਂਢੂ ਨਾਲ ਮਾਰਨ ਦੀ ਨੀਅਤ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਗੁਆਂਢ 'ਚ ਰਹਿੰਦੇ ਵਿਅਕਤੀਆਂ ਨੇ ਇਸ ਸਬੰਧੀ ਸੂਚਨਾ ਸ਼ਹਿਰ ਵਿਚ ਰਹਿੰਦੇ ਰਿਸ਼ਤੇਦਾਰਾਂ ਨੂੰ ਦਿੱਤੀ ਅਤੇ ਮੇਰੇ ਰਿਸ਼ਤੇਦਾਰ ਤੁਰੰਤ ਘਰ ਪੁੱਜ ਗਏ ਪਰ ਉਕਤ ਹਮਲਾਵਰ ਪਹਿਲਾਂ ਹੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ। ਉਸ ਨੇ ਦੱਸਿਆ ਕਿ ਉਕਤ ਹਮਲਾਵਰ ਵੱਲੋਂ ਗੇਟ ਦੇ ਨਾਲ ਲੱਗੀ ਬਾਰੀ ਦਾ ਸ਼ੀਸ਼ਾ ਤੋੜਣ ਸਮੇਂ ਉਸ ਦੀ ਬਾਂਹ 'ਤੇ ਸ਼ੀਸ਼ਾ ਵੱਜ ਗਿਆ, ਜਿਸ ਕਰਕੇ ਘਰ ਦੇ ਅੰਦਰ ਅਤੇ ਬਾਹਰ ਖੂਨ-ਖੂਨ ਹੋ ਗਿਆ। ਉਸ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਸੂਚਨਾ ਸਥਾਨਕ ਥਾਣਾ ਸਿਟੀ ਦੀ ਪੁਲਸ ਨੂੰ ਦੇ ਦਿੱਤੀ ਗਈ ਅਤੇ ਪੁਲਸ ਨੇ ਮੌਕੇ 'ਤੇ ਪੁੱਜ ਕੇ ਸਾਰੀ ਘਟਨਾ ਸਬੰਧੀ ਜਾਣਕਾਰੀ ਹਾਸਲ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜ਼ਿਲੇ 'ਚ ਡਾਕਟਰਾਂ ਦੇ 97 ਅਹੁਦਿਆ 'ਚੋਂ 48 ਖਾਲੀ
NEXT STORY